ਅਸ਼ੋਕ ਵਰਮਾ
ਨਵੀਂ ਦਿੱਲੀ,25 ਮਾਰਚ 2021: ਕੱ26 ਮਾਰਚ ਨੂੰ ਦਿੱਲੀ ਬਾਰਡਰ 'ਤੇ ਚਾਰ ਮਹਿਨੇ ਪੂਰੇ ਹੋਣ ਤੇ ਸੰਯੁਕਤ ਮੋਰਚੇ ਦੇ ਭਾਰਤ ਬੰਦ ਦੇ ਐਲਾਨ ਦਾ ਸੱਦਾ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਦੀ ਟਿਕਰੀ ਬਾਰਡਰ 'ਤੇ ਪਕੌੜਾ ਚੌਕ ਨੇੜੇ ਚਲਦੀ ਸਟੇਜ ਤੋਂ ਦਿੱਤਾ।ਉਹਨਾਂ ਕਿਹਾ ਕਿ ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਜਿਸ ਦੌਰਾਨ ਸਮੁੱਚੀ ਆਵਾਜਾਈ ਬੰਦ ਕੀਤੀ ਜਾਵਾਂਗੀ। ਇਸ ਦਾ ਮੁੱਖ ਸੱਦਾ ਦੁਕਾਨਦਾਰਾਂ ਨੂੰ ਵੀ ਹੈ ਜਿਨ੍ਹਾਂ 'ਤੇ ਵੀ ਇਨ੍ਹਾਂ ਕਾਨੂੰਨਾ ਦੀ ਮਾਰ ਪੈਣੀ ਹੈ ਤੇ ਮੋਦੀ ਸਰਕਾਰ ਨੂੰ ਇਹ ਦੱਸਿਆ ਜਾਵੇਗਾ ਕਿ ਸਮੁੱਚੇ ਭਾਰਤ ਦੇ ਕਿਸਾਨ,ਮਜ਼ਦੂਰ ਅਤੇ ਦੁਕਾਨਦਾਰ ਸਭ ਇੱਕ ਹਨ।
ਉੱਤਰਪ੍ਰਦੇਸ਼ ਦੇ ਬਨਾਰਸ ਤੋਂ ਗਿਆਨ ਪ੍ਰਕਾਸ਼ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸਭ ਕੁੱਝ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਰਹੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਸਾਡਾ ਦੁੱਧ 25 ਰੁਪਏ ਪ੍ਰਤੀ ਲੀਟਰ ਵਿਕਦਾ ਹੈ ਉੱਥੇ ਪਾਣੀ ਜੋ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਹੈ ਉਹ 20 ਰੁਪਏ ਪ੍ਰਤੀ ਲੀਟਰ ਵਿਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਸੀਂ ਆਪਣੀ ਜਿਣਸ ਵੇਚਣੀ ਹੋਵੇ ਤਾਂ ਸਾਡੀ ਫਸਲ ਦਾ ਮੁੱਲ ਵਪਾਰੀ ਤੈਅ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਖਰੀਦਣੀ ਹੋਵੇ ਤਾਂ ਉਸ ਦਾ ਮੁੱਲ ਕੰਪਨੀ ਵੱਲੋਂ ਤੈਅ ਕੀਤਾ ਜਾਂਦਾ ਹੈ ਜਿਸ ਨਾਲ ਸਾਡੀ ਦੂਹਰੀ ਲੁੱਟ ਹੁੰਦੀ ਹੈ।ਅੱਜ ਸਟੇਜ ਦੀ ਕਾਰਵਾਈ ਜਰਨੈਲ ਸਿੰਘ ਬਦਰਾ ਨੇ ਚਲਾਈ ਅਤੇ ਮੋਠੂ ਸਿੰਘ ਕੋਟੜਾ,ਸੁਖਪਾਲ ਸਿੰਘ ਮਾਣਕ,ਰਮਜ਼ਾਨ ਅਲੀ,ਸੰਦੀਪ ਸਿੰਘ ਆਦਿ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ ।