- ਯੂਨੀਵਰਸਿਟੀ ਵਿੱਚ ਰਾਜਨੀਤੀ ਨੂੰ ਮੁੜ ਸੁਰਜੀਤ ਕਰਨ ਵਿਦਿਆਰਥੀ : ਮੰਡ
ਅੰਮ੍ਰਿਤਸਰ, 17 ਫਰਵਰੀ 2021 - ਖੇਤੀਬਾੜੀ ਦੇ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਨੌਜਵਾਨ ਸਿੱਖ ਜਥੇਬੰਦੀ "ਸਿੱਖ ਯੂਥ ਆਫ਼ ਪੰਜਾਬ" ਅਤੇ ਵਿਦਿਆਰਥੀ ਜਥੇਬੰਦੀ "ਸੱਥ" ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਾਰਚ ਕਰਦਿਆਂ ਕਿਸਾਨਾਂ ਅਤੇ ਰਾਜਨੀਤਿਕ ਕਾਰਕੁੰਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕੀਤੀ ਹੈ।
ਇਸ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ, “ਪਿਛਲੇ ਕੁਝ ਮਹੀਨਿਆਂ ਤੋਂ ਲੱਖਾਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਨੀਤੀਆਂ ਖ਼ਿਲਾਫ਼ ਲੜਾਈ ਲੜ ਰਹੇ ਹਨ ਜੋ ਉਨ੍ਹਾਂ ਨੂੰ ਠੇਕੇਦਾਰਾਂ ਅਤੇ ਵੱਡੇ ਕਾਰਪੋਰੇਟਾਂ ਦੀ ਗ਼ੁਲਾਮੀ ਵਿੱਚ ਪਾਉਣਗੇ। ਉਹ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ, ਬਿਜਲੀ ਸੋਧ ਬਿੱਲ 2020 ਨੂੰ ਖਤਮ ਕਰਨ ਅਤੇ ਐਮਐਸਪੀ 'ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਕਿਸਾਨ ਕਾਨੂੰਨਾਂ ਖਿਲਾਫ਼ ਸੰਘਰਸ਼ ਕਤ ਰਹੇ ਹਨ ਓਥੇ ਹੀ ਮੋਦੀ ਸਰਕਾਰ ਵੱਖਰੀ ਸੁਰ ਰੱਖਣ ਵਾਲੇ ਅਲੱਗ-ਅਲੱਗ ਖੇਤਰ ਵਿੱਚ ਕੰਮ ਰਹੇ ਰਹੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈਕੇ ਸਮਾਜ ਅੰਦਰ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ ਤਾਂ ਇਹ ਜ਼ਰੂਰੀ ਬਣ ਗਿਆ ਹੈ ਕਿ ਵਿਦਿਆਰਥੀ ਭਾਈਚਾਰਾ ਕਿਸਾਨਾਂ ਅਤੇ ਗ੍ਰਿਫ਼ਤਾਰ ਕੀਤੇ ਜਾ ਰਹੇ ਕਾਰਕੁਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ। ”
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਵਿੱਚ ਰਾਜਨੀਤੀ ਨੂੰ ਮੁੜ ਸੁਰਜੀਤ ਕਰਨ ਲਈ ਜਥੇਬੰਦ ਹੋਣ।
22 ਸਾਲਾਂ ਵਾਤਾਵਰਣ ਕਾਰਕੁਨ ਦਿਸ਼ਾ ਰਵੀ "ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਨ ਲਈ ਗ੍ਰਿਫਤਾਰ ਕੀਤਾ ਹੈ "ਦੀ ਗ੍ਰਿਫਤਾਰੀ 'ਤੇ ਟਿੱਪਣੀ ਕਰਦਿਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਤਾਵਰਨ ਸਿੱਖਿਆ ਵਿਭਾਗ ਤੋਂ ਅੈਮ.ਅੈਸ.ਈ. ਕਰ ਚੁੱਕੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਮੋਦੀ ਦੇ ਸ਼ਾਸਨ ਵਿੱਚ ਕਿਸਾਨਾਂ ਲਈ ਇੱਕ ਟਵੀਟ ਪੋਸਟ ਕਰਨਾ ਵੀ ਅਪਰਾਧ ਬਣ ਗਿਆ ਹੈ।
ਸੱਥ ਦੇ ਮੁੱਖ ਸੇਵਾਦਾਰ ਜੁਝਾਰ ਸਿੰਘ ਨੇ ਦੀਪ ਸਿੱਧੂ ਸ਼ਿਵ ਕੁਮਾਰ, ਨੋਦੀਪ ਕੌਰ, ਰਨਜੀਤ ਸਿੰਘ ਅਤੇ ਹੋਰ ਕਈਆਂ ਦੀ ਗ੍ਰਿਫ਼ਤਾਰੀ 'ਤੇ ਡੂੰਘੀ ਚਿੰਤਾ ਪਰਗਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਮਨੁੱਖੀ ਅਧਿਕਾਰਾਂ ਨੂੰ ਬਰਕਰਾਰ ਰੱਖੇ। ਉਨ੍ਹਾਂ ਕਿਹਾ ਕਿ ਇਹ ਤਰਾਸਦੀ ਦੀ ਗੱਲ ਹੈ ਕਿ ਅਜਿਹਾ ਕਰਨ ਦੀ ਬਜਾਏ ਸਰਕਾਰ ਇਨ੍ਹਾਂ ਦੇ ਹੱਕਾਂ ਨੂੰ ਕੁਚਲਣ 'ਤੇ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨ ਦੀ ਮੰਗ ਸਵੀਕਾਰ ਕਰਦਿਆਂ ਤਿੰਨੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਅਤੇ ਸਾਰੇ ਪ੍ਰਦਰਸ਼ਨਕਾਰੀਆਂ ਅਤੇ ਕਾਰਕੁਨਾਂ ਨੂੰ ਬਿਨਾ ਸ਼ਰਤ ਤੁਰੰਤ ਰਿਹਾ ਕਰਨਾ ਚਾਹੀਦਾ ਹੈ।