ਚੰਡੀਗੜ੍ਹ, 11 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਕਾਂਗਰਸ-ਅਕਾਲੀ ਦਲ ਵਿਚਾਲੇ ਖੁਦਾਈ ਦੇ ਮੁੱਦੇ 'ਤੇ ਮਿਲੀਭੁਗਤ ਹੋਣ ਬਾਰੇ ਝੂਠੀ ਅਫਵਾਹਾਂ ਫੈਲ੍ਹਾਉਣ ਵਾਲੇ ਆਪ ਆਗੂ ਕੰਵਰ ਸੰਧੂ ਉਪਰ ਬੀਤੇ ਸਾਲਾਂ ਦੌਰਾਨ ਉਨ੍ਹਾਂ ਵੱਲੋਂ ਅਕਾਲੀ ਦਲ ਤੋਂ ਲਏ ਕਈ ਵਿਅਕਤੀਗਤ ਤੇ ਪ੍ਰੋਫੈਸ਼ਨਲ ਫਾਇਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਝੂਠੀਆਂ ਕਹਾਣੀਆਂ ਬਣਾਉਣ ਦਾ ਦੋਸ਼ ਲਗਾਇਆ ਹੈ। ਇਸ ਲੜੀ ਹੇਠ ਉਨ੍ਹਾਂ ਤੋਂ ਆਪਣੇ ਬੇਟੇ ਦੀ ਪਿਛਲੇ ਦਰਵਾਜ਼ੇ ਤੋਂ ਐਂਟਰੀ ਅਤੇ ਇਸੇ ਤਰ੍ਹਾਂ, ਇਕ ਪੀ.ਸੀ.ਐਮ.ਐਸ ਡਾਕਟਰ ਵਜੋਂ ਨਿਯੁਕਤੀ ਸਮੇਤ ਲਏ ਕਈ ਫਾਇਦਿਆਂ ਪ੍ਰਤੀ ਸਪੱਸ਼ਟੀਕਰਨ ਦੇਣ ਦੀ ਮੰਗ ਕਰਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਗੋਲਕ ਚੋਰ ਸੰਧੂ ਵੱਲੋਂ ਨਜਾਇਜ਼ ਖੁਦਾਈ ਬਾਰੇ ਦਿੱਤੇ ਬਿਆਨ ਨੂੰ ਨਿਰਾਧਾਰ ਕਰਾਰ ਦਿੱਤਾ ਹੈ।
ਕਾਂਗਰਸੀ ਆਗੂਆਂ ਨੇ ਆਪ ਦੀ ਪੰਜਾਬ ਡਾਇਲਾਗ ਕਮੇਟੀ ਦੇ ਚੇਅਰਮੈਨ ਸੰਧੂ ਅਤੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦੇ ਬਿਆਨ ਨੂੰ ਝੂਠਾਂ ਦੀ ਪੰਡ ਕਰਾਰ ਦਿੰਦਿਆਂ ਸਿਰੇ ਤੋਂ ਖਾਰਿਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਖੁਦਾਈ ਦੀ ਨੀਲਾਮੀ ਸਾਰਿਆਂ ਵਾਸਤੇ ਖੁੱਲ੍ਹੀ ਹੈ, ਤਾਂ ਖੁਦਾਈ ਦੇ ਬਿਜਨੇਸ ਨੂੰ ਗੈਰ ਕਾਨੂੰਨੀ ਕਹਿਣ ਅਤੇ ਕਾਂਗਰਸ ਤੇ ਅਕਾਲੀਆਂ ਵਿਚਾਲੇ ਮਿਲੀਭੁਗਤ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।
ਇਥੇ ਜ਼ਾਰੀ ਇਕ ਸਾਂਝੇ ਬਿਆਨ 'ਚ ਪ੍ਰਦੇਸ਼ ਕਾਂਗਰਸ ਦੇ ਆਗੂਆਂ ਗੁਰਕੀਰਤ ਸਿੰਘ ਕੋਟਲੀ, ਅਮਰੀਕ ਸਿੰਘ ਢਿਲੋਂ ਤੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਠੇਕੇ ਸੂਬਾ ਸਰਕਾਰ ਦੇ ਉਦਯੋਗਿਕ ਵਿਭਾਗ ਵੱਲੋਂ ਨੀਲਾਮ ਕੀਤੇ ਜਾਂਦੇ ਹਨ, ਤਾਂ ਉਨ੍ਹਾਂ ਹਾਲਾਤਾਂ 'ਚ ਗੈਰ ਕਾਨੂੰਨੀ ਖੁਦਾਈ ਬਾਰੇ ਸਵਾਲ ਹੀ ਪੈਦਾ ਨਹੀਂ ਹੁੰਦਾ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸੰਧੂ ਨੂੰ ਝੂਠੇ ਦੋਸ਼ ਲਗਾ ਕੇ ਸਾਡੇ ਤੋਂ ਸਪੱਸ਼ਟੀਕਰਨ ਮੰਗਣ ਦੀ ਬਜਾਏ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਉਹ ਬੀਤੇ ਸਾਲਾਂ ਦੌਰਾਨ ਅਕਾਲੀ ਸਰਕਾਰ ਤੋਂ ਕਈ ਫਾਇਦੇ ਲੈਂਦੇ ਰਹੇ ਹਨ। ਜਿਨ੍ਹਾਂ ਨੇ ਸੰਧੂ ਦੀ ਭਰੋਸੇਮੰਦੀ ਉਪਰ ਕਈ ਗੰਭੀਰ ਸਵਾਲ ਖੜ੍ਹੇ ਕਰਦਿਆਂ ਸਵਾਲ ਕੀਤਾ ਹੈ ਕਿ ਕਿਵੇਂ ਉਨ੍ਹਾਂ ਦੇ ਬੇਟੇ ਨੂੰ ਐਸ.ਸੀ.ਜੀ.ਪੀ ਅੰਮ੍ਰਿਤਸਰ 'ਚ ਚਲਾਏ ਜਾਂਦੇ ਮੈਡੀਕਲ ਕਾਲਜ਼ 'ਚ ਐਨ.ਆਰ.ਆਈ ਕੋਟੇ ਅਧੀਨ ਦਾਖਿਲਾ ਮਿੱਲ ਗਿਆ? ਕੀ ਉਨ੍ਹਾਂ ਨੇ ਤਤਕਾਲੀਨ ਐਸ.ਜੀ.ਪੀ.ਸੀ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਫਾਇਦਾ ਨਹੀਂ ਲਿਆ ਸੀ, ਜਿਹੜੇ ਆਪਣੀ ਬੇਟੀ ਦੇ ਮੌਤ ਦੇ ਮਾਮਲੇ 'ਚ ਵਿਵਾਦ 'ਚ ਘਿਰੀ ਹਨ? ਉਨ੍ਹਾਂ ਨੇ ਸੰਧੂ ਵੱਲੋਂ ਆਪਣੇ ਬੇਟੇ ਦੀ ਪੜ੍ਹਾਈ ਦੀ ਫੀਸ ਦੇਣ 'ਚ ਫੇਲ੍ਹ ਬਾਰੇ ਵੀ ਸਵਾਲ ਕੀਤੇ ਹਨ ਕਿ ਕੀ ਇਹ ਸੱਚ ਨਹੀਂ ਹੈ ਕਿ ਇਸ ਵਾਸਤੇ ਉਨ੍ਹਾਂ ਨੂੰ ਕਈ ਨੋਟਿਸ ਭੇਜੇ ਗਏ ਸਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਕਿ ਸੰਧੂ ਦੇ ਬੇਟੇ ਨੂੰ ਅਕਾਲੀ ਸ਼ਾਸਨ ਦੌਰਾਨ ਹੀ ਸੂਬਾ ਸਰਕਾਰ 'ਚ ਇਕ ਡਾਕਟਰ (ਪੰਜਾਬ ਸਿਵਲ ਮੈਡੀਕਲ ਸਰਵਿਸ) ਨਿਯੁਕਤ ਕੀਤਾ ਗਿਆ ਸੀ। ਲੇਕਿਨ ਜ਼ਲਦੀ ਹੀ ਪੀ.ਸੀ.ਐਮ.ਐਸ ਭਰਤੀ ਘੁਟਾਲਾ ਮੀਡੀਆ ਦੀਆਂ ਸੁਰਖੀਆਂ ਬਣਨ ਤੋਂ ਬਾਅਦ ਜਾਂਚ ਦੇ ਘੇਰੇ 'ਚ ਆ ਗਿਆ। ਜਿਹੜਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਵੀ ਗਿਆ। ਇਸ ਦੌਰਾਨ ਆਪਣੇ ਬੇਟੇ ਉਪਰ ਕਾਰਵਾਈ ਹੋਣ ਦੇ ਡਰ ਨਾਲ, ਜਿਸਨੇ ਗਲਤ ਤਰੀਕੇ ਨਾਲ ਪੀ.ਸੀ.ਐਮ.ਐਸ ਬਣਿਆ ਸੀ ਅਤੇ ਮੈਰਿਟ 'ਚ ਵੀ ਨਹੀਂ ਸੀ, ਸੰਧੂ ਨੇ ਸੇਵਾ ਤੋਂ ਇਕ ਸਾਲ ਬਾਅਦ ਹੀ ਆਪਣੇ ਬੇਟੇ ਤੋਂ ਅਸਤੀਫਾ ਦਿਲਾ ਦਿੱਤਾ। ਸੰਧੂ ਨੇ ਗੈਰ ਕਾਨੂੰਨੀ ਤਰੀਕੇ ਨਾਲ ਮੈਡੀਸਿਟੀ ਚੰਡੀਗੜ੍ਹ 'ਚ ਇਕ ਪਲਾਟ ਵੀ ਹਾਸਿਲ ਕੀਤਾ ਸੀ। ਸੰਧੂ ਨੂੰ ਇਹ ਵੀ ਖੁਲਾਸਾ ਕਰਨਾ ਚਾਹੀਦਾ ਹੈ ਕਿ ਕਿਉਂ ਉਨ੍ਹਾਂ ਨੇ ਮੈਡੀਸਿਟੀ 'ਚ ਪਲਾਟ ਰਾਹੀਂ ਫਾਇਦਾ ਲਿਆ, ਜਿਹੜਾ ਬਾਅਦ 'ਚ ਚਰਚਿਤ ਚੰਡੀਗੜ੍ਹ ਮੈਡੀਸਿਟੀ ਘੁਟਾਲਾ ਬਣ ਕੇ ਸਾਹਮਣੇ ਆਇਆ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਹੈ ਕਿ ਸਿਆਸੀ ਮਜ਼ਬੂਰੀਆਂ 'ਚ ਫੱਸ ਕੇ ਝੂਠੇ ਦੋਸ਼ ਲਗਾਉਣ ਦੀ ਬਜਾਏ ਸੰਧੂ ਨੂੰ ਪਹਿਲਾਂ ਉਪਰੋਕਤ ਜ਼ਿਕਰ ਕੀਤੇ ਮੁੱਦਿਆਂ 'ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਅਕਾਲੀਆਂ ਤੋਂ ਲਏ ਸਾਰਿਆਂ ਫਾਇਦਿਆਂ ਬਾਰੇ ਲੋਕਾਂ ਵਿਚਾਲੇ ਖੁਲਾਸਾ ਕਰਨਾ ਚਾਹੀਦਾ ਹੈ।