ਲੁਧਿਆਣਾ, 11 ਦਸੰਬਰ 2020: ਕਿਸਾਨੀ ਮੋਰਚੇ ਦੇ ਚਲਦਿਆਂ ਲਗਾਤਾਰ ਵਖੋ ਵਖਰੀਆਂ ਸਖਸ਼ੀਅਤਾਂ ਵੱਲੋਂ ਆਪਣੇ ਨੈਸ਼ਨਲ ਐਵਾਰਡ ਸਰਕਾਰ ਨੂੰ ਮੋੜੇ ਜਾ ਰਹੇ ਨੇ ਇਸੇ ਦੇ ਚਲਦਿਆਂ ਲੁਧਿਆਣਾ ਦੇ 24 ਸਾਲਾ ਨੌਜਵਾਨ ਆਗੂ ਗੌਰਵਦੀਪ ਸਿੰਘ ਵੱਲੋਂ ਸਿੰਘੂ ਬਾਰਡਰ ਦੀ ਸਟੇਜ ਤੇ ਅਪਣਾ ਨੈਸ਼ਨਲ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਓਹਨਾਂ ਲੁਧਿਆਣਾ ਦੇ ਡੀ ਸੀ ਦਫਤਰ ਜਾ ਕੇ ਵਧੀਕ ਡਿਪਟੀ ਕਮਿਸ਼ਨਰ ਹੱਥ ਸਰਕਾਰ ਨੂੰ ਵਾਪਸ ਕੀਤਾ।
6 ਸਾਲ ਭਾਰਤੀ ਚੋਣ ਕਮਿਸ਼ਨ ਦੇ ਨਾਲ ਪੰਜਾਬ ਤੇ ਦਿੱਲੀ ਵਿਚ ਵੋਟਰ ਜਾਗਰੂਕਤਾ ਕਰਕੇ ਲੱਖਾਂ ਲੋਕਾਂ ਨੂੰ ਵੋਟ ਦਾ ਮਹੱਤਵ ਸਮਝਾਉਣ ਮਗਰੋਂ ਸਰਕਾਰ ਵੱਲੋਂ 2018 ਚ ਭਾਰਤ ਸਰਕਾਰ ਦਾ ਦਿੱਤਾ ਗਿਆ ਰਾਸ਼ਟਰੀ ਯੁਵਾ ਪੁਰਕਸਕਾਰ (ਨੈਸ਼ਨਲ ਯੂਥ ਐਵਾਰਡ ) ਅੱਜ ਓਹਨਾਂ ਸਰਕਾਰ ਨੂੰ ਵਾਪਸ ਕੀਤਾ।
ਗਲ ਬਾਤ ਕਰਦਿਆਂ ਗੌਰਵ ਨੇ ਦਸਿਆ ਕਿ, "ਲਗਾਤਾਰ 6 ਸਾਲ ਵੋਟਰ ਜਾਗਰੂਕਤਾ ਲਈ ਕੀਤਾ ਕੰਮ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸੀ। ਪਰ ਪਿਛਲੇ ਕੁਛ ਸਾਲਾਂ ਤੋਂ ਇਹ ਸਰਕਾਰ ਆਪਣੇ ਵੋਟਰਾਂ ਲਈ ਕੱਮ ਕਰਨ ਦੀ ਥਾਂ ਆਪਣੇ ਕਾਰਪੋਰੇਟ ਮਿੱਤਰਾਂ ਲਈ ਹੀ ਕੱਮ ਕਰ ਰਹੀ ਹੈ | ਮਨੁੱਖੀ ਅਧਿਕਾਰਾਂ ਤੇ ਲਗਾਤਾਰ ਹਮਲੇ ਹੋ ਰਹੇ ਨੇ ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਚ ਕੋਈ ਕਸਰ ਨਹੀਂ ਚੜਦੀ ਜਾ ਰਹੀ |
ਕਿਸੇ ਵੀ ਲੋਕਤੰਤਰ ਦਾ ਸਭਤੋਂ ਵੱਡਾ ਅੰਗ ਆਪਣੀ ਆਵਾਜ਼ ਚੁੱਕਣ ਦਾ ਹੱਕ ਹੁੰਦਾ ਹੈ, ਪਰ ਪਿਛਲੇ ਇਕ ਸਾਲ ਤੇ ਖਾਸ ਕਰਕੇ ਪਿਛਲੇ ਕੁਛ ਦਿਨਾਂ ਚ ਇਸ ਹੱਕ ਨੂੰ ਖੋਹ ਕੇ ਸ਼ਾਂਤੀ ਪੂਰਨ ਢੰਗ ਨਾਲ ਆਪਣਾ ਵਿਰੋਧ ਜ਼ਾਹਰ ਕਰਨ ਵਾਲਿਆਂ ਤੇ ਸਰਕਾਰੀ ਪੁਲਿਸ ਵੱਲੋਂ ਬੇਸ਼ਰਮੀ ਨਾਲ ਹਮਲੇ ਕੀਤੇ ਜਾ ਰਹੇ ਹਨ | ਆਪਣੇ ਹੀ ਦੇਸ਼ ਦੀ ਰਾਜਧਾਨੀ ਚ ਆਪਣੇ ਹੀ ਦੇਸ਼ ਦੇ ਕਿਸਾਨ ਨੂੰ ਵੜਨ ਤੋਂ ਰੋਕਿਆ ਜਾਣਾ ਬੜਾ ਹੀ ਮੰਦਭਾਗਾ ਹੈ, ਤੁਹਾਡੀ ਸਰਕਾਰ ਆਪਣੇ ਹੀ ਕਿਸਾਨਾਂ ਨਾਲ ਮਤਰੇਆ ਸਲੂਕ ਕਰਕੇ ਓਹਨਾ ਨੂੰ ਦੇਸ਼ ਦਾ ਦੁਸ਼ਮਣ ਦਿਖਾਉਣ ਚ ਲੱਗੀ ਹੈ |
ਮੇਰੀ ਕੀਤੀ ਮੇਹਨਤ ਤੇ ਲੋਕਤੰਤਰ ਨੂੰ ਮਜਬੂਤ ਕਰਨ ਲਈ ਦਿਨ ਰਾਤ ਇੱਕ ਕਰਕੇ ਮੇਰੀ ਤੇ ਮੇਰੇ ਸਾਥੀਆਂ ਦੀ ਮੇਹਨਤ ਅੱਜ ਮੈਨੂੰ ਮਿੱਟੀ ਚ ਰੁਲਦੀ ਦਸਦੀ ਹੈ | ਜਿਹਨੂੰ ਜਾਗਰੂਕ ਕੀਤਾ ਸੀ ਅੱਜ ਉਹ ਆਪਣੇ ਹੱਕਾਂ ਲਈ ਲਾਠੀਆਂ ਖਾ ਰਿਹਾ ਹੈ, ਇਸ ਲਈ ਮੈਂ ਆਪਣਾ ਵਿਰੋਧ ਜ਼ਾਹਰ ਕਰਨ ਲਈ ਤੇ ਆਪਣੇ ਦਸ਼ ਦੇ ਅੰਨੰ ਦਾਤਿਆਂ ਨਾਲ ਖੜਦੇ ਹੋਏ ਆਪਣਾ ਨੈਸ਼ਨਲ ਐਵਾਰਡ ਸਰਕਾਰ ਨੂੰ ਵਾਪਸ ਕਰਦਾ ਹਾਂ |"