ਕੁਲਵੰਤ ਸਿੰਘ ਬੱਬੂ
- ਕੇਂਦਰ ਸਰਕਾਰ ਹੁਣ ਕਿਸਾਨਾਂ ਨੂੰ ਖੇਤੀ `ਚ ਸੁਧਾਰ ਦੇ ਸਬਜ਼ਬਾਗ ਦਿਖਾ ਕੇ ਕਿਸਾਨੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ `ਚ ਦੇਣਾ ਚਾਹੁੰਦੀ ਹੈ-ਸੁਖਜੀਤ ਸਿੰਘ, ਢੰਡੇ
ਰਾਜਪੁਰਾ, 19 ਦਸੰਬਰ 2020 - ਹਲਕਾ ਰਾਜਪੁਰਾ ਤੋਂ ਅੱਜ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਸੁਧਾਰ ਕਾਨੂੰਨ ਅਤੇ ਖੇਤੀਬਾੜੀ ਦੇ ਕੀਤੇ ਜਾ ਰਹੇ ਨਿੱਜ਼ੀਕਰਨ ਦੇ ਵਿਰੋਧ `ਚ ਦਿੱਲੀ ਦੇ ਬਾਰਡਰਾਂ `ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ `ਚ ਪੰਜਾਬ ਸੂਬੇ ਦੀਆਂ ਮੁਲਾਜ਼ਮ ਜੱਥੇਬੰਦੀ ਸੀ.ਪੀ.ਐਫ ਕਰਮਚਾਰੀ ਯੂਨੀਅਨ ਦਾ ਵੱਡਾ ਕਾਫਲਾ ਹੱਥਾਂ `ਚ ਝੰਡੇ ਤੇ ਤਖਤੀਆਂ ਫੜ ਕੇ ਕਾਰਾਂ ਰਾਹੀ ਦਿੱਲੀ ਵੱਲ ਰਵਾਨਾ ਹੋਇਆ।
ਇਸ ਮੌਕੇ ਜਾਣਕਾਰੀ ਦਿੰਦਿਆ ਸੀ.ਪੀ.ਐਫ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ, ਜਨਰਲ ਸਕੱਤਰ ਰਣਬੀਰ ਸਿੰਘ ਢੰਡੇ, ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਅਤੇ ਰੈਵੀਨਿਯੂ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2003 ‘ਚ ਸੇਵਾ ਮੁਕਤੀ ਸਮੇਂ ਕਰੋੜਾਂ ਰੁਪਏ ਮਿਲਣ ਦੇ ਸਬਜ਼ਬਾਗ ਦਿੱਖਾ ਕੇ ਕਾਰਮਚਾਰੀਆਂ ਦੀ ਪੈਨਸ਼ਨ ਦਾ ਨਿਜੀਕਰਨ ਕੀਤਾ ਗਿਆ ਅਤੇ ਪੰਜਾਬ ਸੂਬੇ ਅੰਦਰ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦੇ ਲਈ 2004 ਤੋਂ ਬਾਅਦ ਭਰਤੀ ਹੋਣ ਵਾਲਿਆਂ ਵਾਸਤੇ ਪੈਨਸ਼ਨ ਸਕੀਮ ਬੰਦ ਕਰ ਦਿੱਤੀ। ਜਿਸ ਦਾ ਨਤੀਜ਼ਾ ਇਹ ਨਿਕਲਿਆ ਕਿ ਹੁਣ ਮੁਲਾਜ਼ਮਾਂ ਦੀ ਤਨਖਾਹ `ਚੋਂ ਕੱਟੇ ਗਏ ਪੈਸਿਆਂ `ਚੋਂ ਸੇਵਾ ਮੁਕਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਸਿਰਫ ਨਾਂ-ਮਾਤਰ 1 ਤੋਂ 2 ਹਜ਼ਾਰ ਰੁਪਏ ਤੱਕ ਪੈਨਸ਼ਨ ਮਿਲਦੀ ਹੈ। ਇਸ ਤਰਾਂ ਹੀ ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ-ਬਾੜੀ ਦੇ ਨਿੱਜੀਕਰਨ ਸਮੇਂ ਆਮਦਨ ਦੂਗਣੀ ਦੇ ਸੁਫਨੇ ਦਿਖਾ ਰਹੀ ਹੈ। ਉਹ ਚਾਹੁੰਦੇ ਹਨ ਕਿ ਜਿਹੜੀ ਉਨ੍ਹਾਂ ਨਾਲ ਹੋਈ ਹੈ ਉਹ ਦੇਸ਼ ਦੇ ਅੰਨਦਾਤੇ ਨਾਲ ਨਾ ਹੋਵੇ। ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਤੇ ਕਿਸਾਨੀ ਅੰਦੋਲਨ ਦੇ ਸਮਰੱਥਨ ‘ਚ ਅੱਜ ਭਾਰੀ ਗਿਣਤੀ ‘ਚ ਕਰਮਚਾਰੀ ਸਾਥੀਆਂ ਨਾਲ ਦਿੱਲੀ ਜਾ ਰਹੇ ਹਾਂ।
ਅੱਜ ਦਿੱਲੀ ਰੋਸ ਧਰਨੇ `ਚ ਰਵਾਨਾ ਹੋਣ ਤੋਂ ਪਹਿਲਾਂ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਹੱਥਾਂ `ਚ ਤਖਤੀਆਂ ਫੜ ਕੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਤੁਰੰਤ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ ਤੇ ਫਿਰ ਕਾਰਾਂ ਦੇ ਵੱਡੇ ਕਾਫ਼ਲੇ ਨਾਲ ਕੂਚ ਕੀਤਾ ਗਿਆ। ਇਸ ਸਮੇਂ ਰਾਜਵੀਰ ਬਡਰੁੱਖਾਂ ਸੂਬਾ ਮੀਡੀਆ ਇੰਚਾਰਜ, ਤਜਿੰਦਰ ਬਾਗੜੀਆਂ ਸੰਗਰੂਰ ਮੀਤ ਪ੍ਰਧਾਨ, ਗੁਰਮੇਲ ਵਿਰਕ ਜ਼ਿਲ੍ਹਾ ਪਟਿਆਲਾ ਪ੍ਰਧਾਨ, ਜਗਸੀਰ ਸਿੰਘ, ਜੋਗਿੰਦਰਪਾਲ ਸਿੰਘ, ਗੁਰਮੁੱਖ ਸਿੰਘ ਖੈਰਪੁਰੀ ਪ੍ਰਧਾਨ ਪਟਵਾਰ ਯੂਨੀਅਨ ਪਟਿਆਲਾ, ਗੁਰਮੇਲ ਸਿੰਘ, ਹਰਵਿੰਦਰ ਰੋਣੀ, ਗੁਰਜੰਟ ਸਿੰਘ ਪਟਿਆਲਾ, ਸੰਦੀਪ ਕੁਮਾਰ, ਕ੍ਰਿਪਾਲ ਸਿੰਘ, ਸੋਹਨ ਸਿੰਘ, ਸੁਖਵਿੰਦਰ ਸਿੰਘ, ਮੇਜ਼ਰ ਸਿੰਘ, ਤਜਿੰਦਰ ਸਿੰਘ, ਜ਼ਸਵੰਤ ਸਿੰਘ, ਪਰਮਜੀਤ ਸਿੰਘ, ਜਗਸੀਰ ਸਿੰਘ, ਪੀਪਲ ਸਿੰਘ, ਧਰਮਿੰਦਰ ਸਿੰਘ, ਸੰਗਤ ਰਾਮ ਸਮੇਤ ਸੈਕੜਿਆਂ ਦੀ ਗਿੱਣਤੀ `ਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸਾਥੀ ਹਾਜਰ ਸਨ।