ਫ਼ਿਰੋਜ਼ਪੁਰ ਰੋਡ 'ਤੇ 1100 ਕਰੋੜ ਦੀ ਐਲੀਵੇਟਿਡ ਰੋਡ ਬਣਾਉਣ ਦਾ ਐਲਾਨ
ਲੁਧਿਆਣਾ, 26 ਅਗਸਤ 2016: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਇਸ ਪਾਰਟੀ ਦੇ ਵੱਖਵਾਦੀ ਤਾਕਤਾਂ ਨਾਲ ਸਿੱਧੇ ਸਬੰਧ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਥਾਪੇ ਗਏ ਸਹਿ-ਕਨਵੀਨਰ ਵਿਧਾਇਕ ਜਰਨੈਲ ਸਿੰਘ ਨੇ ਹਾਲ ਹੀ ਵਿੱਚ ਵਿਦੇਸ਼ੀ ਦੌਰਿਆਂ ਸਮੇਂ ਗਰਮ ਦਲੀਆਂ ਨਾਲ ਮੀਟਿੰਗਾਂ ਦੌਰਾਨ ਪੰਜਾਬ ਵਿੱਚ ਸੱਤ੍ਹਾ ਹਾਸਲ ਕਰਵਾਉਣ ਵਿੱਚ ਸਾਥ ਦੇਣ ਦੇ ਬਦਲੇ ਉਨ੍ਹਾਂ ਨੂੰ ਸ੍ਰੋਮਣੀ ਕਮੇਟੀ 'ਤੇ ਕਬਜ਼ਾ ਕਰਵਾਉਣ ਦਾ ਲਾਲਚ ਦਿੱਤਾ ਹੈ।
ਅੱਜ ਇੱਥੇ ਸ਼ਹਿਰ ਵਿੱਚ ਵੱਖ-ਵੱਖ ਸਮਾਗਮਾਂ ਵਿੱਚ ਭਾਗ ਲੈਣ ਉਪਰੰਤ ਸਥਾਨਕ ਨਿਰਵਾਣਾ ਕਲੱਬ ਵਿਖੇ ਉੱਪ ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਜੇਕਰ ਆਪ ਦਾ ਕੋਈ ਨੇਤਾ ਜਾਂ ਕੋਈ ਹੋਰ ਵਿਅਕਤੀ ਆਪ ਨੇਤਾਵਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਲਿਖਤੀ ਸ਼ਿਕਾਇਤ ਦਿੰਦਾ ਹੈ ਤਾਂ ਸਰਕਾਰ ਉਸ ਦੀ ਪੜਤਾਲ ਕਰਵਾਉਣ ਲਈ ਤਿਆਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਵੱਖ-ਵੱਖ ਪਾਰਟੀਆਂ ਅਤੇ ਲੋਕਾਂ ਦੇ ਨਕਾਰੇ ਨੇਤਾਵਾਂ ਨਾਲ ਬਣੀ ਇਸ ਮਿਲਗੋਭਾ ਪਾਰਟੀ ਦੇ ਆਗੂਆਂ ਦਾ ਮੁੱਖ ਏਜੰਡਾ ਕੇਵਲ ਤੇ ਕੇਵਲ ਪੰਜਾਬ ਨੂੰ ਲੁੱਟਣਾ ਹੈ।
ਇਸ ਤੋਂ ਪਹਿਲਾਂ ਵਪਾਰੀਆਂ ਦੇ ਇਕੱਠ ਨਾਲ ਮਿਲਣੀ ਮੌਕੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਲੋਕਾਂ ਅਤੇ ਵਪਾਰੀਆਂ ਨਾਲ ਜੋ ਵਾਅਦੇ ਕੀਤੇ, ਉਨ੍ਹਾਂ 'ਤੇ ਅਕਾਲੀ-ਭਾਜਪਾ ਸਰਕਾਰ ਖਰੀ ਉੱਤਰੀ ਹੈ ਅਤੇ ਰਾਜ ਨੂੰ ਬਿਜਲੀ ਵਿੱਚ ਆਤਮ ਨਿਰਭਰ ਸੂਬਾ ਬਣਾਇਆ, ਦੇਸ਼ ਦਾ ਬੇਹਤਰੀਨ ਸੜ੍ਹਕੀ ਜਾਲ ਵਿਛਾਇਆ, ਬੇਹਤਰ ਹਵਾਈ ਸੰਪਰਕ ਸਥਾਪਿਤ ਕੀਤੇ ਅਤੇ ਸਨਅਤਕਾਰਾਂ ਦੀ ਸਹੂਲਤ ਮੁਤਾਬਕ ਰਿਆਇਤਾਂ ਦਿੱਤੀਆਂ ਅਤੇ ਉਦਾਰ ਨੀਤੀਆਂ ਲਾਗੂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਨਅਤਾਂ ਨੂੰ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਅਤੇ ਅਜ਼ਾਦ ਹਿੰਦੁਸਤਾਨ ਵਿੱਚ ਪਹਿਲੀ ਵਾਰ ਕਿਸੇ ਸੂਬੇ ਨੇ ਸਨਅਤੀ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ ਹੈ।
ਲੁਧਿਆਣਾ ਦੇ ਸਨਅਤਕਾਰਾਂ ਦੀ ਮੰਗ 'ਤੇ ਸ. ਬਾਦਲ ਨੇ ਸਨਅਤੀ ਬਿਜਲੀ ਕੁਨੈਕਸ਼ਨਾਂ ਵਿੱਚ ਐਨ.ਓ.ਸੀ. ਦੀ ਲਾਜ਼ਮੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ। ਸ਼ਹਿਰ ਦੇ ਵਿਕਾਸ ਸਬੰਧੀ ਖੁਲਾਸਾ ਕਰਦਿਆਂ ਉਨ੍ਹਾਂ ਆਖਿਆ ਕਿ ਸਰਕਾਰ ਪਹਿਲਾਂ ਹੀ ਲੁਧਿਆਣਾ ਦੇ ਵਿਕਾਸ 'ਤੇ 2400 ਕਰੋੜ ਰੁਪਏ ਖਰਚ ਕਰ ਚੁੱਕੀ ਹੈ ਅਤੇ ਅਗਲੇ ਪੰਜ ਸਾਲਾਂ ਦੌਰਾਨ 3000 ਕਰੋੜ ਰੁਪਈਆ ਹੋਰ ਖਰਚ ਕਰਕੇ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਹੌਜ਼ਰੀ ਸਨਅਤਾਂ ਲਈ ਕੌਮੀ ਇਮਾਰਤੀ ਕੋਡ ਮੁਤਾਬਕ ਮੌਜੂਦਾ ਢਾਈ ਮੰਜ਼ਿਲਾਂ ਤੋਂ ਵਧੇਰੇ ਉਚਾਈ 'ਤੇ ਲਿਜਾਣ ਦੀ ਇਜ਼ਾਜ਼ਤ ਦੇਣ ਸਬੰਧੀ ਜਲਦ ਅਮਲੀ ਜਾਮਾ ਪਹਿਨਾਉਣ ਦਾ ਭਰੋਸਾ ਦਿੱਤਾ। ਹੌਜ਼ਰੀ ਸਨਅਤਕਾਰਾਂ ਦੀ ਹੀ ਧਾਗੇ 'ਤੇ ਵੈਟ ਨੂੰ ਤਰਕ ਸੰਗਤ ਬਣਾਉਣ ਸਬੰਧੀ ਇੱਕ ਹੋਰ ਅਹਿਮ ਮੰਗ 'ਤੇ ਉਨ੍ਹਾਂ ਮੌਕੇ 'ਤੇ ਹੀ ਆਬਕਾਰੀ ਤੇ ਕਰ ਕਮਿਸ਼ਨਰ ਨੂੰ ਅਗਲੇ ਦਿਨਾਂ ਵਿੱਚ ਮੀਟਿੰਗ ਕਰਨ ਦੇ ਆਦੇਸ਼ ਦਿੱਤੇ।
ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ ਦੇ ਮਾਮਲੇ 'ਤੇ ਉਨ੍ਹਾਂ ਐਲਾਨ ਕੀਤਾ ਕਿ ਇਸ ਸਬੰਧੀ ਅਸਾਨ ਨੀਤੀ ਮੰਤਰੀ ਮੰਡਲ ਵੱਲੋਂ ਮਨਜੂਰ ਹੋ ਚੁੱਕੀ ਹੈ ਅਤੇ ਜਲਦ ਹੀ ਲਾਗੂ ਕਰ ਦਿੱਤੀ ਜਾਵੇਗੀ। ਮੁਖਤਿਆਰਨਾਮਿਆਂ ਦੇ ਅਧਾਰ 'ਤੇ ਮਕਾਨਾਂ ਦੀ ਰਜਿਸਟਰੀ 'ਤੇ ਪਾਬੰਦੀ ਸਬੰਧੀ ਉਨ੍ਹਾਂ ਨੇ ਡੀ.ਸੀ. ਨੂੰ ਇਸ 'ਤੇ ਵਿਚਾਰ ਕਰਨ ਲਈ ਆਖਿਆ। ਸ਼ਹਿਰ ਵਿੱਚ ਬੁੱਢੇ ਨਾਲੇ ਦੀ ਮੌਜੂਦਾ ਹਾਲਤ ਦੇ ਸੁਧਾਰ ਲਈ ਉਨ੍ਹਾਂ 600 ਕਰੋੜ ਰੁਪਏ ਦੇ ਵਿਸ਼ੇਸ਼ ਸੁੰਦਰੀਕਰਨ ਦੇ ਪ੍ਰਾਜੈਕਟ 'ਤੇ ਜਲਦ ਕੰਮ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ। ਸ. ਬਾਦਲ ਨੇ ਕਿਹਾ ਜ਼ਿਲ੍ਹੇ ਵਿੱਚ ਧਨਾਨਸੂ ਵਿਖੇ 400 ਏਕੜ ਵਿੱਚ ਸਥਾਪਿਤ ਹੋ ਰਹੀ ਸਾਈਕਲ ਵੈਲੀ ਨਾਲ ਲੁਧਿਆਣਾ ਦੀ ਦਰਮਿਆਨੀਆਂ ਅਤੇ ਵੱਡੀਆਂ ਸਾਈਕਲ ਸਨਅਤਾਂ ਨੂੰ ਵੱਡਾ ਲਾਭ ਪੁੱਜੇਗਾ ਅਤੇ ਨਵੀਨਤਮ ਤਕਨੀਕ ਵਾਲੇ ਮਹਿੰਗੇ ਸਾਈਕਲਾਂ ਦੀ ਮਾਰਕੀਟ ਵਧੇਗੀ।
ਸ. ਬਾਦਲ ਨੇ ਲੁਧਿਆਣਾ ਸ਼ਹਿਰ ਤੋਂ ਸਮਰਾਲਾ ਚੌਂਕ ਤੱਕ ਕਾਰਪੋਰੇਸ਼ਨ ਦੀ ਹੱਦ (ਐਨ.ਐਚ-95) ਤੱਕ ਚਾਰ ਮਾਰਗੀ ਐਲੀਵੇਟਡ ਰੋਡ ਅਤੇ ਲਾਢੂਵਾਲ ਬਾਈਪਾਸ-ਐਨ.ਐਚ-95 ਨੂੰ ਐਨ.ਐਚ-1 ਵਾਇਆ ਲਾਢੂਵਾਲ ਸੀਡ ਫਾਰਮ ਨਾਲ ਜੋੜਦੇ ਬਾਈਪਾਸ ਦੇ 1238 ਕਰੋੜ ਰੁਪਏ ਦੇ ਪ੍ਰਾਜੈਕਟਾਂ 'ਤੇ ਅਗਲੇ ਮਹੀਨੇ ਤੱਕ ਕੰਮ ਸ਼ੁਰੂ ਕਰਵਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਕੇਂਦਰੀ ਸੜ੍ਹਕ ਮੰਤਰੀ ਸ੍ਰੀ ਨਿਤਿਨ ਗਡਕਰੀ ਜਲਦ ਹੀ ਖਰੜ-ਲੁਧਿਆਣਾ ਸੜਕ ਨੂੰ 4-6 ਮਾਰਗੀ ਕਰਨ ਲਈ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ 2070 ਕਰੋੜ ਰੁਪਏ ਦੇ ਪ੍ਰੋਜੈਕਟ ਅਤੇ ਫਗਵਾੜਾ-ਰੂਪਨਗਰ ਕੌਮੀ ਸ਼ਾਹਰਾਹ 344-ਏ ਨੂੰ ਚੌੜਾ ਕਰਨ ਦੇ 1444.42 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਅਗਲੇ ਮਹੀਨੇ ਨੀਂਹ ਪੱਥਰ ਰੱਖਣ ਆ ਰਹੇ ਹਨ। ਸ. ਬਾਦਲ ਨੇ ਦੱਸਿਆ ਕਿ ਦਿੱਲੀ-ਅਮ੍ਰਿਤਸਰ ਸੜ੍ਹਕ ਬਰਾਸਤਾ ਬਰਨਾਲਾ, 30000 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਜਿਸ ਨਾਲ 150 ਕਿਲੋਮੀਟਰ ਦੀ ਦੂਰੀ ਘੱਟ ਜਾਵੇਗੀ। ਇਸ ਦੇ ਨਾਲ ਹੀ ਜਲੰਧਰ ਤੋਂ ਅਜਮੇਰ ਬਰਾਸਤਾ ਮੋਗਾ-ਬਠਿੰਡਾ ਵੀ ਅਗਲੇ ਦੋ ਸਾਲਾਂ ਵਿੱਚ ਤਿਆਰ ਹੋ ਜਾਵੇਗੀ, ਜਿਸ ਨਾਲ ਪੰਜਾਬ ਦੇ ਵਪਾਰੀਆਂ ਨੂੰ ਗੁਜਰਾਤ ਬੰਦਰਗਾਹ ਨਾਲ ਜੁੜਨਾ ਅਸਾਨ ਹੋ ਜਾਵੇਗਾ।
ਇਸ ਤੋਂ ਪਹਿਲਾਂ ਉਨ੍ਹਾਂ ਸ਼ਹਿਰ ਵਾਸੀਆਂ ਲਈ ਬੇਹਤਰ ਜਲ ਸਪਲਾਈ ਸਹੂਲਤ ਦੇਣ ਲਈ ਜਮਾਲਪੁਰ ਨੇੜੇ ਚੰਡੀਗੜ੍ਹ ਰੋਡ 'ਤੇ ਵਾਰਡ ਨੰ. 12 ਵਿੱਚ 93 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਵੀ ਰੱਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ, ਸ੍ਰੀ ਐਨ.ਕੇ.ਸ਼ਰਮਾ ਤੇ ਸ੍ਰੀ ਦਰਸ਼ਨ ਸਿੰਘ ਸ਼ਿਵਾਲਿਕ, ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਵਿੱਤ ਕਮਿਸ਼ਨਰ ਕਰ ਸ੍ਰੀ ਡੀ.ਪੀ. ਰੈਡੀ, ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਵਿਸ਼ੇਸ਼ ਪ੍ਰਮੁੱਖ ਸਕੱਤਰ/ਉੱਪ ਮੁੱਖ ਮੰਤਰੀ ਸ੍ਰੀ ਰਾਹੁਲ ਤਿਵਾੜੀ ਤੇ ਸ੍ਰੀ ਅਜੇ ਮਹਾਜਨ, ਪੰਜਾਬ ਟ੍ਰੇਡਰਜ਼ ਬੋਰਡ ਦੇ ਚੇਅਰਮੈਨ ਸ੍ਰੀ ਨਰੋਤਮ ਦੇਵ ਰੱਤੀ, ਸ੍ਰੋਮਣੀ ਅਕਾਲੀ ਦਲ ਦੇ ਟ੍ਰੇਡਰਜ਼ ਵਿੰਗ ਦੇ ਜ਼ੋਨ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ, ਮੇਅਰ ਸ੍ਰੀ ਹਰਚਰਨ ਸਿੰਘ ਗੋਹਲਵੜੀਆ, ਡੀ.ਸੀ. ਰਵੀ ਭਗਤ ਅਤੇ ਕਮਿਸ਼ਨਰ ਪੁਲੀਸ ਜਤਿੰਦਰ ਸਿੰਘ ਔਲਖ ਅਤੇ ਸਾਬਕਾ ਮੰਤਰੀ ਸ. ਹੀਰਾ ਸਿੰਘ ਗਾਬੜੀਆ ਵੀ ਮੌਜੂਦ ਸਨ।