ਲੁਧਿਆਣਾ, 12 ਸਤੰਬਰ, 2016 : ਲੁਧਿਆਣਾ ਦੀ ਇਕ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਖਿਲਾਫ ਅਪਰਾਧਿਕ ਮਾਣਹਾਨੀ ਮਾਮਲੇ ਵਿਚ ਦੋਸ਼ ਤੈਅ ਕੀਤੇ ਹਨ। ਜਾਣਕਾਰੀ ਮੁਤਾਬਕ ਜੂਡੀਸ਼ੀਅਲ ਮਜਿਸਟ੍ਰੇਟ (ਫਸਟ ਕਲਾਸ) ਜਗਜੀਤ ਸਿੰਘ ਨੇ ਆਮ ਆਦਮੀ ਪਾਰਟੀ ਆਗੂ ਵਿਰੁੱਧ ਦੋਸ਼ ਤੈਅ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਉੱਤੇ ਪਾ ਦਿੱਤੀ ਹੈ। ਉੱਧਰ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਕ ਸਥਾਨਕ ਅਦਾਲਤ ਵੱਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਖਿਲਾਫ ਅਪਰਾਧਿਕ ਮਾਣਹਾਨੀ ਮਾਮਲੇ ਵਿਚ ਦੋਸ਼ ਤੈਅ ਕਰਨ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ 'ਆਪ' ਆਗੂ ਸਜ਼ਾ ਮਿਲਣ ਤੋਂ ਹੁਣ ਸਿਰਫ ਇਕ ਕਦਮ ਦੂਰ ਹੈ। ਸੰਜੇ ਸਿੰਘ ਨੂੰ ਦੋਸ਼ਾਂ ਸਬੰਧੀ ਆਈਪੀਸੀ ਦੀ ਧਾਰਾ 500, 502 ਅਤੇ 120-ਬੀ ਤਹਿਤ ਨੋਟਿਸ ਦਿੱਤਾ ਗਿਆ ਹੈ, 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਮਾਲ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਦੋਸ਼ੀ ਰੋਜ਼ਾਨਾ ਸੁਣਵਾਈ ਤੋਂ ਭੱਜ ਰਿਹਾ ਹੈ ਜਦਕਿ ਇਹ ਮੰਨਿਆਂ ਜਾਂਦਾ ਹੈ ਕਿ ਦੋਸ਼ੀ ਦੇ ਹਿੱਤਾਂ ਤੇ ਬੁਨਿਆਦੀ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਲਈ ਆਮ ਤੌਰ 'ਤੇ ਮਾਮਲੇ ਦੀ ਤੇਜ਼ ਸੁਣਵਾਈ ਕੀਤੀ ਜਾਂਦੀ ਹੈ ਪਰ ਇੱਥੇ ਉਲਟ ਹੈ ਅਤੇ ਦੋਸ਼ੀ ਰੋਜ਼ਾਨਾ ਸੁਣਵਾਈ ਤੋਂ ਭੱਜ ਰਿਹਾ ਹੈ।