ਅਸ਼ੋਕ ਵਰਮਾ
ਬਠਿੰਡਾ,24ਮਾਰਚ2021: ਲੋਕ ਮੋਰਚਾ ਪੰਜਾਬ ਨੇ ਭਾਰਤ ਦੀ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਸ਼ਹੀਦੀ ਦਿਨ ਮੌਕੇ ਅੱਜ ਸ਼ਰਧਾਂਜਲੀ ਸਮਾਗਮ ਕਰਵਾਇਆ ਜਿਸ ਵਿੱਚ ਨੌਜਵਾਨ, ਸਾਹਤਿਕ ਕਾਮਿਆਂ, ਤਰਕਸ਼ੀਲ ਸੋਸਾਇਟੀ ਦੇ ਮੈਂਬਰਾਂ, ਅਧਿਆਪਕਾਂ ਅਤੇ ਥਰਮਲ ਠੇਕਾ ਕਾਮਿਆਂ ਨੇ ਹਿੱਸਾ ਲਿਆ। ਲੋਕ ਮੋਰਚਾ ਪੰਜਾਬ ਦੇ ਸੂਬਾ ਜੱਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ ਵਿਰਾਸਤ ਸਾਮਰਾਜ ਖਿਲਾਫ ਸਮਝੌਤਾ ਰਹਿਤ ਜੰਗ ਦੀ ਵਿਰਾਸਤ ਹੈ ਜਿਸ ’ਚ ਇਨ੍ਹਾਂ ਯੋਧਿਆਂ ਨੇ ਫਾਂਸੀ ਦੇ ਤਖਤੇ ਤੋਂ ‘ਸਾਮਰਾਜਵਾਦ ਮੁਰਦਾਬਾਦ’ ਦਾ ਨਾਅਰਾ ਬੁਲੰਦ ਕੀਤਾ ਜੋ ਅੱਜ ਵੀ ਸਾਰਥਿਕ ਹੈ ਕਿਉਂਕਿ ਸਾਮਰਾਜਵਾਦ ਅੱਜ ਵੀ ਮੁਲਕ ਅੰਦਰ ਲੁੱਟ ਮਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਈਸਟ ਇੰਡੀਆ ਕੰਪਨੀ ਦੀ ਥਾਂ ਹਜਾਰਾਂ ਬਹੁਕੌਮੀ ਕੰਪਨੀਆਂ ਸਾਮਰਾਜ ਦਾ ਚਿਹਰਾ ਬਣੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਭਾਰਤੀ ਹਾਕਮਾਂ ਨੂੰ ਆਪਣੇ ਹਿੱਤਾਂ ਅਨੁਸਾਰ ਨੀਤੀਆਂ ਘੜਨ ਦੇ ਹੁਕਮ ਜਾਰੀ ਕਰਨ ਵਾਲੇ ਅਮਰੀਕਾ ਵਰਗੇ ਮੁਲਕ ਅਤੇ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼,ਵਿਸ਼ਵ ਵਪਾਰ ਸੰਸਥਾ ਵਰਗੀਆਂ ਸੰਸਥਾਵਾਂ ਵੀ ਸਾਮਰਾਜ ਦਾ ਰੂਪ ਹਨ ਅਤੇ ਅੰਬਾਨੀ, ਅਡਾਨੀ ਵਰਗੇ ਜੋਟੀਦਾਰ ਵੀ ਇਸ ਲੁੱਟ ਦੇ ਭਾਈਵਾਲ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵੀ ਸਾਮਰਾਜੀ ਹੁਕਮਾਂ ਦਾ ਨਤੀਜਾ ਹਨ ਜਿਨ੍ਹਾਂ ਨੂੰ ਹਰ ਹੀਲੇ ਲਾਗੂ ਕਰਨ ਲਈ ਸਾਮਰਾਜ ਦੀ ਕੱਟੜ ਭਗਤ ਮੋਦੀ ਹਕੂਮਤ ਬਜ਼ਿੱਦ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਖਰੀ ਦੇਸ਼ ਭਗਤੀ ਦੇਸ਼ ਦੇ ਲੋਕਾਂ ਨਾਲ ਗੱਦਾਰੀ ਕਰਦੀਆਂ ਸਰਕਾਰਾਂ ਦਾ ਇਹ ਦੰਭ ਉਜਾਗਰ ਕਰਨਾ ਅਤੇ ਲੋਕਾਂ ਦੀ ਮੰਦਹਾਲੀ ਲਈ ਜਿੰਮੇਵਾਰ ਸਾਮਰਾਜੀ ਲੁੱਟ ਖ਼ਿਲਾਫ਼ ਡਟਣ ਤੇ ਇਸ ਲੁੱਟ ਖ਼ਿਲਾਫ਼ ਚੱਲਦੇ ਸੰਘਰਸ਼ਾਂ ਦਾ ਅੰਗ ਬਣਨਾ ਹੈ।
ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨਾਂ ਦਾ ਸੰਘਰਸ਼ ਸਾਮਰਾਜੀ ਲੁੱਟ ਖ਼ਿਲਾਫ਼ ਸੰਘਰਸ਼ ਦਾ ਨਮੂਨਾ ਬਣਿਆ ਹੋਇਆ ਹੈ । ਲੋਕ ਮੋਰਚਾ ਆਗੂ ਨੇ ਇਸ ਮੌਕੇ ਸੰਘਰਸ਼ ਦੇ ਪਿੜਾਂ ਅੰਦਰ ਮੋਰਚੇ ਸੰਭਾਲਣ ਅਤੇ ਸਾਮਰਾਜ ਖਿਲਾਫ ਜੰਗ ਨੂੰ ਦੇਸ਼ ਦੇ ਹਰ ਕੋਨੇ ਵਿੱਚ ਲਿਜਾਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਬੱਚਿਆਂ ਨੇ ਕਿਸਾਨੀ ਸੰਘਰਸ ਨੂੰ ਸਮਰਪਿਤ ਕੋਰਿਓਗ੍ਰਾਫੀ ਪੇਸ਼ ਕੀਤੀ ਅਤੇ ਜਸਪਾਲ ਮਾਨਖੇੜਾ ਅਤੇ ਕੀਰਤੀ ਕਿਰਪਾਲ ਵੱਲੋਂ ਨਿਰਦੇਸ਼ਿਤ ਬਾਲ ਨਾਟਕ “ਸਿਕੰਦਰ ਦਾ ਘੋੜਾ“ ਦਾ ਮੰਚਨ ਕੀਤਾ ਗਿਆ। ਇਕੱਤਰ ਲੋਕਾਂ ਨੇ ਸ਼ਹੀਦ ਭਗਤ ਸਿੰਘ ਚੌਂਕ ਤੱਕ ਮਸ਼ਾਲ ਮਾਰਚ ਵੀ ਕੱਢਿਆ।