ਚੰਡੀਗੜ੍ਹ, 1 ਅਕਤੂਬਰ, 2016 : ਪੰਜਾਬ ਦੀ ਸਿਆਸਤ ‘ਚ ਆਮ ਆਦਮੀ ਪਾਰਟੀ ਇੱਕ ਫੈਕਟਰ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਈ ਸੀਟਾਂ ‘ਤੇ ‘ਆਪ’ ਤੇ ਕਈ ਸੀਟਾਂ ‘ਤੇ ਕਾਂਗਰਸ ਨਾਲ ਮੁਕਾਬਲਾ ਹੋਵੇਗਾ। ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਵਿਸ਼ੇਸ਼ ਇੰਟਰਵਿਊ ‘ਚ ਇਹ ਗੱਲ ਮੰਨੀ ਹੈ ਕਿ ‘ਆਪ’ ਵੀ ਪੰਜਾਬ ਵੀ ਸਿਆਸਤ ਦਾ ਚਿਹਰਾ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦੀ ਲੀਡਰਸ਼ਿਪ ਲਗਾਤਾਰ ਕਹਿੰਦੀ ਹੈ ਕਿ ‘ਆਪ’ ਰੇਸ ‘ਚ ਨਹੀਂ ਤੇ ਸਾਡਾ ਮੁਕਾਬਲਾ ਕਾਂਗਰਸ ਨਾਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਮੇਂ ‘ਚ ਆਮ ਆਦਮੀ ਪਾਰਟੀ ਦੀ ਹਾਲਤ ਕਾਫੀ ਪਤਲੀ ਹੋਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਲਹਿਰਾਗਾਗਾ ਹਲਕੇ ‘ਚੋਂ ਬੇਹੱਦ ਚੰਗਾ ਸਮਰਥਨ ਮਿਲ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਹੀ ਉਥੋਂ ਚੋਣ ਜਿੱਤੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਵੱਡੇ ਪੱਧਰ ‘ਤੇ ਵਿਕਾਸ ਦੇ ਕੰਮ ਕੀਤੇ ਹਨ। ਇਸੇ ਦੇ ਅਧਾਰ ‘ਤੇ ਸੂਬੇ ‘ਚ ਅਗਲੀ ਸਰਕਾਰ ਅਕਾਲੀ ਦਲ-ਬੀਜੇਪੀ ਦੀ ਬਣੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਹੋਣ ਕਾਰਨ ਉਨ੍ਹਾਂ ਦਾ ਵਿਰੋਧ ਜ਼ਰੂਰ ਹੈ ਪਰ ਇਹ ਵਿਰੋਧ ਸਿਰਫ਼ ਅਕਾਲੀ ਦਲ ਦੇ ਕੱਟੜ ਵਿਰੋਧੀ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਖ਼ਿਲਾਫ ਪੰਜਾਬ ‘ਚ ਕੋਈ ਸੱਤਾ ਵਿਰੋਧ ਲਹਿਰ ਨਹੀਂ ਹੈ।
ਢੀਂਡਸਾ ਨੇ ਕਿਹਾ ਕਿ ਕਾਂਗਰਸ ਤੇ ‘ਆਪ’ ਜਾਣਬੁੱਝ ਕੇ ਪੰਜਾਬ ਦੇ ਆਰਥਿਕਤਾ ਤੇ ਪੰਜਾਬ ਨੂੰ ਬਦਨਾਮ ਕਰਦੇ ਹਨ ਜਦੋਂਕਿ ਸੱਚ ਇਹ ਹੈ ਕਿ ਪੰਜਾਬ ਲਗਾਤਾਰ ਤਰੱਕੀ ਦੀ ਰਾਹ ‘ਤੇ ਹੈ। ਪੰਜਾਬ ਦੇ ਆਰਥਿਕਤਾ ਪਿਛਲੇ ਸਾਲਾਂ ‘ਚ ਮਜ਼ਬੂਤ ਹੋਈ ਹੈ। ਪੰਜਾਬ ਦੇ ਲੋਕ ਇਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਨੂੰ ਪਛਾੜ ਦੇਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਕੱਚੇ ਮੁਲਾਜ਼ਮਾਂ ਦੀ ਪੱਕੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਜਿਹੜੇ ਵੀ ਮੁਲਾਜ਼ਮ ਪੰਜਾਬ ਸਰਕਾਰ ਦੇ ਕਾਨੂੰਨਾਂ ਮੁਤਾਬਕ ਖਰੇ ਉੱਤਰਦੇ ਹੋਣਗੇ ਉਨ੍ਹਾਂ ਨੂੰ ਪੱਕੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਉੱਚ ਅਫਸਰ ਮੁਲਾਜ਼ਮ ਨੂੰ ਪੱਕੇ ਕਰਨ ਸਬੰਧੀ ਵਿਸਥਾਰਪੂਰਵਕ ਰਿਪੋਰਟ ਤਿਆਰ ਕਰ ਰਹੇ ਹਨ।
ABP Sanjha ਤੋਂ ਧੰਨਵਾਦ ਸਾਹਿਤ I