ਅਸ਼ੋਕ ਵਰਮਾ
ਬਠਿੰਡਾ,27ਮਾਰਚ2021:ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਆਖਿਆ ਹੈ ਕਿ ਉਹ ਸਿਹਤ ਠੀਕ ਹੁੰਦਿਆਂ ਹੀ ਟਿਕਰੀ ਬਾਰਡਰ ਪੁੱਜਣਗੇ ਅਤੇ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਕੀਤੀ ਲੜਾਈ ਨੂੰ ਫਤਿਹ ਕਰਕੇ ਹੀ ਘਰਾਂ ਨੂੰ ਪਰਤਿਆ ਜਾਏਗਾ। ਪਿਛਲੇ 4 ਮਹੀਨਿਆਂ ਤੋਂ ਦਿੱਲੀ ਕਿਸਾਨ ਮੋਰਚੇ ਚ ਟਿੱਕਰੀ ਬਾਰਡਰ ਤੇ ਡਟੇ ਰਹੇ ਗੁਰਦੀਪ ਸਿੰਘ ਨੂੰ ਪੇਟ ਚ ਤਕਲੀਫ ਹੋਣ ਕਾਰਨ ਹੰਗਾਮੀ ਹਾਲਾਤਾਂ ਦੌਰਾਨ ਆਦੇਸ਼ ਹਸਪਤਾਲ ਬਠਿੰਡਾ ‘ਚ ਦਾਖਲ ਕਰਵਾਇਆ ਗਿਆ ਸੀ। ਗੁਰਦੀਪ ਸਿੰਘ ਨੂੰ ਸਿਹਤਯਾਬ ਕਰਨ ਲਈ ਡਾਕਟਰਾਂ ਨੇ ਪੇਟ ਦਾ ਆਪਰੇਸ਼ਨ ਕੀਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਚ ਦਿਨ- ਬ- ਦਿਨ ਸੁਧਾਰ ਹੋ ਰਿਹਾ ਹੈ। ਮਹੱਤਵਪੂਰਨ ਤੱਥ ਹੈ ਕਿ ਬਿਮਾਰ ਹੋਣ ਦੇ ਬਾਵਜੂਦ ਕਿਸਾਨ ਆਗੂ ਦਾ ਹੌਂਸਲਾ ਬੁਲੰਦ ਹੈ ਜਿਸ ਨੇ ਬਿਮਾਰੀ ਨੂੰ ਪਛਾੜਨ ’ਚ ਅਹਿਮ ਭੂਮਿਕਾ ਨਿਭਾਈ ਹੈ।
ਜਾਣਕਾਰੀ ਅਨੁਸਾਰ ਅਜੇ ਉਹ ਪਾਣੀ ਅਤੇ ਗੁਲੂਕੋਜ ਤੇ ਹੀ ਚੱਲ ਰਹੇ ਹਨ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਮ ਦੀ ਤਰਾਂ ਖਾਣ ਪੀਣ ਦੀ ਇਜਾਜਤ ਨਹੀਂ ਦਿੱਤੀ ਜਿਸ ’ਚ ਕੁੱਝ ਸਮਾਂ ਲੱਗ ਸਕਦਾ ਹੈ। ਡਾਕਟਰਾਂ ਦੀ ਸਲਾਹ ਅਨੁਸਾਰ ਉਹਨਾਂ ਦੇ ਬੇਟੇ ਗੁਰਵਿੰਦਰ ਸਿੰਘ ਅਤੇ ਭਰਾ ਜਗਦੀਸ਼ ਸਿੰਘ ਰਾਮਪੁਰਾ ਕੁੱਝ ਸਰਲ ਕਸਰਤਾਂ ਕਰਵਾਕੇ ਮਰੀਜ ਨੂੰ ਜਲਦੀ ਸਿਹਤਯਾਬ ਹੋਣ ਵਿੱਚ ਮਦਦ ਕਰ ਰਹੇ ਹਨ। ਉਹਨਾਂ ਦੱਸਿਆ ਕਿ ਫਿਲਹਾਲ ਡਾਕਟਰਾਂ ਨੇ ਮਰੀਜ ਨੂੰ ਬੋਲਣ ਤੋਂ ਮਨ੍ਹਾਂ ਕੀਤਾ ਹੈ। ਉਨ੍ਹਾਂ ਦੇ ਭਰਾ ਨੇ ਦੱਸਿਆ ਕਿ ਹਸਪਤਾਲ ’ਚ ਹੋਣ ਦੇ ਬਾਵਜੂਦ ਆਪਣੀ ਸਿਹਤ ਨਾਲੋਂ ਵੱਧ ਗੁਰਦੀਪ ਸਿੰਘ ਨੂੰ ਕਿਸਾਨਾਂ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ। ਕਿਸਾਨ ਆਗੂ ਦੀ ਸੋਚ ਹੈ ਕਿ ਬਿਮਾਰੀਆਂ ਨਾਲੋ ਂ ਮੋਦੀ ਹਕੂਮਤ ਵੱਲੋਂ ਬੋਲਿਆ ਹੱਲਾ ਕਿਤੇ ਵੱਡਾ ਹੈ ਜਿਸ ਖਿਲਾਫ ਡਟਣਾ ਵਕਤ ਦੀ ਮੰਗ ਹੈ।
ਹਸਪਤਾਲ ’ਚ ਗੁਰਦੀਪ ਸਿੰਘ ਦਾ ਹਾਲ ਚਾਲ ਜਾਣ ਕੇ ਆਏ ਇਨਕਲਾਬੀ ਕੇਂਦਰ,ਪੰਜਾਬ ਦੇ ਪਰਧਾਨ ਸਾਥੀ ਨਰਾਇਣ ਦੱਤ ਨੇ ਦੱਸਿਆ ਕਿ ਡਾਕਟਰਾਂ ਨੇ ਹਾਲੇ ਬੋਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਤਾਂ ਉਹਨਾਂ ਲਿਖਤ ਕੇ ਆਖਿਆ ਹੈ ਕਿ ਮੁਸੀਬਤਾਂ ਅਤੇ ਅੜਚਨਾਂ ਜਿੰਦਗੀ ਦਾ ਅਟੁੱਟ ਹਿੱਸਾ ਹਨ ਜਿਸ ਤੋਂ ਉਹ ਪਹਿਲਾਂ ਵੀ ਕਦੇ ਨਹੀਂ ਘਬਰਾਇਆ ਅਤੇ ਤਾਉਮਰ ਪਿੱਛੇ ਮੁੜਕੇ ਨਾਂ ਦੇਖਣ ਦਾ ਤਹੲਂਆ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਿਹਤਮੰਦ ਹੋਣ ਬਾਅਦ ਜਿੰਨੀ ਜਲਦ ਹੋਇਆ ਟਿਕਰੀ ਬਾਰਡਰ ਦਿੱਲੀ ਪੁੱਜਣਾ ਮੇਰਾ ਮਕਸਦ ਹੈ ਕਿਉਂਕਿ ਜੇ ਕਿਸਾਨ ਮਜਦੂਰ ਹੀ ਨਾ ਬਚਿਆ ਤਾਂ ਮੇਰਾ ਜਿਉਂਦੇ ਰਹਿਣਾ ਕੋਈ ਮਾਅਨੇ ਨਹੀਂ ਰੱਖਦਾ। ਉਨ੍ਹਾਂ ਇਹ ਵੀ ਲਿਖਿਆ ਕਿ ਸਮਾਂ ਅੱਗੇ ਪਿੱਛੇ ਜਰੂਰ ਹੋ ਸਕਦਾ ਹੈ ਪਰ ਮੋਦੀ ਹਕੂਮਤ ਦੇ ਲੋਕ ਵਿਰੋਧੀ ਹੱਲੇ ਨੂੰ ਜਥੇਬੰਦਕ ਸੰਘਰਸ਼ ਰਾਹੀਂ ਪਛਾੜਕੇ ਕਿਸਾਨੀ ਜੰਗ ਜਿੱਤ ਕੇ ਮੁੜਾਂਗੇ।