- ਕਾਲੇ ਕਾਨੂੰਨ ਰੱਦ ਕਰਨ ਦੀ ਬਜਾਏ ਮੁਲਤਵੀ ਕੀਤੇ
- ਬੋਹੜੀ ਚੌਂਕ 'ਚ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
- ਝੂਠਾ ਇਨਸਾਫ ਤੇ ਝੂਠਾ ਵਿਕਾਸ ਫਿਰ ਬੇਨਕਾਬ-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ
ਤਰਨ ਤਾਰਨ, 13 ਜਨਵਰੀ2021 - ਸਥਾਨਕ ਬੋਹੜੀ ਵਾਲਾ ਚੌਂਕ ਵਿਖੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਸਬੰਧੀ ਸ਼ਹਿਰ 'ਚ ਰੋਸ ਮਾਰਚ ਕਰਦੇ ਹੋਏ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਹਰਮਨਦੀਪ ਸਿੰਘ, ਸਤਵਿੰਦਰ ਸਿੰਘ, ਬਾਬਾ ਦਰਸ਼ਨ ਸਿਘ, ਦਲੇਰ ਸਿੰਘ ਪੰਨੂੰ, ਪ੍ਰਵੀਨ ਕੁਮਾਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ, ਜਥੇਬੰਦੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ ਮੁਲਤਵੀ ਕੀਤੇ ਹਨ ਅਤੇ ਇਹ ਫੈਸਲਾ ਹਾਕਮਾਂ ਦੇ ਝੂਠ ਉਪਰ ਮੋਹਰ ਹੈ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਅਤੇ ਨਵੰਬਰ 84 ਕਤਲੇਆਮ ਸਮੇਂ ਤੇ ਪੰਜਾਬ ਅੰਦਰ ਹੋਏ ਝੂਠੇ ਮੁਕਾਬਲਿਆਂ ਸਮੇਂ ਵੀ ਸੁਪਰੀਮ ਬਣ ਕੇ ਨਹੀਂ ਵਿਖਾਇਆ ਅਤੇ ਸਰਕਾਰਾਂ ਵਲੋਂ ਗੈਰ ਕਾਨੂੰਨੀ ਕਾਰਵਾਈਆਂ ਤੇ ਗੈਰ ਸੰਵਿਧਾਨਿਕ ਪਾਪੀ ਕਾਰਨਾਮਿਆਂ ਦਾ ਕਦੇ ਨੋਟਿਸ ਨਹੀਂ ਲਿਆ। ਅੱਜ ਵੀ ਨਿਆਪ੍ਰਣਾਲੀ ਕਿਸਾਨਾਂ ਦੀ ਬਾਂਹ ਫੜ੍ਹਨ ਦੀ ਬਜਾਏ ਅੰਬਾਨੀਆਂ, ਅਡਾਨੀਆਂ ਦੀ ਬਾਂਹ ਫੜ ਰਹੀ ਹੈ।
ਜਥੇਬੰਦੀਆਂ ਨੇ ਕਿਹਾ ਕਿ ਭਾਜਪਾਈਆਂ , ਕਾਂਗਰਸੀਆਂ ਤੇ ਬਾਦਲਕਿਆਂ ਦਾ ਏਜੰਡਾ ਇਕੋ ਹੈ ਸਾਰੇ ਅੰਬਾਨੀਆਂ, ਅਡਾਨੀਆਂ ਦੇ ਕਾਰੋਬਾਰਾਂ ਵਿਚ ਭਾਈਵਾਲ ਹਨ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਅੰਬਾਨੀਆਂ, ਅਡਾਨੀਆਂ ਦੇ ਕਾਰੋਬਾਰਾਂ ਦੇ ਲਾਈਸੈਂਸ ਰੱਦ ਕਰੇ ਅਤੇ ਇਨ੍ਹਾਂ ਦੀਆਂ ਜਾਇਦਾਦਾਂ ਜਬਤ ਕਰੇ। ਉਨ੍ਹਾਂ ਕਿਹਾ ਕਿ ਅਨਿਲ ਅੰਬਾਨੀ ਇੱਕਲਾ ਸਰਕਾਰੀ ਬੈਂਕਾਂ ਦਾ 86 ਹਜ਼ਾਰ ਕਰੋੜ ਰੁਪਏ ਮਾਰ ਲੈਂਦਾ ਹੈ ਸਰਕਾਰ ਫਿਰ ਉਸ ਨੂੰ ਰਾਫੇਲ ਜਹਾਜਾਂ ਦਾ ਠੇਕਾ ਦਿੰਦੀ ਹੈ ਪਰ ਪੰਜਾਬ ਦੇ ਕਿਸਾਨਾਂ ਦਾ 90 ਹਜ਼ਾਰ ਕਰੋੜ ਰੁਪਏ ਮਾਫ ਨਹੀਂ ਹੁੰਦਾ। ਉਨ੍ਹਾਂ ਇਹ ਵੀ ਕਿਹਾ ਕਿ ਕਰਤਾਰਪੁਰ ਮਾਡਲ ਹੀ ਪੰਜਾਬ ਤੇ ਦੇਸ ਦੁਨੀਆਂ ਦਾ ਕਲਿਆਣ ਕਰ ਸਕਦਾ ਹੈ।
ਇਸ ਮੌਕੇ ਬਲਕਾਰ ਸਿੰਘ ਟਾਂਡਾ, ਮਨਜੀਤ ਸਿੰਘ, ਬਲਦੇਵ ਸਿੰਘ ਮੌਜੀ, ਸਿਮਰਜੀਤ ਕੌਰ, ਵੀਰ ਕੌਰ, ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ ਜੌੜਾ, ਗੁਰਜੀਤ ਸਿੰਘ ਬਾਜਵਾ, ਕਲੁਵਿੰਦਰ ਸਿੰਘ ਫੌਜੀ, ਜਸਬੀਰ ਸਿੰਘ ਕਾਲਾ, ਲਖਬੀਰ ਸਿੰਘ ਤਰਨ ਤਾਰਨ, ਕਾਬਲ ਸਿੰਘ ਜੋਧਪੁਰ, ਨਿਸ਼ਾਨ ਸਿੰਘ ਬਾਠ, ਬਲਕਾਰ ਸਿੰਘ ਬੁੱਘਾ, ਦਿਲਬਾਗ ਸਿੰਘ, ਹਰਭਜਨ ਸਿੰਘ ਕੋਟ ਬੁੱਢਾ, ਧਰਮ ਸਿੰਘ, ਕੁਲਦੀਪ ਸਿੰਘ, ਸੋਨੂੰ ਹਰੀਕੇ, ਬਲਕਾਰ ਸਿੰਘ ਬਾਠ, ਗੁਰਦੇਵ ਸਿੰਘ ਕਾਲੀ, ਨਿਰਮਲ ਸਿੰਘ ਸਰਹਾਲੀ ਆਦਿ ਹਾਜ਼ਰ ਸਨ।