ਅਸ਼ੋਕ ਵਰਮਾ
ਬਰਨਾਲਾ, 27 ਮਾਰਚ 2021 - ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪੰਜਾਬ ਅਤੇ ਮੁਲਕ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ ਕਿਸਾਨ ਸੰਘਰਸ਼ ਪੰਜਵੇਂ ਮਹੀਨੇ ਵਿੱਚ ਦਾਖਲ ਹੋਣ ਤੇ ਅੱਜ ਗ਼ਦਰ ਲਹਿਰ ਦੇ ਪਹਿਲੇ ਸ਼ਹੀਦ ਪੰਡਤ ਕਾਸ਼ੀ ਰਾਮ ਮੜੌਲੀ ਅਤੇ ਤਿੰਨ ਹੋਰ ਗਦਰੀਆਂ ਬਖਸ਼ੀਸ਼ ਸਿੰਘ ਖਾਨਪੁਰ,ਜੀਵਨ ਸਿੰਘ ਦੌਲੇ ਸਿੰਘ ਵਾਲਾ ਅਤੇ ਧਿਆਨ ਸਿੰਘ ਬੰਗਸੀਪੁਰਾ ਨੂੰ ਸੰਘਰਸ਼ਸ਼ੀਲ ਕਾਫਲਿਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ।ਅੱਜ ਬੁਲਾਰੇ ਆਗੂਆਂ ਬਲਵੰਤ ਸਿੰਘ ਉਪੱਲੀ, ਗੁਰਦੇਵ ਸਿੰਘ ਮਾਂਗੇਵਾਲ, ਕਰਨੈਲ ਸਿੰਘ ਗਾਂਧੀ, ਬਾਰਾ ਸਿੰਘ ਬਦਰਾ, ਜਗਸੀਰ ਸਿੰਘ ਸੀਰਾ, ਪ੍ਰੇਮਪਾਲ ਕੌਰ, ਬਿੱਕਰ ਸਿੰਘ ਔਲਖ, ਗੋਰਾ ਸਿੰਘ ਢਿੱਲਵਾਂ, ਬਾਬੂ ਸਿੰਘ ਖੁੱਡੀਕਲਾਂ, ਗੁਰਦਰਸ਼ਨ ਸਿੰਘ ਦਿਉਲ, ਮੇਲਾ ਸਿੰਘ ਕੱਟੂ,ਖੁਸ਼ੀਆ ਸਿੰਘ,ਮਨਜੀਤ ਰਾਜ ਆਦਿ ਨੇ ਸ਼ਹੀਦ ਕਾਂਸੀ ਰਾਮ ਮੜੌਲੀ ਬਾਰੇ ਗੱਲ ਕਰਦਿਆਂ ਬੁਲਾਰਿਆਂ ਕਿਹਾ ਕਿ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਜਿਨ੍ਹਾਂ ਸੂਰਬੀਰਾਂ ਨੇ ਸ਼ਹੀਦਾਂ ਦਿੱਤੀਆਂ ਜਾਂ ਜੇਲ੍ਹਾਂ ਕੱਟੀਆਂ, ਉਹ ਇਤਿਹਾਸ ਵਿੱਚ ਅਮਰ ਹੋ ਗਏ।
ਉਨ੍ਹਾਂ ਕਿਹਾ ਕਿ ਕਾਂਸ਼ੀ ਰਾਮ ਗ਼ਦਰੀ ਲਹਿਰ ਦੇ ਸਭ ਤੋਂ ਪਹਿਲੇ ਸ਼ਹੀਦ ਸਨ।ਉਹ ਪ੍ਰਸਿੱਧ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਨਾਲ ਮਿਲ ਕੇ ਗ਼ਦਰ ਪਾਰਟੀ ਦੀ ਨੀਂਹ ਰੱਖੀ ਅਤੇ ਪਾਰਟੀ ਦੇ ਖਜ਼ਾਨਚੀ ਵੀ ਰਹੇ। ਇਸ ਤੋਂ ਪਹਿਲਾਂ ਉਹ ਕੰਮ ਦੀ ਭਾਲ ਵਿੱਚ ਅਮਰੀਕਾ ਚਲੇ ਗਏ। ਸੰਨ 1914 ਵਿੱਚ ਉਹ ਹਿੰਦੋਸਤਾਨ ਵਾਪਸ ਆ ਗਏ ਅਤੇ ਗ਼ਦਰ ਪਾਰਟੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਭਾਰਤੀ ਫ਼ੌਜਾਂ ਵਿੱਚ ਆਜ਼ਾਦੀ ਦੀ ਲਹਿਰ ਦੀ ਚਿੰਗਾਰੀ ਲਗਾਉਣ ਦੀ ਸੁਚੇਤ ਕੋਸ਼ਿਸ਼ ਕੀਤੀ। ਪੈਸੇ ਦੀ ਥੁੜ੍ਹ ਮਹਿਸੂਸ ਹੋਣ ਕਰਕੇ ਗਦਰ ਪਾਰਟੀ ਨੇ ਪੈਸਾ ਇਕੱਠਾ ਕਰਨ ਲਈ ਡਾਕੇ ਮਾਰੇ ਜਾਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਗਦਰੀ ਡਾਕਾ ਮਾਰਨਾ ਚੰਗੀ ਗੱਲ ਨਹੀਂ ਅਤੇ ਸਮਾਜ ਵੀ ਇਸ ਦੀ ਆਗਿਆ ਨਹੀਂ ਦਿੰਦਾ ਪਰ ਜੇ ਵੱਡੇ ਲੋਕਾਂ ਦੇ ਘਰਾਂ ਵਿੱਚ ਦੱਬਿਆ ਪੈਸਾ ਲੋਕ ਭਲਾਈ ਦੇ ਕੰਮ ਆ ਜਾਵੇ ਤਾਂ ਇਹ ਚੰਗੀ ਸੋਚ ਹੀ ਮੰਨੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਮਨੁੱਖ ਜਦੋਂ ਕਿਸੇ ਉਦੇਸ਼ ਲਈ ਆਪਾ ਵਾਰ ਦੇਵੇ ਤਾਂ ਉਹੀ ਉਸ ਲਈ ਸਭ ਤੋਂ ਵੱਡੀ ਕੁਰਬਾਨੀ ਹੈ, ਪੈਸਾ ਕੁਝ ਵੀਂ ਨਹੀਂ।ਅਜਿਹੀ ਹੀ ਸੋਚ ਕਾਰਨ ਦੇਸ਼ ਭਗਤਾਂ ਨੂੰ ਡਾਕੇ ਮਾਰਨੇ ਪਏ, ਜਿਨ੍ਹਾਂ ਵਿੱਚ ਜਿਲ੍ਹਾ ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਪਿੰਡ ਚੰਬੇ ਦਾ ਡਾਕਾ ਕਾਫ਼ੀ ਪ੍ਰਸਿੱਧ ਹੋਇਆ। ਇਨ੍ਹਾਂ ਡਾਕਿਆਂ ਕਰਕੇ ਉਨ੍ਹਾਂ ਨੂੰ ਕਈ ਵਾਰ ਪੁਲੀਸ ਝੜਪਾਂ ਦਾ ਸਾਹਮਣਾ ਕਰਨਾ ਪਿਆ। ਇੱਕ ਅਜਿਹੀ ਹੀ ਝੜਪ ਵਿੱਚ ਪੰਡਤ ਕਾਂਸ਼ੀ ਰਾਮ ਵੀ ਮੁਕਾਬਲੇ ਵਿੱਚ ਫੜੇ ਗਏ। ਬਾਅਦ ’ਚ ਸੱਤ ਜਣਿਆਂ ’ਤੇ ਮੁਕੱਦਮਾ ਚੱਲਿਆ ਅਤੇ ਫਾਂਸੀ ਦੀ ਸਜ਼ਾ ਹੋਈ। ਜਿਨ੍ਹਾਂ ਸੱਤ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਉਨ੍ਹਾਂ ਵਿੱਚ ਗਦਰੀ ਕਾਂਸ਼ੀ ਰਾਮ, ਜੀਵਨ ਸਿੰਘ, ਬਖ਼ਸ਼ੀਸ਼ ਸਿੰਘ ਅਤੇ ਧਿਆਨ ਸਿੰਘ ਦੇ ਨਾਂ ਸ਼ਾਮਲ ਸਨ। ਅਜਿਹਾ ਉਨ੍ਹਾਂ ਨੇ ਆਜ਼ਾਦੀ ਦੇ ਜਜ਼ਬੇ ਦੇ ਅਧੀਨ ਹੋ ਕੇ ਕੀਤਾ।
ਉਨ੍ਹਾਂ ਕਿਹਾ ਕਿ ਚੰਬੇ ਪਿੰਡ ਵਿੱਚ ਡਾਕੇ ਦੀ ਘਟਨਾ ਤੋਂ ਇਹ ਗੱਲ ਸਾਫ਼ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਡਾਕਿਆਂ ਵਿੱਚ ਦੇਸ਼-ਭਗਤਾਂ ਦਾ ਕੋਈ ਵੀ ਨਿੱਜੀ ਲਾਭ ਨਹੀਂ ਸੀ। ਜਿਸ ਘਰ ਵਿੱਚ ਡਾਕਾ ਮਾਰਿਆ ਗਿਆ, ਉਸ ਘਰ ਵਿੱਚ ਨੌਜਵਾਨ ਲੜਕੀ ਵੀ ਸੀ। ਉਹ ਆਪਣੀ ਇੱਜ਼ਤ ਬਚਾਉਣ ਲਈ ਬਹੁਤ ਡਰ ਗਈ ਸੀ ਪਰ ਗਦਰੀਆਂ ਨੇ ਉਸ ਨੂੰ ਸੰਬੋਧਨ ਕਰਦਿਆ ਕਿਹਾ, ‘‘ਤੂੰ ਸਾਡੀ ਭੈਣ ਏਂ। ਤੇਰੇ ਵੱਲ ਕੋਈ ਮਾੜੀ ਅੱਖ ਨਾਲ ਨਹੀਂ ਦੇਖੇਗਾ।ਉਨ੍ਹਾਂ ਕਿਹਾ ਸੀ ਕਿ ਅਸੀਂ ਇਹ ਕੰਮ ਆਪਣੇ ਲਈ ਨਹੀਂ, ਸਗੋਂ ਦੇਸ਼ ਲਈ ਕਰ ਰਹੇ ਹਾਂ, ਕਿਉਂਕਿ ਜਿਸ ਕੰਮ ਲਈ ਅਸੀਂ ਹਜ਼ਾਰਾਂ ਮੀਲਾਂ ਤੋਂ ਆਪਣੀਆਂ ਜਾਇਦਾਦਾਂ ਜਾਂ ਰਕਮਾਂ ਬੈਂਕਾਂ ਵਿੱਚ ਛੱਡ ਕੇ ਆਏ ਹਾਂ, ਉਹ ਹੁਣ ਪੈਸਿਆਂ ਬਿਨਾਂ ਅਸਫ਼ਲ ਹੁੰਦਾ ਲੱਗਦਾ ਹੈ।’’ ਅਜਿਹਾ ਬਿਆਨ ਉਸ ਲੜਕੀ ਨੇ ਬਾਅਦ ਵਿੱਚ ਅਦਾਲਤ ਵਿੱਚ ਦਿੱਤਾ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਅਜਿਹਾ ਕੰਮ ਸਿਰਫ ਦੇਸ਼ ਭਗਤੀ ਤਹਿਤ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਲਈ ਸਿੱਖ ਗੁਰੂ, ਬਾਬਾ ਬੰਦਾ ਸਿੰਘ ਬਹਾਦਰ, ਦੁੱਲੇ ਭੱਟੀ,ਗਦਰੀ ਬਾਬੇ, ਪੈਪਸੂ ਮਾਜਾਰਾ ਲਹਿਰ ਦੇ ਸ਼ਹੀਦ, ਭਗਤ ਸਰਾਭੇ ਅੱਜ ਵੀ ਕਿਸਾਨ ਲਹਿਰ ਦਾ ਪ੍ਰੇਰਨਾ ਸ੍ਰੋਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਸੇਧ ਹਾਸਲ ਕਰਕੇ ਦੀ ਸਾਂਝੀ ਕਿਸਾਨ ਲਹਿਰ ਮੋਦੀ ਹਕੂਮਤ, ਦੇਸੀ-ਬਦੇਸ਼ੀ ਬਹੁਕੌਮੀ ਕੰਪਨੀਆਂ, ਸਾਮਰਾਜੀ ਲੁਟੇਰੀਆਂ ਸੰਸਥਾਵਾਂ ਦੀਆਂ ਵੱਡੀਆਂ ਵੰਗਾਰਾਂ ਦਾ ਟਾਕਰਾ ਕਰਦੀ ਹੋਈ ਅੱਗੇ ਵਧ ਰਹੀ ਹੈ। ਆਗੂਆਂ ਨੇ 12 ਘੰਟੇ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਬਦਲੇ ਤਹਿ ਦਿਲੋਂ ਧੰਨਵਾਦ ਕਰਦਿਆਂ ਭਵਿੱਖ ਦੀ ਵਡੇਰੀ ਚੁਣੌਤੀ ਦੇ ਪ੍ਰਸੰਗ’ਚ ਇਹ ਸਾਂਝ ਜਾਰੀ ਰੱਖਣ ਦੀ ਲੋੜ’ਤੇ ਜੋਰ ਦਿੱਤਾ। ਉਨ੍ਹਾਂ ਦੱਸਿਆ ਕਿ 29 ਮਾਰਚ ਨੂੰ ਹੋਲੇ-ਮੁਹੱਲੇ ਵਾਲੇ ਦਿਨ ਪੂਰੇ ਮੁਲਕ ਅੰਦਰ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ੍ਹਨ ਮੌਕੇ ਵੱਡੇ ਇਕੱਠ ਕੀਤੇ ਜਾਣਗੇ।