- ਸਿੰਘੂ ਬਾਡਰ ‘ਤੇ ਸਥਿਤ “ਹੋਟਲ ਸੁਧੀਰ” ਮਾਲਕਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਅਰਪਿਤ
ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 2 ਦਸੰਬਰ 2020 - ਜਿੱਥੇ ਕਿਸਾਨੀ ਸੰਘਰਸ਼ ਨੇ ਹਰਿਆਣਾ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਵਖਤ ਪਾਇਆ ਹੋਇਆ ਹੈ ਉੱਥੇ ਲੋਕਾਂ ਦੀ ਭਾਈਚਾਰਕ ਸਾਂਝ ਹੋਰ ਪੀਡੀ ਹੋਈ ਹੈ।ਪੰਜਾਬ ਅਤੇ ਹਰਿਆਣਾ ਦੇ ਲੋਕ ਮਨਾਂ ਵਿੱਚ ਮੌਕੇ ਦੇ ਹਾਕਮਾਂ ਦੁਆਰਾ ਬਣਾਈਆਂ ਹੋਈਆਂ ਝੂਠੀਆਂ ਦੂਰੀਆਂ ਇਸ ਕਿਸਾਨੀ ਅੰਦੋਲਨ ਨੇ ਚਕਨਾਚੂਰ ਕਰ ਦਿੱਤੀਆਂ ਹਨ। ਹਰਿਆਣਵੀ ਲੋਕ ਪੰਜਾਬ ਦੇ ਲੋਕਾਂ ਦਾ ਇਸ ਤਰ੍ਹਾਂ ਸਾਥ ਦੇ ਰਹੇ ਹਨ ਅਤੇ ਇਸ ਤਰ੍ਹਾਂ ਪਿਆਰ ਸਤਕਾਰ ਦੇ ਰਹੇ ਹਨ ਅਤੇ ਅਪਣੱਤ ਜਾਹਰ ਕਰ ਰਹੇ ਹਨ ਜਿਵੇਂ ਕੋਈ ਪਰਿਵਾਰ ਦਾ ਜੀਅ ਵਰ੍ਹਿਆਂ ਬਾਦ ਮਿਲਿਆ ਹੋਵੇ।
ਇਸੇ ਦੀ ਇੱਕ ਪ੍ਰਤੱਖ ਉਦਾਹਰਨ ਸਿੰਘੂ ਬਾਰਡਰ ਦੇ ਬਿਲਕੁਲ ਨਜਦੀਕ ਸਥਿਤ ‘ਸੁਧੀਰ ਹੋਟਲ’ ਦੇ ਮਾਲਕਾਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਟਹਿਲ ਸੇਵਾ ਤੋਂ ਮਿਲਦੀ ਹੈ। ਆਲੀਸ਼ਾਨ ਹੋਟਲ ਦੇ ਮਾਲਕ ਨੇ ਰੋਜਾਨਾ ਹਜਾਰਾਂ ਰੁਪਏ ਦੀ ਕਮਾਈ ਕਰਨ ਵਾਲੇ ਹੋਟਲ ਨੂੰ ਪੰਜਾਬ ਦੇ ਅੰਨਦਾਤਿਆਂ ਦੁਆਰਾ ਕੀਤੇ ਜਾ ਰਹੇ ਸੰਘਰਸ਼ ਦੇ ਸਪੁਰਦ ਕਰ ਦਿੱਤਾ ਹੈ। ਹੋਟਲ ਦੇ ਕਮਰੇ, ਪਖਾਨੇ, ਗੁਸਲਖਾਨੇ, ਪਾਣੀ ਆਦਿ ਕਿਸਾਨਾਂ ਲਈ ਖੋਲ੍ਹ ਦਿੱਤੇ ਹਨ। ਹੋਟਲ ਦੇ ਵਿਹੜੇ ਵਿੱਚ ਕਿਸਾਨਾਂ ਦੇ ਲੰਗਰ ਪਕ ਰਹੇ ਅਤੇ ਵਰਤ ਰਹੇ ਹਨ।ਬੇਰੋਕ ਟੋਕ ਕਿਸਾਨ ਹੋਟਲ ਵਿੱਚ ਇਸ ਤਰ੍ਹਾਂ ਘੁੰਮ ਰਹੇ ਹਨ ਜਿਵੇਂ ਉਹਨਾਂ ਦੇ ਕਿਸੇ ਆਪਣੇ ਦਾ ਇਹ ਹੋਟਲ ਹੋਵੇ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਉਦਾਹਰਨਾਂ ਸਾਹਮਣੇ ਆ ਰਹੀਆਂ ਹਨ ਜੋ ਕਿ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਦੇ ਆਪਸੀ ਰਿਸ਼ਤਿਆਂ ਲਈ ਆਉਣ ਵਾਲੇ ਭਵਿੱਖ ਲਈ ਸ਼ੁੱਭ ਸੰਕੇਤ ਹਨ ਅਤੇ ਮੌਕੇ ਦੀਆਂ ਆਪਹੁਦਰੀਆਂ ਸਰਕਾਰਾਂ ਨੂੰ ਵਖਤ ਪਾਉਣ ਲਈ ਜਰੂਰੀ ਵੀ ਹਨ।