ਰਾਜਵੰਤ ਸਿੰਘ
- 26 ਜਨਵਰੀ ਦੀ ਦਿੱਲੀ ਪਰੇਡ ਨੂੰ ਲੈ ਕੇ ਕਿਸਾਨਾਂ ’ਚ ਜ਼ਜ਼ਬਾ ਸਿਖ਼ਰਾਂ ’ਤੇ
- ਕਾਫ਼ਲਿਆਂ ਜ਼ਰੀਏ ਖੇਤਰ ਦੇ ਕਿਸਾਨ ਦਿੱਲੀ ਵੱਲ ਕਰਨ ਲੱਗੇ ਹਨ ਕੂਚ
- ਦਿੱਲੀ ਵਾਂਗ ਹੋਰਨਾਂ ਸੂਬਿਆਂ ਅੰਦਰ ਵੀ ਆਏ ਦਿਨ ਕੇਂਦਰ ਸਰਕਾਰ ਨੂੰ ਪੈਂਦੀਆਂ ਹਨ ਦੁਹਾਈਆਂ
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ 2021 - ਹਰ ਸਾਲ ਮਨਾਇਆ ਜਾਂਦਾ 26 ਜਨਵਰੀ ਦਾ ਇਤਿਹਾਸਿਕ ਦਿਨ ਗਣਤੰਤਰ ਦਿਵਸ ਇਸ ਵਾਰ ਕਿਸਾਨੀ ਸੰਘਰਸ਼ ਦੇ ਨਾਂਅ ਰਹਿਣ ਵਾਲਾ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਮਾਹੌਲ ਤਨਾਅਪੂਰਨ ਬਣਦਾ ਜਾ ਰਿਹਾ ਹੈ। ਭਾਵੇਂ ਕਿ ਹੁਣ ਤੱਕ ਕੇਂਦਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਬੇਸਿੱਟਾ ਰਹੀਆਂ ਹਨ, ਪਰ ਕਿਸਾਨਾਂ ਵੱਲੋਂ ਆਏ ਦਿਨ ਨਵਾਂ ਐਕਸ਼ਨ ਪਲਾਨ ਕਰਕੇ ਆਪਣਾ ਰੋਹ ਵਿਖਾਇਆ ਜਾ ਰਿਹਾ ਹੈ। ਕਈ ਸੰਘਰਸ਼ਾਂ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਨੂੰ ਦਿੱਲੀ ਅੰਦਰ ਪ੍ਰਵੇਸ਼ ਕਰਨ ਤੇ ਟਰੈਕਟਰ ਪਰੇਡ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਸਬੰਧੀ ਪੰਜਾਬ ਦੀ ਤਰ੍ਹਾ ਹੋਰਨਾਂ ਸੂਬਿਆਂ ਤੋਂ ਵੀ ਕਿਸਾਨਾਂ ਨੇ ਆਪਣੀਆਂ ਤਿਆਰੀਆਂ ਖਿੱਚ ਲਈਆਂ ਹਨ। ਪੰਜਾਬ ਅੰਦਰੋਂ ਆਏ ਦਿਨ ਵੱਡੇ ਪੱਧਰ ’ਤੇ ਟਰੈਕਟਰ ਕਾਫ਼ਲੇ ਦਿੱਲੀ ਵੱਲ ਕੂਚ ਕਰਨ ਲੱਗੇ ਹਨ। ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਲਈ ਬੇਤਾਬ ਹਨ।
ਕਿਸਾਨੀ ਲਹਿਰ ਨਾਲ ਜੁੜਦੇ ਲੋਕ ਜਿੱਥੇ ਆਪਣੇ ਆਪ ਨੂੰ ਭਾਗਾਂ ਵਾਲਾ ਦੱਸਦੇ ਹਨ, ਉਥੇ ਹੀ ਕੇਂਦਰ ਸਰਕਾਰ ਖ਼ਿਲਾਫ਼ ਵੀ ਦਿਨੋ ਦਿਨ ਰੋਹ ਪ੍ਰਚੰਡ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪੰਜਾਬ ਅੰਦਰੋਂ ਸਿਰਫ਼ ਕਿਸਾਨ ਹੀ ਨਹੀਂ, ਸਗੋਂ ਬੀਬੀਆਂ, ਨੌਜਵਾਨ ਤੇ ਬੱਚੇ ਵੀ ਦਿੱਲੀ ਸਰਕਾਰ ਨਾਲ ਮੱਥਾ ਲਗਾਉਣ ਤੋਂ ਪਿੱਛੇ ਨਹੀਂ ਹੱਟ ਰਹੇ। ਇਸ ਸਮੇਂ ਪੰਜਾਬ ਅੰਦਰੋਂ ਵੱਡਾ ਹਿੱਸਾ ਕਿਸਾਨ, ਨੌਜਵਾਨ, ਬੀਬੀਆਂ ਤੇ ਬੱਚੇ ਦਿੱਲੀ ਬਾਰਡਰਾਂ ’ਤੇ ਮੌਜੂਦ ਹਨ। ਆਏ ਦਿਨ ਦਿਲ ਦਾ ਦੌਰਾ ਪੈਣ ਕਰਕੇ ਕਿਸਾਨ ਭਰਾਵਾਂ ਦੀ ਹੁੰਦੀ ਮੌਤ ਵੀ ਸੰਘਰਸ਼ਕਾਰੀਆਂ ਦੇ ਮਨਾਂ ਨੂੰ ਭਾਵੇਂ ਨਿਰਾਸ਼ ਕਰਦੀ ਹੈ, ਪਰ ਆਪਣਾ ਵਜੂਦ ਬਚਾਉਣ ਖ਼ਾਤਰ ਫ਼ਿਰ ਵੀ ਕਿਸਾਨ ਧਰਨਿਆਂ ’ਤੇ ਡਟੇ ਹੋਏ ਹਨ। ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਵੀ ਕਿਸਾਨਾਂ ਨੂੰ 26 ਜਨਵਰੀ ਨੂੰ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨ ਦੀ ਅਪੀਲ ਕੀਤੀ ਹੈ, ਜਿਸ ’ਤੇ ਕਿਸਾਨਾਂ ਨੇ ਵੀ ਤਰਕ ਦਿੱਤਾ ਕਿ ਉਹ ਸੰਘਰਸ਼ ਸ਼ਾਂਤਮਈ ਰੱਖਣਗੇ, ਪਰ ਦਿੱਲੀ ਵਿੱਚ ਐਂਟਰੀ ਕਰਕੇ ਦਿੱਲੀ ਸਰਕਾਰ ਨੂੰ ਜ਼ਰੂਰ ਹਲੂਨਣਗੇ। 26 ਜਨਵਰੀ ਨੂੰ ਲੈ ਕੇ ਪੰਜਾਬ ਅੰਦਰ ਤਿਆਰੀਆਂ ਸਿਖਰਾਂ ’ਤੇ ਹਨ। ਕਿਸਾਨਾਂ ਵੱਲੋਂ ਟਰੈਕਟਰਾਂ ਦੀ ਮੁਰੰਮਤ ਦੇ ਨਾਲ-ਨਾਲ ਉਨ੍ਹਾਂ ਨੂੰ ਸ਼ਿਗਾਰਿਆ ਜਾ ਰਿਹਾ ਹੈ ਤੇ ਟਰੈਕਟਰਾਂ ’ਤੇ ਕਿਸਾਨੀ ਝੰਡੇ ਲਗਾਏ ਜਾ ਰਹੇ ਹਨ। 26 ਜਨਵਰੀ ਦੀ ਟਰੈਕਟਰ ਪਰੇਡ ਲਈ ਪੰਜਾਬ ਅੰਦਰੋਂ ਲਗਾਤਾਰ ਕਾਫ਼ਲੇ ਦਿੱਲੀ ਲਈ ਰਵਾਨਾ ਹੋ ਰਹੇ ਹਨ।
ਹਰ ਸੂਬੇ ਦੇ ਕਿਸਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਕੋਸਣ ਲੱਗੇ
ਖੇਤੀ ਬਿੱਲਾਂ ਦਾ ਵਿਰੋਧ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੰਜਾਬ ਦੇ ਛੋਟੇ ਭਾਈ ਮੰਨੇ ਜਾਂਦੇ ਸੂਬੇ ਹਰਿਆਣਾ ਵਾਂਗ ਉਤਰ ਪ੍ਰਦੇਸ਼ ਆਦਿ ਸੂਬਿਆਂ ਵਿੱਚ ਵੀ ਦਿਖਾਈ ਦੇ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਉਨ੍ਹਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਹੋ ਜਾਣਗੀਆਂ ਤੇ ਉਹ ਆਪਣੇ ਹੀ ਖੇਤਾਂ ਅੰਦਰ ਮਜ਼ਦੁੂਰੀ ਕਰਨਗੇ। ਆਪਣਾ ਵਜੂਦ ਬਚਾਉਣ ਤੇ ਬੱਚਿਆਂ ਦੇ ਭਵਿੱਖ ਖ਼ਾਤਰ ਅੱਜ ਵੱਖ-ਵੱਖ ਸੂਬਿਆਂ ਦੇ ਕਿਸਾਨ ਇਕ ਮੰਚ ’ਤੇ ਇਕੱਠੇ ਹਨ। ਕਿਸਾਨਾਂ ਦਾ ਨਾਅਰਾ ਹੈ ਕਿ ਖੇਤੀ ਕਾਨੂੰਨ ਰੱਦ ਹੋਣ। ਮੌਸਮ ਤੇ ਸਰਕਾਰ ਦੀ ਬੇਰੁਖ਼ੀ ਵੀ ਕਿਸਾਨਾਂ ਦੇ ਅੰਦੋਲਨ ਨੂੰ ਡਾਵਾਂਡੋਲ ਨਹੀਂ ਕਰ ਸਕੀ ਹੈ।
ਦਿੱਲੀ ਪਰੇਡ ਲਈ ਪੰਜਾਬ ਅੰਦਰੋਂ ਵੱਡੇ ਪੱਧਰ ’ਤੇ ਲੋਕ ਹੋਣਗੇ ਸ਼ਾਮਲ
26 ਜਨਵਰੀ ਦੀ ਦਿੱਲੀ ਟਰੈਕਟਰ ਪਰੇਡ ਲਈ ਪੰਜਾਬ ਅੰਦਰੋਂ ਵੱਡੇ ਪੱਧਰ ’ਤੇ ਲੋਕਾਂ ਦੇ ਪੁੱਜਣ ਦੀ ਖ਼ਬਰ ਹੈ। ਜਾਣਕਾਰੀ ਮਿਲੀ ਹੈ ਕਿ ਦਿੱਲੀ ਟਰੇਕਟਰ ਪਰੇਡ ਲਈ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ, ਦੁਕਾਨਦਾਰ, ਆੜ੍ਹਤੀਏ, ਮੁਲਾਜ਼ਮ ਵਰਗ, ਅਧਿਆਪਕ ਵਰਗ ਆਦਿ ਵੀ ਇਸ ਲਹਿਰ ਦਾ ਹਿੱਸਾ ਬਣੇਗਾ। ਇਸ ਸੰਘਰਸ਼ ਲਈ ਜਿੱਥੇ ਹੁਣੇ ਤੋਂ ਹੀ ਲੋਕ ਦਿੱਲੀ ਲਈ ਰਵਾਨਾ ਹੋ ਰਹੇ ਹਨ, ਉਥੇ ਹੀ ਟਰਾਲੀਆਂ ਭਰਕੇ ਦਿੱਲੀ ਪੁੱਜਣ ਦੀ ਲਾਮਬੰਦੀ ਵੀ ਪਿੰਡਾਂ ਅੰਦਰ ਅਨਾਾਊਂਸਮੈਂਟਾਂ ਜ਼ਰੀਏ ਹੋਣ ਲੱਗੀ ਹੈ।