ਹੁਣ ਬਿਜਲੀ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਲਣਗੇ ਵੋਡਾਫੋਨ ਦੀ ਜਗ੍ਹਾ ਰਿਲਾਇੰਸ ਜੀਓ ਦੇ ਸਿਮ ਕਾਰਡ
ਯਾਦਵਿੰਦਰ ਸਿੰਘ ਤੂਰ/ ਰਾਜਵੰਤ ਸਿੰਘ
ਚੰਡੀਗੜ੍ਹ, 10 ਮਾਰਚ 2021- ਕਿਸਾਨੀ ਸੰਘਰਸ਼ ਕਾਰਨ ਇੱਕ ਪਾਸੇ ਪੰਜਾਬ ਅੰਦਰ ਜਿੱਥੇ ਰਿਲਾਇੰਸ ਜੀਓ ਸਣੇ ਅੰਬਾਨੀ ਅਡਾਨੀ ਵਰਗੇ ਘਰਾਣਿਆਂ ਦੀਆਂ ਚੀਜ਼ਾਂ ਦਾ ਬਾਈਕਾਟ ਦਾ ਐਲਾਨ ਹੋਇਆ ਹੈ, ਉਥੇ ਹੀ ਪੰਜਾਬ ਦੇ ਸਰਕਾਰੀ ਵਿਭਾਗ 'ਚ ਜੀਓ ਦੇ ਸਿਮ ਕਾਰਡ ਦਿੱਤੇ ਜਾਣ ਦੀ ਖ਼ਬਰ ਗਰਮ ਹੈ, ਜਿਸਦਾ ਮੁੱਦਾ ਅੱਜ ਬੁੱਧਵਾਰ ਨੂੰ ਬਜਟ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ 'ਚ ਵੀ ਗੂੰਜਿਆ। ਦਰਅਸਲ ਪੰਜਾਬ ਦੇ ਬਿਜਲੀ ਮਹਿਕਮੇ ਪੀ.ਐਸ.ਪੀ.ਸੀ.ਐਲ ਦੁਆਰਾ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਿਮ ਕਾਰਡ ਵੋਡਾਫੋਨ-ਆਈਡੀਆ ਦੀ ਕੰਪਨੀ ਤੋਂ ਬਦਲਕੇ ਜੀਓ ਸਿਮ ਕਾਰਡ ਜਾਰੀ ਕਰਨ ਦੀ ਹਦਾਇਤ ਹੋ ਗਈ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਚ ਮੁੱਖ ਇੰਜਨੀਅਰ/ਹੈਡ ਪ੍ਰਬੰਧਕ ਜਲੰਧਰ ਵੱਲੋਂ ਸੂਬੇ ਦੇ ਸਮੂਹ ਉਪ ਮੁੱਖ ਇੰਜਨੀਅਰਾਂ ਤੇ ਨਿਗਰਾਨ ਇੰਜਨੀਅਰਾਂ ਨੂੰ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਵਿਭਾਗ ਵਿੱਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ, ਜਿੰਨ੍ਹਾਂ ਕੋਲ ਵੋਡਾਫੋਨ ਕੰਪਨੀ ਦੇ ਸਿਮ ਹਨ, ਉਹ ਲਿਸਟ ਤਿਆਰ ਕਰਕੇ ਵਿਭਾਗ ਨੂੰ ਭੇਜਣ, ਤਾਂ ਜੋ ਵੋਡਾਫੋਨ ਕੰਪਨੀ ਦੀ ਜਗ੍ਹਾ ਅਜਿਹੇ ਅਧਿਕਾਰੀਆਂ, ਕਰਮਚਾਰੀਆਂ ਨੂੰ ਰਿਲਾਇੰਸ ਜੀਓ ਦੇ ਮੋਬਾਇਲ ਨੰਬਰ ਮੁਹੱਈਆ ਕਰਾਏ ਜਾ ਸਕਣ। ਵਿਭਾਗ ਵੱਲੋਂ ਹੇਠਲੇ ਦਫ਼ਤਰਾਂ ਨੂੰ ਮੋਬਾਇਲ ਸਿਮ ਕਾਰਡਾਂ ਦੀ ਡਿਟੇਲ ਭੇਜਣ ਲਈ ਹਦਾਇਤ ਜਾਰੀ ਕੀਤੀ ਗਈ ਹੈ ਤੇ ਇਸ ਹਦਾਇਤ ’ਤੇ ਅਮਲ ਨਾ ਕਰਨ ਵਾਲੇ ਸਬੰਧਿਤ ਬਿਜਲੀ ਬੋਰਡ ਦੇ ਅਧਿਕਾਰੀ ਨੂੰ ਜਿੰਮੇਵਾਰ ਠਹਿਰਾਉਣ ਦਾ ਵੀ ਸੰਕੇਤ ਦਿੱਤਾ ਗਿਆ ਹੈ।
ਬਾਬੂਸ਼ਾਹੀ ਨੇ ਜਦੋਂ ਬੋਰਡ ਦੇ ਸੀ.ਐਮ.ਡੀ ਵੇਣੁ ਪ੍ਰਸਾਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਪੰਜਾਬ 'ਚ ਸਿਮ ਕਾਰਡਾਂ ਸਬੰਧੀ ਬੋਰਡ ਦੁਆਰਾ ਟੈਂਡਰ ਫਲੋਟ ਕੀਤੇ ਗਏ ਸਨ, ਜਿਸ 'ਚ ਸਭ ਤੋਂ ਨੀਵਾਂ ਟੈਂਡਰ ਜੀਓ ਕੰਪਨੀ ਦਾ ਸੀ, ਜਿਸ ਕਾਰਨ ਜੀਓ ਨੂੰ ਇਹ ਟੈਂਡਰ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਹਮੇਸ਼ਾ ਲੋਐਸਟ ਨੂੰ ਟੈਂਡਰ ਦਿੰਦਾ ਹੈ ਜਿਸ ਕਾਰਨ ਜੀਓ ਨੂੰ ਇਹ ਟੈਂਡਰ ਮਿਲਿਆ ਹੈ।
ਉਥੇ ਹੀ ਪੰਜਾਬ ਵਿਧਾਨ ਸਭਾ ਅੰਦਰ ਅੱਜ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ (ਆਮ ਆਦਮੀ ਪਾਰਟੀ) ਨੇ ਇਸ ਮੁੱਦੇ ਨੂੰ ਚੁੱਕਿਆ ਤੇ ਇਸ 'ਤੇ ਬਹਿਸ ਵੀ ਸੁਣਨ ਨੂੰ ਮਿਲੀ।
-ਸਬੰਧਿਤ ਵਿਭਾਗ ਦੇ ਆਦੇਸ਼ਾਂ ਦੀ ਕਾਪੀ ਬਾਬੂਸ਼ਾਹੀ ਕੋਲ ਮੌਜੂਦ ਹੈ।