ਅਸ਼ੋਕ ਵਰਮਾ
ਨਵੀਂ ਦਿੱਲੀ, 19 ਦਸੰਬਰ 2020 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਕਿਸਾਨਾਂ ਲਈ ਖੇਤੀ ਕਾਨੂੰਨ ਮੌਤ ਵਰਗੇ ਹਨ ਪਰ ਉਹਨਾਂ ਨੂੰ ਪ੍ਰਧਾਨ ਮੰਤਰੀ ਅੰਮਿ੍ਰਤ ਵਰਗੇ ਦੱਸ ਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਸੰਘਰਸ਼ ਕਮੇਟੀ ਨੇ ਮਹਿਸੂਸ ਕੀਤਾ ਹੈ ਕਿ ਪੂੰਜੀਪਤੀਆਂ ਨੇ ਪੂਰੇ ਸੰਸਾਰ ਵਿੱਚ ਲੁੱਟ ਕੀਤੀ ਤੇ ਮੁਨਾਫੇ ਕਮਾਏ ਹਨ ਅਤੇ ਇਹੋ ਲੁੱਟ ਮੁਲਕ ਦੇ ਕਿਸਾਨਾਂ ਮਜਦੂਰਾਂ ਦੀ ਕੀਤੀ ਜਾਏਗੀ ਜਿਸ ਕਰਕੇ ਹੁਣ ਇਹਨਾਂ ਕਾਨੂੰਨਾਂ ਖਿਲਾਫ ਮੋਰਚਾ ਚੱਲ ਰਿਹਾ ਹੈ। ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਲਈ ਲਾਹੇਵੰਦ ਕਰਾਰੇ ਜਾ ਰਹੇ ਖੇਤੀ ਕਾਨੂੰਨ ਅਤੇ ਇਹਨਾਂ ਦੇ ਹੱਕ ’ਚ ਕੀਤਾ ਜਾ ਰਿਹਾ ਪ੍ਰਚਾਰ ਪੂਰੀ ਤਰਾਂ ਗੁੰਮਰਾਹਕੁੰਨ ਹੈ।
ਉਹਨਾਂ ਆਖਿਆ ਕਿ ਖੇਤੀ ਕਾਨੂੰਨ, ਖੇਤੀ ਸੈਕਟਰ ਨੂੰ ਪੂਰੀ ਤਰਾਂ ਪੂੰਜੀਪਤੀਆਂ ਦੇ ਹਵਾਲੇ ਕਰਨ ਲਈ ਲਿਆਂਦੇ ਗਏ ਹਨ ਅਤੇ ਜਰੂਰੀ ਵਸਤਾਂ ਕਾਨੂੰਨ 2020 ਨਾਲ ਕਿਸਾਨਾਂ ਦੀ ਉਪਜ ਘੱਟ ਕੀਮਤ ਉਤੇ ਖਰੀਦਣ ਉਪਰੰਤ ਮਨਮਰਜੀ ਨਾਲ ਭੰਡਾਰ ਤੇ ਖੇਤੀ ਵਸਤੂਆਂ ਦੀ ਥੁੜ ਪੈਦਾ ਕਰਕੇ ਕਾਰਪੋਰੇਟ ਘਰਾਣੇ ਆਮ ਲੋਕਾਂ ਨੂੰ ਲੋਕਾਂ ਨੂੰ ਵੱਧ ਕੀਮਤਾਂ ’ਤੇ ਵੇਚਣਗੇ। ਉਹਨਾਂ ਆਖਿਆ ਕਿ ਕਿਸਾਨ ਉਤਪਾਦਨ ਵਣਜ ਅਤੇ ਵਪਾਰ ਕਾਨੂੰਨ 2020 ਰਾਜਾਂ ਦੇ ਸਾਰੇ ਕਾਨੂੰਨਾਂ ਦੀ ਤਾਕਤ ਦਾ ਖਾਤਮਾ ਅਤੇ ਪੂੰਜੀਪਤੀਆਂ ਲਈ ਨਿੱਜੀ ਮੰਡੀ ਦਾ ਰਾਹ ਪੱਧਰਾ ਕਰਦਾ ਹੈ। ਉਹਨਾਂ ਆਖਿਆ ਕਿ ਕਿਸਾਨਾਂ ਲਈ ਕੀਮਤ ਐਸ਼ੋਰੈਂਸ ਅਤੇ ਖੇਤੀ ਸੇਵਾਵਾਂ ਕਾਨੂੰਨ 2020 ਤਹਿਤ ਪੂੰਜੀਪਤੀ, ਕਿਸਾਨਾਂ ਨਾਲ ਸਮਝੌਤਾ 2 ਤੋਂ 5 ਸਾਲ ਤੱਕ ਅਤੇ ਦੋਵਾਂ ਦੀ ਸਹਿਮਤੀ ਨਾਲ 50 ਸਾਲ ਤੱਕ ਵੀ ਹੋ ਸਕਦਾ ਹੈ।
ਉਹਨਾਂ ਕਿਹਾ ਕਿ ਜਿਹੜੀ ਕਾਰਪੋਰੇਟ ਕੰਪਨੀ ਨਾਲ ਸਮਝੌਤਾ ਹੋਵੇਗਾ ਉਹ ਕਿਸਾਨ ਨੂੰ ਖਾਦ, ਖੇਤੀ ਜਹਿਰ, ਖੇਤੀ ਮਸ਼ੀਨਰੀ, ਖੇਤੀ ਸਲਾਹ ਅਤੇ ਰੁਪਏ ਵੀ ਦੇਵੇਗੀ। ਉਹਨਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜਈ ਹੈ ਅਤੇ ਕੰਪਨੀ ਦੇ ਮੱਕੜ-ਜਾਲ ’ਚ ਫਸ ਕੇ ਆਖਰ ਜਮੀਨ ਵੇਚਣ ਲਈ ਮਜਬੂਰ ਹੋਵੇਗਾ। ਕਿਸਾਨ ਆਗੂਆਂ ਨੇ ਇਸ ਮੌਕੇ ਇਹਨਾਂ ਕਾਨੂੰਨਾਂ ਨਾਲ ਕੀਮਤਾਂ ਆਦਿ ਨਾਲ ਜੁੜੇ ਖਤਰਨਾਕ ਅਤੇ ਕਿਸਾਨ ਮੁੱਦਿਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕੇਂਦਰ ਸਰਕਾਰ ਦੀਆਂ ਕਥਿਤ ਬਦਨੀਤੀਆਂ ਬਾਰੇ ਖੁਲਾਸਾ ਕੀਤਾ। ਉਹਨਾਂ ਆਖਿਆ ਕਿ ਸਭ ਤੋਂ ਖਤਰੇ ਵਾਲੀ ਮਦ ਦਰਜ ਹੈ ਕਿ ਭਾਅ ਪ੍ਰਵਰਤਨ ਦੇ ਅਧੀਨ ਹਨ ਇਸ ਲਈ ਕੌਮੀ ਜਾਂ ਕੌਮਾਂਤਰੀ ਮੰਡੀ ਵਿੱਚ ਕੀਮਤਾਂ ਡਿੱਗਣ ਦੀ ਸੂਰਤ ਵਪਾਰੀ ਇਸੇ ਨੁਕਤੇ ਦਾ ਲਾਹਾ ਲੈਂਦਿਆਂ ਵਪਾਰੀ ਮਰਜੀ ਦਾ ਭਾਅ ਦੇਣਗੇ।
ਉਹਨਾਂ ਦੱਸਿਆ ਕਿ ਜੇਕਰ ਕਿਸਾਨ ਸਬੰਧਤ ਅਥਾਰਟੀ ਕੋਲ ਅਪੀਲ ਕਰਨਗੇ ਤਾਂ ਇਸੇ ਖਤਰਨਾਕ ਨੁਕਤਿਆਂ ਕਾਰਨ ਹੀ ਕੇਸ ਹਾਰ ਜਾਣਗੇ। ਉਹਨਾਂ ਚਿੰਤਾ ਜਤਾਈ ਕਿ ਜੇਕਰ ਪ੍ਰਧਾਨ ਮੰਤਰੀ ਕਿਸਾਨਾਂ ਦੀ ਲੁੱਟ ਨੂੰ ਆਪਣੀ ਪ੍ਰਾਪਤੀ ਅਤੇ ਪੂੰਜੀਪਤੀਆਂ ਦੀ ਮਜਬੂਤੀ ਨੂੰ ਦੇਸ਼ ਲਈ ਵੱਡੀਆਂ ਪ੍ਰਾਪਤੀਆਂ ਦੱਸਦੇ ਹਨ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਹਨਾਂ ਨੇ ਅੰਨਦਾਤੇ ਨੂੰ ਉਜਾੜਨ ਦਾ ਮਨ ਬਣਾਇਆ ਹੋਇਆ ਹੈ। ਉਹਨਾਂ ਆਖਿਆ ਕਿ ਇਹ ਗੱਲ ਹੁਣ ਦੇਸ਼ ਦੇ ਵੱਡੇ ਹਿੱਸੇ ਅਤੇ ਕਿਸਾਨਾਂ ਮਜਦੂਰਾਂ ਨੂੰ ਪਤਾ ਹੈ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਮੁਲਕ ਵਾਸੀਆਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਗੁਰਦਾਸਪੁਰ ਦੇ ਕਿਸਾਨ ਦਾ ਵੱਡਾ ਜੱਥਾ ਦਿੱਲੀ ਕੂਚ ਕਰੇਗਾ ਜਦੋਂਕਿ ਐਤਵਾਰ ਨੂੰ ਦਿੱਲੀ ਮੋਰਚੇ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਐਤਵਾਰ ਨੂੰ ਤਿੰਨ ਵਜੇ ਕੁੰਡਲੀ ਸਿੰਘੂ ਬਾਰਡਰ ਉਤੇ ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਣਗੇ। ਇਸ ਮੌਕੇ ਇੰਦਰਜੀਤ ਸਿੰਘ ਕੱਲੀਵਾਲਾ, ਸਾਹਿਬ ਸਿੰਘ ਬਲਜਿੰਦਰ ਤਲਵੰਡੀ, ਰਣਬੀਰ ਰਾਣਾ, ਸੁਰਿੰਦਰ ਸਿੰਘ, ਅਮਨਦੀਪ ਸਿੰਘ,ਮੇਜਰ ਸਿੰਘ,ਗੁਰਬਖਸ਼ ਸਿੰਘ, ਫੁੰਮਣ ਸਿੰਘ, ਲਖਵਿੰਦਰ ਸਿੰਘ , ਰਣਜੀਤ ਸਿੰਘ, ਹਰਫੂਲ ਸਿੰਘ, ਧਰਮ ਸਿੰਘ, ਨਰਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਖਿਲਾਰਾ ਸਿੰਘ, ਜਸਵੰਤ ਸਿੰਘ, ਗੁਰਨਾਮ ਸਿੰਘ ,ਮੰਗਲ ਸਿੰਘ ਅਤੇ ਗੁਰਦਿਆਲ ਸਿੰਘ ਨੇ ਵੀ ਸੰਬੋਧਨ ਕੀਤਾ।