ਜੀ ਐਸ ਪੰਨੂ
ਪਟਿਆਲਾ, 9 ਜਨਵਰੀ 2021 : ਸਿੰਘੂ ਬਾਰਡਰ ਕਿਸਾਨ ਧਰਨੇ ਤੋਂ ਪਰਤੇ ਪਿੰਡ ਸ਼ੇਖਪੁਰਾ ਦੇ ਪੰਚ ਸੁਖਦੇਵ ਸਿੰਘ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਸਥਾਨਕ ਪ੍ਰੋਫੈਸਰ ਇਨਕਲੇਵ ਪਟਿਆਲਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਪਿੰਡ ਸ਼ੇਖਪੁਰਾ ਦੇ ਪੰਚ ਸਨ ਅਤੇ ਕੁਝ ਦਿਨ ਪਹਿਲਾਂ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣ ਸਿੰਘੂ ਬਾਰਡਰ ਕਿਸਾਨ ਧਰਨੇ 'ਤੇ ਗਏ ਸਨ। ਉੱਥੋਂ ਵਾਪਿਸ ਆਉਣ ਉਪਰੰਤ ਉਹਨਾਂ ਨੂੰ ਬੁਖਾਰ ਮਹਿਸੂਸ ਹੋਇਆ ਅਤੇ ਜਦੋਂ ਉਹ ਠੀਕ ਨਾ ਹੋਏ ਤੇ ਸਾਹ ਲੈਣ ਵਿੱਚ ਤਕਲੀਫ਼ ਹੋਈ ਤਾਂ ਉਹਨਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਬੀਤੇ ਦਿਨੀਂ ਮੌਤ ਹੋ ਗਈ।
ਉਹਨਾਂ ਦਾ ਅੰਤਿਮ ਸਸਕਾਰ ਅੱਜ ਬੀਰ ਜੀ ਸ਼ਮਸ਼ਾਨਘਾਟ ਪਟਿਆਲਾ ਵਿਖੇ ਕੀਤਾ ਗਿਆ। ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ ਅਗਨੀ ਉਹਨਾਂ ਦੇ ਵੱਡੇ ਪੁੱਤਰ ਸਰਬਜੀਤ ਸਿੰਘ ਨੇ ਦਿਖਾਈ। ਉਹ ਆਪਣੇ ਪਿੱਛੇ ਪਤਨੀ ਤੇਜ ਕੌਰ ਅਤੇ 2 ਪੁੱਤਰਾਂ ਸਰਬਜੀਤ ਸਿੰਘ, ਜਗਮੀਤ ਸਿੰਘ ਸਮੇਤ ਧੀ ਜਸਵਿੰਦਰ ਕੌਰ ਨੂੰ ਛੱਡ ਗਏ ਹਨ। ਸੁਖਦੇਵ ਸਿੰਘ ਦੀ ਅੰਤਿਮ ਅਰਦਾਸ 12 ਜਨਵਰੀ 2021 ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਪਾਤਸ਼ਾਹੀ 9ਵੀਂ ਬਹਾਦਰਗੜ ਸਾਹਿਬ ਪਟਿਆਲਾ ਵਿਖੇ ਹੋਵੇਗੀ। ਸੁਖਦੇਵ ਸਿੰਘ ਪੱਤਰਕਾਰ ਤੇਜਿੰਦਰ ਫਤਿਹਪੁਰ ਦੇ ਸੋਹਰਾ ਵੀ ਦੱਸੇ ਜਾ ਰਹੇ ਹਨ।