ਅਸ਼ੋਕ ਵਰਮਾ
ਨਵੀਂ ਦਿੱਲੀ, 16 ਦਸੰਬਰ 2020 - ਹਕੂਮਤੀ ਨੀਤੀਆਂ ਕਾਰਨ ਗਹਿਰੇ ਹੋਏ ਖੇਤੀ ਸੰਕਟ ਦੀ ਬਦੌਲਤ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਹਜ਼ਾਰਾਂ ਵਿਧਵਾਵਾਂ, ਮਾਵਾਂ ਤੇ ਬੱਚਿਆਂ ਨੇ ਵਿੱਛੜ ਗਏ ਆਪਣੇ ਪਤੀਆਂ, ਪੁੱਤਰਾਂ ਤੇ ਮਾਪਿਆਂ ਦੀਆਂ ਤਸਵੀਰਾਂ ਹੱਥਾਂ ਚ ਲੈਕੇ ਦਿੱਲੀ ਦੇ ਟਿੱਕਰੀ ਬਾਰਡਰ ਤੇ ਵਸਾਏ ਬਾਬਾ ਬੰਦਾ ਸਿੰਘ ਬਹਾਦਰ ਨਗਰ ਵਿਖੇ ਪਹੁੰਚ ਕੇ ਕਿਸਾਨਾਂ ਮਜ਼ਦੂਰਾਂ ਦੀ ਹਿਰਦੇਵੇਦਕ ਹਾਲਤ ਨੂੰ ਬਿਆਨ ਕੀਤਾ ਗਿਆ।
ਬੀਕੇਯੂ ਏਕਤਾ ਉਗਰਾਹਾਂ ਵੱਲੋਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲਾਏ ਮੋਰਚੇ ਦੇ 18 ਵੇ ਦਿਨ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਵਿਸ਼ਾਲ ਆਮਦ ਨੇ ਹਰ ਜਾਗਦੀ ਨੂੰ ਨਮ ਕਰ ਦਿੱਤਾ। ਜ਼ਿਲਾ ਮਾਨਸਾ ਦੇ ਪਿੰਡ ਦੀ ਬਲਦੇਵ ਕੌਰ ਨੇ ਕਰਜ਼ੇ ਤੇ ਗ਼ਰੀਬੀ ਕਾਰਨ ਖੁਦਕੁਸ਼ੀ ਕਰ ਗਏ ਆਪਣੇ ਪਤੀ ਤੇ ਪੁੱਤਰ ਦੀਆਂ ਤਸਵੀਰਾਂ ਹੱਥਾਂ ਚ ਫੜਕੇ ਜਦੋਂ ਸਟੇਜ ਤੋਂ ਆਪਣੇ ਤੇ ਸਮੂਹ ਪੀੜਤ ਪਰਿਵਾਰਾਂ ਦੇ ਦਰਦ ਨੂੰ "ਖ਼ੁਦਕੁਸ਼ੀਆਂ ਦੇ ਰਾਹੇ ਤੁਰਗੇ ਪਿਓ ਤੇ ਪੁੱਤ ਕੁੜੇ " ਗੀਤ ਰਾਹੀਂ ਬਿਆਨ ਕੀਤਾ ਤਾਂ ਸਮੁੱਚੇ ਪੰਡਾਲ ਚ ਗਹਿਰੀ ਖਾਮੋਸ਼ੀ ਛਾਅ ਗਈ।
ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਭਾਵੁਕ ਲਹਿਜ਼ੇ ਵਿੱਚ ਆਖਿਆ ਕਿ ਇਹ ਸਾਥੋਂ ਖੋਹੇ ਗਏ ਆਪਣੇ ਲਾਡਲਿਆਂ ਦੀਆਂ ਫੋਟੋਆਂ ਨਹੀਂ ਅਸੀਂ ਉਹਨਾਂ ਦੀਆਂ ਲਾਸ਼ਾਂ ਚੁੱਕੀਂ ਫਿਰਦੇ ਹਾਂ। ਉਹਨਾਂ ਆਖਿਆ ਕਿ ਖੁਦਕੁਸ਼ੀਆਂ ਨਹੀਂ ਬਲਕਿ ਹਕੂਮਤੀ ਨੀਤੀਆਂ ਦੁਆਰਾ ਰਚਾਇਆ ਗਿਆ ਕਤਲੇਆਮ ਹੈ ਅਤੇ ਮੋਦੀ ਹਕੂਮਤ ਵੱਲੋਂ ਲਿਆਂਦੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦਾ ਵਰਤਾਰਾ ਹੋਰ ਤੇਜ਼ ਹੋਵੇਗਾ।
ਇਸ ਲਈ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣਾ ਆਪਣੀਆਂ ਪੀਹੜੀਆਂ ਦੇ ਜਿਉਣ ਦਾ ਹੱਕ ਲੈਣ ਬਰੋਬਰ ਹੈ।ਇਸ ਮੌਕੇ ਉੱਘੀ ਸਮਾਜਿਕ ਕਾਰਕੁੰਨ ਡਾਕਟਰ ਨਵਸ਼ਰਨ, ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ ਤੇ ਗੁਰਪ੍ਰੀਤ ਕੌਰ ਬਰਿਆਸ ਨੇ ਸੰਬੋਧਨ ਕੀਤਾ ਅਤੇ ਲੋਕ ਮੰਚ ਮਾਨਸਾ (ਮਰਹੂਮ ਨਾਟਕਕਾਰ ਪ੍ਰੈਫੈਸਰ ਅਜਮੇਰ ਸਿੰਘ ਔਲਖ) ਦੀ ਟੀਮ ਵੱਲੋਂ ਨਾਟਕ " ਐਂ ਕਿਵੇਂ ਖੋਹ ਲੈਣਗੇ ਜ਼ਮੀਨਾਂ " ਪੇਸ਼ ਕੀਤਾ ਗਿਆ।