ਚੰਡੀਗੜ੍ਹ, 11 ਅਕਤੂਬਰ, 2016 : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਸ਼ਾਲ ਕਿਸਾਨ ਸੰਪਰਕ ਪ੍ਰੋਗਰਾਮ ਹੇਠ ਗੁਰਦਾਸਪੁਰ 'ਚ ਖੁਦ ਕਈ ਕਿਸਾਨਾਂ ਦੇ ਘਰ ਜਾ ਕੇ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਗਰਾਮ ਬਾਦਲ ਸਰਕਾਰ ਵੱਲੋਂ ਝੌਨੇ ਦੀ ਖ੍ਰੀਦ ਕਰਨ 'ਚ ਪੂਰੀ ਤਰ੍ਹਾਂ ਫੇਲ੍ਹ ਰਹਿਣ ਤੋਂ ਬਾਅਦ ਕਿਸਾਨਾਂ ਦੇ ਅੰਬਾਲਾ ਦੀਆਂ ਮੰਡੀਆਂ ਵੱਲ ਰੁੱਖ ਕਰਨ ਸਬੰਧੀ ਮੀਡੀਆ ਦੀਆਂ ਰਿਪੋਰਟਾਂ ਦੇ ਨਾਲ ਹੀ ਸ਼ੁਰੂ ਕੀਤਾ ਗਿਆ ਹੈ। ਪੰਜਾਬ ਕਾਂਗਰਸ ਨੇ ਵਿਕਾਸ ਦੀ ਸਥਿਤੀ ਉਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ, ਜਿਹੜੀ ਸੂਬੇ 'ਚ ਕਿਸਾਨਾਂ ਦੀ ਮੰਦਹਾਲੀ ਨੂੰ ਪੇਸ਼ ਕਰਦੀ ਹੈ। ਜਿਨ੍ਹਾਂ ਨੂੰ ਆਪਣਾ ਝੌਨਾ ਵੇਚਣ ਲਈ ਮਜ਼ਬੂਰਨ ਅੰਬਾਲਾ ਦੀਆਂ ਮੰਡੀਆਂ ਵੱਲ ਰੁੱਖ ਕਰਨਾ ਪੈ ਰਿਹਾ ਹੈ। ਇਸ ਲੜੀ ਹੇਠ ਕਿਸਾਨ ਝੌਲੇ ਟੰਗ ਕੇ ਕੈਪਟਨ ਅਮਰਿੰਦਰ ਗੁਰਦਾਸਪੁਰ ਦੇ ਕੋਟ ਸੂਰਤ ਮੱਲ੍ਹੀ 'ਚ ਕਿਸਾਨਾਂ ਦੇ ਘਰਾਂ 'ਚ ਜਾਣਗੇ। ਕਿਸਾਨ ਝੌਲੇ 'ਚ ਮੰਗ ਪੱਤਰ ਸਮੇਤ ਮੋਬਾਇਲ ਸਟਿੱਕਰ, ਬੈਜ, ਡੋਰ ਸਟਿੱਕਰ ਤੇ ਮਾਰਗ ਦਰਸ਼ਿਕਾ ਹੋਣਗੇ। ਇਸ ਮੰਗ ਪੱਤਰ 'ਚ ਨਿਵਾਸੀਆਂ ਦੀ ਜਾਣਕਾਰੀ ਅਤੇ ਉਨ੍ਹਾਂ ਸਿਰ ਚੜ੍ਹਿਆ ਕਰਜ਼ਾ ਹੋਵੇਗਾ। ਇਸਦੇ ਤਹਿਤ 25 ਅਕਤੂਬਰ ਤੱਕ ਚੱਲਣ ਵਾਲੀ ਮੁਹਿੰਮ ਹੇਠ ਕੁੱਲ 2 ਕਰੋੜ ਲੋਕਾਂ ਤੱਕ ਪਹੁੰਚ ਕਰਦਿਆਂ, 75 ਲੱਖ ਵੋਟਰਾਂ ਨਾਲ ਸਿੱਧਾ ਸੰਪਰਕ ਸਥਾਪਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਜਿਸ ਲਈ ਕੈਪਟਨ ਅਮਰਿੰਦਰ ਪਹਿਲਾਂ ਹੀ 600 ਪਾਰਟੀ ਵਰਕਰਾਂ ਵਾਸਤੇ ਮੁਹਿੰਮ ਨੂੰ ਅੱਗੇ ਲਿਜਾਣ ਲਈ ਸਖ਼ਤ ਟਾਰਗੇਟ ਤੈਅ ਕਰ ਚੁੱਕੇ ਹਨ।
ਕਰਜ਼ਾ-ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਦੇ ਨਾਅਰੇ ਹੇਠ ਇਸ ਪ੍ਰੋਗਰਾਮ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਸੂਬੇ ਦੇ ਕਿਸਾਨਾਂ ਨਾਲ ਸੰਪਰਕ ਸਥਾਪਤ ਕਰਨਾ ਹੈ। ਜਿਸ ਤਹਿਤ ਕਿਸਾਨਾਂ ਨੂੰ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਪਹਿਲ ਦੇ ਅਧਾਰ 'ਤੇ ਉਨ੍ਹਾਂ ਦੇ ਕਰਜ਼ੇ ਮੁਆਫ ਕਰਨ ਅਤੇ ਹੋਰਨਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਜਾਵੇਗਾ। ਇਸ ਦੌਰਾਨ ਘਰ-ਘਰ ਜਾਣ ਤੋਂ ਇਲਾਵਾ, ਕੈਪਟਨ ਅਮਰਿੰਦਰ ਕਈ ਮੰਡੀਆਂ, ਜਿਨ੍ਹਾਂ 'ਚ ਬਟਾਲਾ ਰੋਡ (ਫਤਹਿਗੜ੍ਹ ਚੂੜੀਆਂ), ਕਲਾਨੌਰ, ਬਟਾਲਾ ਤੇ ਡੇਰਾ ਬਾਬਾ ਨਾਨਕ ਦੀਆਂ ਮੰਡੀਆਂ ਸਮੇਤ ਰਾਵੀ ਪੁੱਲ ਦੇ ਨਾਲ ਲੱਗਦੀ ਘਨੱਈਆ ਕੇ ਬੇਟ ਮੰਡੀ ਵੀ ਸ਼ਾਮਿਲ ਹੈ, ਦਾ ਦੌਰਾ ਵੀ ਕਰਨਗੇ। ਜਿਥੇ ਉਹ ਲੋਕਲ ਕਿਸਾਨਾਂ ਨਾਲ ਦੁਪਹਿਰ ਦਾ ਰੋਟੀ ਖਾਣਗੇ। ਇਸ ਲੜੀ ਹੇਠ ਇਕ ਸਾਂਝੇ ਬਿਆਨ ਰਾਹੀਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਅਫਸੋਸ ਪ੍ਰਗਟਾਇਆ ਹੈ ਕਿ ਖੇਤੀ ਪ੍ਰਧਾਨ ਸੂਬਾ ਰਿਹਾ ਪੰਜਾਬ ਹੁਣ ਆਪਣੀ ਖੇਤੀਬਾੜੀ ਦੀ ਪਛਾਣ ਨੂੰ ਬਣਾਏ ਰੱਖਣ ਲਈ ਸੰਘਰਸ਼ ਕਰ ਰਿਹਾ ਹੈ, ਜਿਸਦਾ ਕਾਰਨ ਬਾਦਲ ਸ਼ਾਸਨ ਦੀਆਂ ਕਿਸਾਨ ਵਿਰੋਧੀ ਨੀਤੀਆਂ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਲਾਲ ਸਿੰਘ, ਹਰਦਿਆਲ ਕੰਬੋਜ, ਕੁਲਜੀਤ ਨਾਗਰਾ ਤੇ ਰਣਦੀਪ ਨਾਭਾ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਆਪਣਾ ਉਤਪਾਦਨ ਵੇਚਣ ਲਈ ਅੰਬਾਲਾ ਦੀਆਂ ਮੰਡੀਆਂ ਦਾ ਰੁੱਖ ਕਰਨ ਸਬੰਧੀ ਰਿਪੋਰਟਾਂ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ ਹੈ।ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ 'ਚ ਝੌਨੇ ਦੀ ਖ੍ਰੀਦ ਦੇ ਇੰਨੇ ਮਾੜੇ ਹਾਲਾਤ ਹਨ ਕਿ ਕਿਸਾਨਾਂ ਨੂੰ ਹਰਾ ਚਾਰਾ ਲੱਭਣ ਲਈ ਵੀ ਮਜ਼ਬੂਰਨ ਹਰਿਆਣਾ ਦਾ ਰੁੱਖ ਕਰਨਾ ਪੈ ਰਿਹਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅੰਬਾਲਾ ਦੀ ਅਨਾਜ ਮੰਡੀ ਵਰਤਮਾਨ 'ਚ ਪੰਜਾਬ 'ਚ ਝੌਨੇ ਦੇ ਉਤਪਾਦਨ ਦੀ ਆਮਦ ਨਾਲ ਭਰੀ ਪਈ ਹੈ। ਜੋ ਪੰਜਾਬ ਦੇ ਕਿਸਾਨਾਂ ਨੂੰ ਝੌਨੇ ਦੀ ਖ੍ਰੀਦ 'ਚ ਆ ਰਹੀ ਪ੍ਰੇਸ਼ਾਨੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਕਾਂਗਰਸੀ ਆਗੂਆਂ ਨੇ ਖੁਲਾਸਾ ਕੀਤਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਅਕਾਲੀ ਭਾਜਪਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਨਾਲ ਗੈਰ ਜ਼ਰੂਰੀ ਖਾਲ੍ਹੀ ਕਰਨ ਦੇ ਆਦੇਸ਼ ਜ਼ਾਰੀ ਕਰਨ ਨਾਲ ਜ਼ਲਦਬਾਜ਼ੀ 'ਚ ਆਪਣੀ ਫਸਲ ਦੀ ਵਾਢੀ ਕਰਨ ਵਾਸਤੇ ਮਜ਼ਬੂਰ ਹੋਣਾ ਪਿਆ ਸੀ। ਇਸ ਤੋਂ ਇਲਾਵਾ, ਸੂਬੇ ਦੇ ਕਈ ਹਿੱਸਿਆਂ 'ਚ ਕਿਸਾਨਾਂ ਨੂੰ ਕੀਟਾਂ ਦੇ ਹਮਲੇ ਕਾਰਨ ਪਹਿਲਾਂ ਵਾਢੀ ਕਰਨੀ ਪਈ ਸੀ। ਇਸਦਾ ਨਤੀਜ਼ਾ ਇਹ ਨਿਕਲਿਆ ਕਿ ਝੌਨੇ ਦੀ ਫਸਲ 'ਚ ਜ਼ਿਆਦਾ ਨਮੀ ਦੀ ਮਾਤਰਾ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ ਹਰਿਆਣਾ 'ਚ ਝੌਨੇ 'ਚ 21 ਪ੍ਰਤੀਸ਼ਤ ਨਮੀ ਦੀ ਇਜ਼ਾਜਤ ਦੇ ਰਹੀ ਹੈ, ਲੇਕਿਨ ਪੰਜਾਬ 'ਚ ਇਹ ਸਿਰਫ 17 ਪ੍ਰਤੀਸ਼ਤ ਹੈ। ਇਸ ਬਾਰੇ ਪੰਜਾਬ ਕਾਂਗਰਸ ਵੱਲੋਂ ਜ਼ੋਰਦਾਰ ਤਰੀਕੇ ਨਾਲ ਅਵਾਜ਼ ਚੁੱਕਣ ਦੇ ਬਾਵਜੂਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਸਾਨੀ ਦੀ ਹਾਲਤ ਪ੍ਰਤੀ ਚਿੰਤਤ ਨਹੀਂ ਨਜ਼ਰ ਆ ਰਹੇ ਹਨ। ਕਿਉਂਕਿ ਨਮੀ ਦੀ ਮਾਤਰਾ 'ਚ ਵਾਧਾ ਕਰਨ ਦੇ ਮੁੱਦੇ 'ਤੇ ਕੁਝ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬਾਦਲ ਸਰਕਾਰ ਨੂੰ ਕਿਸਾਨਾਂ ਨੂੰ ਪ੍ਰੇਸ਼ ਆ ਰਹੀਆਂ ਪ੍ਰੇਸ਼ਾਨੀਆਂ ਦਾ ਹੱਲ ਕੱਢਣਾ ਚਾਹੀਦਾ ਹੈ। ਬਾਦਲ ਸਰਕਾਰ ਦਾ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ। ਪੰਜਾਬ 'ਚ ਕਾਂਗਰਸ ਦੀ ਸਰਕਾਰ ਆਉਣ 'ਤੇ ਉਹ ਪੁਖਤਾ ਕਰੇਗੀ ਕਿ ਕਿਸਾਨੀ ਦੇ ਖੁਸ਼ਹਾਲੀ ਵਾਲੇ ਦਿਨ ਮੁੜ ਵਾਪਿਸ ਆ ਜਾਣ।