ਅਸ਼ੋਕ ਵਰਮਾ
ਨਵੀਂ ਦਿੱਲੀ, 31 ਮਾਰਚ 2021 - ਦਿੱਲੀ ਦੇ ਟਿਕਰੀ ਬਾਰਡਰ 'ਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਕਿਸਾਨ ਆਗੂਆਂ ਨੇ ਜਿੱਥੇ ਖੇਤੀ ਕਾਨੂੰਨਾਂ ਨੂੰ ਲੈਕੇ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਉੱਥੇ ਕੈਪਟਨ ਸਰਕਾਰ ਦੇ ਰਾਜ ’ਚ ਬੇਰੁਜਗਾਰਾਂ ਦੀ ਕੁੱਟਮਾਰ ਅਤੇ ਨੌਜਵਾਨ ਲੜਕੀਆਂ ਨਾਲ ਪੁਲਿਸ ਵੱਲੋਂ ਵਰਤਾਰੇ ਵਰਤਾਰੇ ਸਮੇਤ ਵਾਅਦਿਆਂ ਨੂੰ ਲੈਕੇ ਤਿੱਖੇ ਸ਼ਬਦੀ ਹਮਲੇ ਕੀਤੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ ਤਾਂ ਕਰਜਾ ਮੁਆਫੀ ਵਰਗੇ ਵਾਅਦਿਆਂ ਤੋਂ ਭੱਜ ਕੇ ਬਖਸ਼ਿਆ ਕੈਪਟਨ ਸਰਕਾਰ ਨੇ ਵੀ ਨਹੀਂ ਹੈ।
ਗ਼ਦਰੀ ਗੁਲਾਬ ਕੌਰ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 125 ਦਿਨਾਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਹੋਰ ਕਿਰਤੀ ਤਬਕਿਆਂ ਦੇ ਲੋਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹਿੱਤ ਚ ਭੁਗਤਣ ਲਈ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਅੰਦੋਲਨ ਨੂੰ ਠਿੱਬੀ ਲਾਉਣ ਲਈ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਕਮੇਟੀ ਰਾਹੀਂ ਕਿਸਾਨਾਂ ਨੂੰ ਨੀਵਾਂ ਦਿਖਾਉਣਾ ਚਾਹੁੰਦੀ ਹੈ ਅਤੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਆਪਣੇ ਕੇਂਦਰੀ ਮੰਤਰੀਆਂ,ਲੋਕ ਸਭਾ ਮੈਂਬਰਾਂ, ਵਿਧਾਇਕਾਂ,ਨੁਮਾਇੰਦਿਆਂ ਆਦਿ ਨੂੰ ਧੱਕੇ ਨਾਲ ਸ਼ਹਿਰਾਂ- ਕਸਬਿਆਂ ਵਿੱਚ ਭੇਜ ਕੇ ਮਾਹੌਲ ਖਰਾਬ ਕਰਕੇ ਅੰਦੋਲਨ ਨੂੰ ਸੱਟ ਮਾਰਨਾ ਚਾਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਮਝਦੇ ਰਹੇ ਹੋਏ ਸ਼ਾਂਤਮਈ ਤਰੀਕੇ ਨਾਲ ਵਿਰੋਧ ਜਾਰੀ ਰੱਖਣ ।
ਮੋਠੂ ਸਿੰਘ ਕੋਟੜਾ ਨੇ ਕਿਹਾ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਲੜੇ ਜਾ ਰਹੇ ਅੰਦੋਲਨ ਨੂੰ ਢਾਹ ਲਾਉਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਪੱਬਾਂ ਭਾਰ ਹਨ। ਪਟਿਆਲੇ (ਪੰਜਾਬ) ਵਿੱਚ ਹੱਕ ਮੰਗ ਰਹੇ ਅਧਿਆਪਕਾਂ ਨੂੰ ਕੈਪਟਨ ਹਕੂਮਤ ਨੇ ਡਾਂਗਾਂ ਨਾਲ ਕੁੱਟ ਕੇ ਪੱਗਾਂ ਅਤੇ ਚੁੰਨੀਆਂ ਲਾਹ ਕੇ ਜ਼ਖਮੀਂ ਕੀਤਾ।ਇਸ ਕਾਰਵਾਈ ਦੀ ਜਥੇਬੰਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਕੈਪਟਨ ਅਮਰਿੰਦਰ ਸਿੰਘ ਸੱਤਾ 'ਤੇ ਆਇਆ ਪਰ ਹੁਣ ਰੁਜ਼ਗਾਰ ਮੰਗਦੇ ਸਾਡੇ ਨੌਜਵਾਨ ਮੁੰਡੇ-ਕੁੜੀਆਂ ਨੂੰ ਦਿਨ ਦਿਹਾੜੇ ਪੁਲਿਸ ਤੋਂ ਕੁਟਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਕਰਜ਼ੇ 'ਤੇ ਲੀਕ ਮਰਵਾਉਣ,ਖੁਦਕੁਸ਼ੀ ਪੀੜਤ ਪਰਿਵਾਰਾ ਨੂੰ ਯੋਗ ਮੁਆਵਜ਼ਾ ਦਿਵਾਉਣ,ਹਰ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿਵਾਉਣ,ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਅਤੇ ਰੁਜ਼ਗਾਰ ਨਾ ਮਿਲਣ ਤਕ 5000 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿਵਾਉਣ ਸਮੇਤ ਹੋਰ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ ।
ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਕਿਸਾਨਾਂ ਵਾਂਗ ਸਨਅਤੀ ਮਜ਼ਦੂਰ ਵੀ ਵਿਦੇਸ਼ੀ ਕਾਰਪੋਰੇਟ ਅਤੇ ਸਾਮਰਾਜੀ ਕਾਰਪੋਰੇਟ ਕੰਪਨੀਆਂ ਦੇ ਹੱਲੇ ਹੇਠ ਹਨ ਜਿਨ੍ਹਾਂ ਨੂੰ 8 ਘੰਟੇ ਤੋਂ ਵਧਾ ਕੇ 12 ਘੰਟੇ ਕੰਮ ਕਰਨ ਅਤੇ ਕਿਰਤੀ ਲੋਕ ਆਪਣੇ ਹੱਕਾਂ ਲਈ ਕੋਈ ਧਰਨਾ ਮੁਜ਼ਾਹਰਾ ਵੀ ਨਾ ਕਰਨ ਦਾ ਕਾਨੂੰਨ ਬਣਾ ਕੇ ਮਜ਼ਦੂਰਾਂ ਵੱਲੋਂ ਖ਼ੂਨ ਡੋਲ੍ਹ ਕੇ ਬਣਾਇਆ ਸੰਵਿਧਾਨਕ ਹੱਕ ਵੀ ਖੋਹ ਲਿਆ ਹੈ ।ਇਹ ਕਰੋਨਾ ਮਹਾਵਾਰੀ ਸਰਕਾਰ ਦਾ ਕਮਾਊ ਪੁੱਤ ਹੋ ਨਿਬੜੀ ਹੈ। ਸਰਕਾਰ ਵੱਲੋਂ ਲੇਬਰ ਕੋਡ ਪਾਸ ਕਰਕੇ ਕਿਰਤੀ ਲੋਕਾਂ ਤੇ ਧਾਵਾ ਬੋਲਿਆ ਜਾ ਰਿਹਾ ਹੈ।
ਸਟੇਜ ਤੋਂ ਅੱਜ ਜਸਵੰਤ ਸਿੰਘ ਤੋਲੇਵਾਲ ਬਲਾਕ ਪ੍ਰਧਾਨ ਸੁਨਾਮ, ਪ੍ਰੋਫ਼ੈਸਰ ਦਲਬੀਰ ਸਿੰਘ ਰੋਡੂ ਜ਼ਿਲ੍ਹਾ ਜੀਂਦ ਹਰਿਆਣਾ ਤੋਂ, ਅੰਮ੍ਰਿਤਾ ਕੁੰਗੂ ਪਾਇ ਜ਼ਿਲ੍ਹਾ ਕੈਂਥਲ ਹਰਿਆਣਾ ਤੋਂ, ਰੂਪ ਸਿੰਘ ਧੌਲਾ ਸੀਨੀਅਰ ਮੀਤ ਪ੍ਰਧਾਨ ਬਰਨਾਲਾ, ਦੇਸਾ ਸਿੰਘ ਪਟਿਆਲਾ,ਡਾਕਟਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਬਠਿੰਡਾ, ਅੰਮ੍ਰਿਤਪਾਲ ਸਿੰਘ ਜਖੇਪਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਗਸੀਰ ਸਿੰਘ ਭੋਲਾ ਬਲਾਕ ਆਗੂ ਜਲਾਲਾਬਾਦ (ਫਾਜ਼ਿਲਕਾ), ਹਰਜਿੰਦਰ ਸਿੰਘ ਸ਼ਾਹਪੁਰ ਬਲਾਕ ਆਗੂ ਅਰਨੀਵਾਲਾ (ਫਾਜ਼ਿਲਕਾ), ਸ਼ਾਇਰ ਸਾਤੀ ਸਿੱਧੂ ਜ਼ਿਲ੍ਹਾ ਮਾਨਸਾ, ਬਿੱਟੂ ਮੱਲਣ (ਮੁਕਤਸਰ), ਅਮਰੀਕ ਸਿੰਘ ਸਿਵੀਆ (ਬਠਿੰਡਾ), ਜਗਜੀਤ ਸਿੰਘ ਕੋਕਰੀ ਕਲਾਂ (ਮੋਗਾ),ਗੁਰਦੇਵ ਸਿੰਘ ਕਿਸ਼ਨਪੁਰਾ ਬਲਾਕ ਪ੍ਰਧਾਨ ਧਰਮਕੋਟ (ਮੋਗਾ),ਜਸਵੀਰ ਸਿੰਘ ਗੱਗੜਪੁਰ ਬਲਾਕ ਆਗੂ ਭਵਾਨੀਗੜ੍ਹ (ਸੰਗਰੂਰ), ਜੋਗਿੰਦਰ ਸਿੰਘ ਦਿਆਲਪੁਰਾ (ਮਾਨਸਾ), ਮਨਜੀਤ ਸਿੰਘ ਘਰਾਚੋਂ (ਸੰਗਰੂਰ) ਨੇ ਸੰਬੋਧਨ ਕੀਤਾ।