ਅਸ਼ੋਕ ਵਰਮਾ
ਬਠਿੰਡਾ, 26 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ ਅੱਜ ਕਿਸਾਨਾਂ ਨੇ ਭਾਰਤੀ ਜੰਤਾ ਪਾਰਟੀ ਦੇ ਰਾਜ ਸਭ ਮੈਂਬਰ ਦਾ ਵਿਰੋਧ ਕੀਤਾ ਜੋ ਏਮਜ਼ ਬਠਿੰਡਾ ’ਚ ਇੱਕ ਨਵੀਂ ਮਸ਼ੀਨ ਦਾ ਉਦਘਾਟਨ ਕਰਨ ਲਈ ਆਏ ਸਨ। ਅੱਜ ਸ੍ਰੀ ਮਲਿਕ ਦਾ ਉਦਘਾਟਨੀ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਨੂੰ ਦੇਖਦਿਆਂ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਅਤੇ ਦਰਸ਼ਨ ਸਿੰਘ ਮਾਈਸਰਖਾਨਾ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨ ਅਤੇ ਔਰਤਾਂ ਮੌਕੇ ਤੇ ਪੁੱਜ ਗਏ ਅਤੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਭਾਰੀ ਗਿਣਤੀ ’ਚ ਪੁਲਿਸ ਤਾਇਨਾਤ ਕੀਤੀ ਹੋਈ ਸੀ।ਇਸ ਮੌਕੇ ਪੁਲਿਸ ਦੇ ਸਮੂਹ ਵੱਡੇ ਅਧਿਕਾਰੀ ਹਾਜਰ ਸਨ। ਕਿਸਾਨਾਂ ਵੱਲੋਂ ਕੀਤੇ ਵਿਰੋਧ ਨੂੰ ਦੇਖਦਿਆਂ ਪੁਲਿਸ ਨਫਰੀ ਨੇ ਧਰਨਾਕਾਰੀਆਂ ਨੂੰ ਘੇਰਾ ਪਾ ਲਿਆ। ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ ਮਾਈਸਰਖਾਨਾਂ ਨੇ ਪੁਲਿਸ ਪ੍ਰਸਾਸ਼ਨ ਨੂੰ ਦੱਸਿਆ ਕਿ ਉਹ ਸ਼ਾਂਤਮਈ ਵਿਰੋਧ ਕਰਨ ਆਏ ਹਨ ਅਤੇ ਘਿਰਾਓ ਆਦਿ ਦਾ ਕੋਈ ਪ੍ਰੋਗਰਾਮ ਨਹੀ ਹੈ। ਉਹਨਾਂ ਆਖਿਆ ਕਿ ਜੇਕਰ ਪੁਲਿਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੁੜ ਵਿਚਾਰ ਕਰਨਾ ਪਵੇਗਾ।
ਕਿਸਾਨਾਂ ਵੱਲੋਂ ਕੀਤੇ ਵਾਅਦੇ ਤੋਂ ਬਾਅਦ ਪੁਲਿਸ ਪਾਸੇ ਤਾਂ ਹੋ ਗਈ ਪਰ ਚੌਕਸੀ ਜਾਰੀ ਰੱਖੀ। ਇਸੇ ਦੌਰਾਨ ਪੁਲਿਸ ਦੇ ਸਖਤ ਪਹਿਰੇ ’ਚ ਜਦੌਂ ਸ਼ਵੇਤ ਮਲਿਕ ਦਾ ਕਾਫਲਾ ਲੰਘਿਆ ਤਾਂ ਕਿਸਾਨਾਂ ਨੇ ਜਬਰਦਸਤ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ। ਕਿਸਾਨ ਆਗੂਆਂ ਨੇ ਆਖਿਆ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਭਾਜਪਾ ਲੀਡਰਾਂ ਦਾ ਵਿਰੋਧ ਜਾਰੀ ਰੱਖਿਆ ਜਾਂਏਗਾ। ਉਹਨਾਂ ਦੱਸਿਆ ਕਿ ਹਾਲ ਦੀ ਘੜੀ ਉਹਨਾਂ ਦਾ ਵਿਰੋਧ ਸ਼ਾਂਤ ਮਈ ਹੈ ਪਰ ਜੇ ਕੇਂਦਰੀ ਹਕੂਮਤ ਨੇ ਅੜੀ ਜਾਰੀ ਰੱਖੀ ਤਾਂ ਫਿਰ ਘਿਰਾਓ ਵੀ ਕੀਤੇ ਜਾਂਣਗੇ ।
ਕਿਸਾਨਾਂ ਦੇ ਜਖਮਾਂ ਤੇ ਲੂਣ ਭੁੱਕ ਰਹੀ ਬੀਜੇਪੀ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਖਾਤਰ ਕਿਸਾਨਾਂ ਦੀਆਂ ਜਮੀਨਾਂ ਦਾਅ ਤੇ ਲਾ ਦਿੱਤੀਆਂ ਹਨ ਜਦੋਂਕਿ ਭਾਜਪਾ ਜਸ਼ਨਾਂ ਦੇ ਰਾਹ ਪੈਕੇ ਕਿਸਾਨਾਂ ਦੇ ਜਖਮਾਂ ਤੇ ਲੂਣ ਭੁੱਕ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਮਾਰੂ ਕਾਨੂੰਨ ਪੂਰੇ ਸਮਾਜ ਲਈ ਖ਼ਤਰਨਾਕ ਹਨ। ਉਹਨਾਂ ਕਿਹਾ ਕਿ ਜੇਕਰ ਇਹ ਕਾਨੂੰਨ ਅਮਲ ’ਚ ਆ ਗਏ ਤਾਂ ਵਪਾਰ ਖਤਮ ਹੋ ਜਾਏਗਾ,ਮਹਿੰਗਾਈ ਵਧੇਗੀ ਅਤੇ ਮਜਦੂਰਾਂ ਤੇ ਕਿਰਤੀਆਂ ਦੀ ਜਿੰਦਗੀ ਦੁੱਭਰ ਹੋ ਜਾਂਏਗੀ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਮੋਹ ਤਿਆਗੇ ਅਤੇ ਖੇਤੀ ਕਾਨੂੰਨ ਵਾਪਿਸ ਲਵੇ ਨਹੀਂ ਤਾਂ ਭਾਜਪਾ ਆਗੂਆਂ ਦਾ ਸੜਕਾਂ ਤੇ ਨਿਕਲਣਾ ਔਖਾ ਕਰ ਦਿੱਤਾ ਜਾਏਗਾ।