ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 06 ਜਨਵਰੀ 2021-ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਦਿੱਲੀ ’ਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਨੂੰ ਲੈ ਕਿ ਕਿਸਾਨਾਂ ’ਚ ਉਤਸ਼ਾਹ ਹੈ ਅਤੇ ਕਿਸਾਨ ਉਕਤ ਪਰੇਡ ਦੀਆਂ ਤਿਆਰੀਆਂ ’ਚ ਜੁਟੇ ਹੋਏ ਹਨ। ਇਸ ਤਹਿਤ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਵੀ ਕਿਸਾਨ ਜਥੇਬੰਦੀਆਂ ਵੱਲੋਂ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਕਤ ਦਿਨ ਵੱਡੀ ਗਿਣਤੀ ’ਚ ਟਰੈਕਟਰ ਲੈ ਕੇ ਦਿੱਲੀ ਵੱਲ ਕੂਚ ਕੀਤੀ ਜਾਵੇ। ਬੇਸ਼ੱਕ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ, ਪਰ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਇਸ ਤਹਿਤ ਜਥੇਬੰਦੀਆਂ ਨੇ ਗਣਤੰਤਰ ਦਿਵਸ ਮੌਕੇ ਟਰੈਕਟਰਾਂ ’ਤੇ ਕਿਸਾਨੀ ਝੰਡੇ ਅਤੇ ਤਿਰੰਗੇ ਫਹਿਰਾ ਕੇ ਪ੍ਰੇਡ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧ ’ਚ ਕਿਸਾਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋਂ ਇਸ ਟਰੈਕਟਰ ਪ੍ਰੇਡ ਦੇ ਪ੍ਰੋਗਰਾਮ ਨੂੰ ਸਫਲ ਬਣਾਇਆ ਜਾ ਸਕੇ। ਇਸੇ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਬਜ਼ਾਰਾਂ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਜਤਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਟਰੈਕਟਰ ਮਾਰਚ ’ਚ ਵੱਖ-ਵੱਖ ਪਿੰਡਾਂ ਤੋਂ ਪਹੰੁਚੇ ਕਿਸਾਨ ਟ੍ਰੈਕਟਰ ਲੈ ਕੇ ਮਾਰਚ ਕੱਢਦੇ ਹੋਏ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਪਹੁੰਚੇ ਅਤੇ ਅਬੋਹਰ ਰੋਡ ਹੁੰਦਾ ਹੋਇਆ ਅਨਾਜ ਮੰਡੀ ਮਾਰਚ ਪਹੁੰਚਿਆ, ਜਿੱਥੇ ਕਿਸਾਨਾਂ ਨੇ ਮੰਡੀ ਦਾ ਚੱਕਰ ਵੀ ਲਾਇਆ। ਇਸ ਮੌਕੇ ਕਿਸਾਨ ਆਗੂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਵੀ ਕਰਦੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਲੀ ਵਿਖੇ ਇੰਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਇੱਕ ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਹੈ, ਪਰ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰਅ ਨਹੀਂ ਸਰਕ ਰਹੀ, ਜਿਸਦੇ ਚਲਦਿਆਂ ਸਰਦੀ ਦੇ ਮੌਸਮ ਵਿੱਚ ਵੀ ਕਿਸਾਨਾਂ ਦਾ ਸੰਘਰਸ਼ ਜਾਰੀ ਹੈ।
ਕੇਂਦਰ ਸਰਕਾਰ ਕਿਸਾਨਾਂ ਦਾ ਹੌਸਲਾ ਨਹੀਂ ਤੋੜ ਸਕਦੀ। ਕਿਸਾਨ ਆਗੂ ਲਖਬੀਰ ਸਿੰਘ, ਮਹਿੰਦਰ ਸਿੰਘ, ਪਰਮਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸ਼ਹਿਰ ਦੀ ਦਾਣਾ ਮੰਡੀ ’ਚ ਪਹੰੁਚਣ ਸਮੂਹ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਕਿਸਾਨ ਟਰੈਕਟਰ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਲੱਡੂ ਵੰਡ ਕੇ ਜੀ ਆਇਆਂ ਆਖਿਆ। ਇਸ ਮੌਕੇ ਕੱਚਾ ਆੜਤੀਆਂ ਐਸੋਸ਼ੀਏਸ਼ਨ ਦੇ ਪ੍ਰਧਾਨ ਤੇਜਿੰਦਰ ਕੁਮਾਰ ਬੱਬੂ ਬਾਂਸਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਇਸ ਅੰਦੋਲਨ ’ਚ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ, ਕਿਉਂਕਿ ਸਮੁੱਚੇ ਦੇਸ਼ ਦਾ ਭਵਿੱਖ ਸਿਰਫ਼ ਕਿਸਾਨੀ ’ਤੇ ਹੀ ਨਿਰਭਰ ਕਰਦਾ ਹੈ। ਇਸ ਮੌਕੇ ਜਗਦੇਵ ਸਿੰਘ, ਬਾਊ ਮੇਘਰਾਜ ਗਰਗ, ਰਾਜੀਵ ਆਹੂਜਾ, ਅਰਵਿੰਦਰ ਗਿਰਧਰ, ਬਾਵਾ ਰੱਸੇ ਵਟ, ਹੈਪੀ ਕਥੂਰੀਆ, ਇਕਬਾਲ ਵੜਿੰਗ, ਟੇਕ ਬੱਤਰਾ, ਅਸ਼ੋਕ ਗਰਗ, ਅਮਰਜੀਤ ਮੱਲਣ, ਭਗਵਾਨ ਸ਼ਰਮਾ, ਹਰਬੰਸ ਲਾਲ, ਸੰਜੈ ਗਰਗ ਤੋਂ ਇਲਾਵਾ ਸਮੂਹ ਆੜ੍ਹਤੀਏ ਮੌਜੂਦ ਸਨ।