ਰਜਨੀਸ਼ ਸਰੀਨ
ਨਵਾਂਸ਼ਹਿਰ 8 ਜਨਵਰੀ 2021 - ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਅਤੇ ਸ. ਅਮਰਜੀਤ ਸਿੰਘ ਖਾਲਸਾ ਵੱਲੋਂ ਦੱਸਿਆ ਗਿਆ ਕਿ ਸਿੰਘੂ ਬਾਰਡਰ ਦਿੱਲੀ ਵਿਖੇ ਲਾਈਫ ਕੇਅਰ ਫਾਉਂਡੇਸ਼ਨ ਡੇਰਾ-ਬੱਸੀ ਦੇ ਸਹਿਯੋਗ ਨਾਲ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ 'ਤੇ ਬੈਠੇ ਕਿਸਾਨ ਭਰਾਵਾਂ ਨੂੰ 40 ਦਿਨ ਤੋਂ ਜਿਆਦਾ ਸਮਾਂ ਹੋ ਗਿਆ ਹੈ। ਬਾਰਿਸ਼ ਅਤੇ ਠੰਡ ਕਾਰਨ ਮੈਡੀਕਲ ਸਹੂਲਤਾਂ ਸਬੰਧੀ ਸਮੱਸਿਆਵਾਂ ਵੱਧ ਰਹੀਆਂ ਹਨ ਜਿਸ ਨੂੰ ਦੇਖਦੇ ਹੋਏ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਨਾਂ 'ਤੇ ਇੱਕ ਮਿੰਨੀ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਵਿਚ ਮਰੀਜਾ ਲਈ ਬੈੱਡ ਵੀ ਲਗਾਏ ਗਏ ਹਨ ਅਤੇ 24 ਘੰਟੇ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਦੇ ਨਾਲ-ਨਾਲ ਐਮਰਜੈਂਸੀ ਲਈ ਆਕਸੀਜਨ ਦੀ ਸੇਵਾ, ਖੂਨ ਜਾਂਚ ਲਈ ਫਰੀ ਲੈਬੋਰੇਟਰੀ ਦੀ ਸੇਵਾਵਾਂ, ਈ. ਸੀ. ਜੀ. ਦੀ ਸੇਵਾਵਾਂ, ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਟੈਸਟ ਅਤੇ 24 ਘੰਟੇ ਫਰੀ ਦਵਾਈਆਂ ਦੀ ਸੇਵਾ ਚਲਾਈ ਜਾ ਰਹੀ ਹੈ। ਹਸਪਤਾਲ ਵਿਖੇ 24 ਘੰਟੇ ਐਮਰਜੈਂਸੀ ਸੇਵਾਵਾਂ ਲਈ 3 ਡਾਕਟਰ ਸਮੇਤ ਸਟਾਫ ਸੈਲਰੀ ਤੇ ਰੱਖਿਆ ਗਿਆ ਹੈ ਤਾਂ ਜੋ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ । ਉਹਨਾਂ ਦੱਸਿਆ ਕਿ ਸਿੰਘੂ ਬਾਰਡਰ ਤੇ ਐਮਰਜੈਂਸੀ ਸਮੇਂ ਨਜਦੀਕ ਕੋਈ ਹਸਪਤਾਲ ਨਾ ਹੋਣ ਕਾਰਨ ਬਾਰਡਰ ਤੇ ਹੀ ਮਿੰਨੀ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਹੈ ਤਾ ਜੋ ਐਮਰਜੈਂਸੀ ਮੋਕੇ ਜਲਦੀ ਇਲਾਜ ਕੀਤਾ ਜਾ ਸਕੇ।
ਕਿਸਾਨ ਜੱਥੇਬੰਦੀਆਂ ਵੱਲੋਂ ਵੀ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ। ਸੁਸਾਇਟੀ ਵੱਲੋਂ ਧਰਨੇ 'ਤੇ 70 ਦੇ ਕਰੀਬ ਹੋਈਆਂ ਸ਼ਹੀਦੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪੰਜਾਬ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਅਵਤਾਰ ਸਿੰਘ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਸਾਜਿਦ ਖਾਨ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ ਚਾਵਲਾ, ਹਰਪ੍ਰੀਤ ਸਿੰਘ ਹੈਪੀ, ਜਤਿੰਦਰ ਸਿੰਘ, ਇੰਦਰਜੀਤ ਸਿੰਘ, ਇਸ਼ਪਾਲ ਸਿੰਘ, ਹਰਮੇਲ ਸਿੰਘ, ਸੁਰਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਹਾਜ਼ਰ ਸਨ।