ਚੰਡੀਗੜ੍ਹ, 21 ਸਤੰਬਰ, 2016 : ਆਪ ਨੂੰ ਪੰਜਾਬ 'ਚ ਬਗੈਰ ਕਿਸੇ ਸ਼ਰਤ ਸਮਰਥਨ ਦੇਣ ਵਾਲੇ ਪੰਜਾਬ ਲੋਕ ਹਿੱਤ ਅਭਿਆਨ ਦੇ ਕਨਵੀਨਰ ਸ. ਜਗਮੀਤ ਸਿੰਘ ਬਰਾੜ ਨੇ ਅਵਾਜ਼-ਏ-ਪੰਜਾਬ ਵੱਲੋਂ ਨਵੀਂ ਸਿਆਸੀ ਪਾਰਟੀ ਨਾ ਬਣਾਏ ਜਾਣ ਸਬੰਧੀ ਐਲਾਨ ਦਾ ਸਵਾਗਤ ਕੀਤਾ ਹੈ।
ਇਸ ਲੜੀ ਹੇਠ ਬਰਾੜ ਨੇ ਕਿਹਾ ਕਿ ਉਹ ਮੇਰੇ ਭਰਾਵਾਂ ਨਵਜੋਤ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਵੱਲੋਂ ਲਏ ਗਏ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਸਾਨੂੰ 20 ਸਾਲਾਂ ਤੱਕ ਪੰਜਾਬ ਨੂੰ ਲੁੱਟਣ ਵਾਲੇ ਅਕਾਲੀ-ਕਾਂਗਰਸ ਦੀ 5-5 ਸਾਲ ਦੀ ਡੀਲ ਤੋਂ ਸੂਬੇ ਨੂੰ ਬਚਾਉਣ ਵਾਸਤੇ ਭਰਾ ਬਣ ਕੇ ਇਕ ਦੂਜਿਆਂ ਦੀਆਂ ਬਾਹਾਂ ਵਾਂਗ ਕਰਨਾ ਚਾਹੀਦਾ ਹੈ।
ਸਿੱਧੂ, ਪਰਗਟ ਤੇ ਬੈਂਸ ਭਰਾਵਾਂ ਨੇ ਬੀਤੇ ਸਮੇਂ ਦੌਰਾਨ ਪੰਜਾਬ ਦੇ ਹਿੱਤ ਵਾਸਤੇ ਕੰਮ ਕੀਤਾ ਹੈ। ਚੰਡੀਗੜ੍ਹ ਵਿਖੇ ਇਨ੍ਹਾਂ ਦੀ ਪ੍ਰੈਸ ਕਾਨਫਰੰਸ ਮੌਕੇ ਇਕ ਵੀਡੀਓ ਰਿਲੀਜ਼ ਕਰਕੇ ਉਨ੍ਹਾਂ ਨੇ ਇਨ੍ਹਾਂ ਸਾਥੀਆਂ ਦੇ ਚੰਗੇ ਕੰਮਾਂ ਤੇ ਸਾਫ ਅਕਸ ਦਾ ਸਵਾਗਤ ਕੀਤਾ ਸੀ ਅਤੇ ਕਿਹਾ ਸੀ ਕਿ ਇਨ੍ਹਾਂ ਦਾ ਉਹ ਚੰਗੇ ਸਾਥੀਆਂ ਵਜੋਂ ਸਨਮਾਨ ਕਰਦੇ ਹਨ ਅਤੇ ਦਿਲੋਂ ਅਪੀਲ ਕਰਕੇ ਇਨ੍ਹਾਂ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹਨ। ਜਦਕਿ ਅੱਜ ਉਹ ਪੰਜਾਬ 'ਚ ਸੱਭ ਤੋਂ ਖੁਸ਼ ਵਿਅਕਤੀ ਹਨ, ਕਿਉਂਕਿ ਇਕੱਠੇ ਕੰਮ ਕਰਦਿਆਂ ਅਸੀਂ ਪੰਜਾਬ ਦਾ ਭਵਿੱਖ ਉੱਜਵਲ ਤੇ ਖੁਸ਼ਹਾਲ ਬਣਾਵਾਂਗੇ।
ਬਰਾੜ ਨੇ ਕਿਹਾ ਕਿ ਮੇਰੇ ਮਨ 'ਚ ਉਨ੍ਹਾਂ ਪ੍ਰਤੀ ਬਹੁਤ ਸਨਮਾਨ ਹੈ। ਮੇਰੇ ਉਨ੍ਹਾਂ ਨਾਲ ਵਧੀਆ ਸਬੰਧ ਹਨ ਅਤੇ ਆਉਂਦਿਆਂ ਦਿਨਾਂ 'ਚ ਇਨ੍ਹਾਂ ਦਾ ਤਹਿ ਦਿਲੀ ਸਨਮਾਨ ਕਰਾਂਗਾ, ਇਨ੍ਹਾਂ ਨੂੰ ਮਿੱਲਣ ਜਾਵਾਂਗਾ ਅਤੇ ਅਗਲਾ ਕਦਮ ਚੁੱਕਦਿਆਂ ਆਪ 'ਚ ਪੰਜਾਬ ਦੇ ਲੋਕਾਂ ਦੀ ਉਮੀਦ ਨੂੰ ਬਗੈਰ ਕਿਸੇ ਸ਼ਰਤ ਸਮਰਥਨ ਦੇਣ ਦੀ ਅਪੀਲ ਕਰਾਂਗਾ। ਜਿਵੇਂ ਲੋਕ ਹਿੱਤ ਅਭਿਆਨ 'ਚ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਕੀਤਾ ਹੈ। ਅਸੀਂ ਹਮੇਸ਼ਾ ਪੰਜਾਬ ਨੂੰ ਉਪਰ ਰੱਖਿਆ ਹੈ। ਜਦਕਿ ਵੋਟਾਂ ਦੀ ਵੰਡ ਬਾਰੇ ਉਨ੍ਹਾਂ ਨੇ ਕਿਹਾ ਕਿ ਅੱਜ ਇਹ ਕਹਿਣਾ ਔਖਾ ਹੈ ਕਿ ਸਰਕਾਰ ਵਿਰੋਧੀ ਹਰ ਇਕ ਵੋਟ ਇਕੋ ਪੱਖ 'ਚ ਹੈ, ਇਸ ਕਰਕੇ ਉਹ ਆਪਣੇ ਭਰਾਵਾਂ ਨੂੰ ਵਿਅਕਤੀਗਤ ਤੇ ਸਿਆਸੀ ਉਦੇਸ਼ ਸਾਈਡ ਰੱਖ ਕੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਇਕਜੁੱਟ ਹੋਣ ਤੇ ਸੱਚੇ ਪੁੱਤਰਾਂ ਵਾਂਗ ਸਾਡੀ ਮਾਂ ਪੰਜਾਬ ਦੀ ਸੇਵਾ ਕਰਨ ਦੀ ਅਪੀਲ ਕਰਦੇ ਹਨ। ਉਨ੍ਹਾਂ ਨੇ ਅਖੀਰ 'ਚ ਕਿਹਾ ਕਿ ਅਗਲੇ ਤਿੰਨ ਦਿਨਾਂ ਤੱਕ ਸ੍ਰੀ ਪਟਨਾ ਸਾਹਿਬ ਵਿਖੇ ਹੋਣ ਵਾਲੀ ਅੰਤਰਰਾਸ਼ਟਰੀ ਸਿੱਖ ਕਾਨਫਰੰਸ ਤੋਂ ਪਰਤਣ ਤੋਂ ਬਾਅਦ ਉਹ ਸਿੱਧੂ, ਬੈਂਸ ਭਰਾਵਾਂ ਤੇ ਪਰਗਟ ਸਿੰਘ ਨਾਲ ਸੰਪਰਕ ਕਰਨਗੇ।