ਅਸ਼ੋਕ ਵਰਮਾ
ਮਾਨਸਾ,15ਜਨਵਰੀ2021: ਮਾਨਸਾ ਜਿਲੇ ’ਚ ਅੱਜ ਇੱਕ ਨੌਜਵਾਨ ਦੀ ਬਰਾਤ ਸਮੂਹ ਗੱਡੀਆਂ ਅਤੇ ਖੇਤੀ ਕਾਨੂੰਨਾਂ ਖਿਲਾਫ ਨਾਅਰਿਆਂ ਦੀ ਗੂੰਜ ’ਚ ਵਿਆਹੁਣ ਲਈ ਪੁੱਜੀ ਜਿਸ ਨੇ ਕਿਸਾਨੀ ਸੰਘਰਸ਼ ਨੂੰ ਨਵੇਂ ਰੰਗ ’ਚ ਰੰਗ ਦਿੱਤਾ ਹੈ। ਮਹੱਤਵਪੂਰਨ ਤੱਥ ਹੈ ਕਿ ਜਿੱਥੇ ਕਰੀਬ 30 ਗੱਡੀਆਂ ਤੇ ਵੱਖ ਵੱਖ ਤਰਾਂ ਦੇ ਕਿਸਾਨ ਝੰਡੇ ਲੱਗੇ ਹੋਏ ਸਨ ਉੱਥੇ ਹੀ ਲਾੜੇ ਵਾਲੀ ਗੱਡੀ ਤੇ ਫੁੱਲਾਂ ਦੇ ਬਰਾਬਰ ਵੀ ਕਿਸਾਨੀ ਝੰਡਾ ਲਾਇਆ ਹੋਇਆ ਸੀ। ਇਸ ਤੋਂ ਵੀ ਅੱਗੇ ਡੀਜੇ ਤੇ ਜੋ ਗਾਣੇ ਵਜਾਏ ਗਏ ਉਹਨਾਂ ਦਾ ਸਬੰਧ ਵੀ ਕਿਸਾਨੀ ਸੰਘਰਸ਼ ਨਾਲ ਸੀ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਮੋਹਰ ਸਿੰਘ ਵਾਲਾ ਤੇ ਕਿਰਨ ਕੌਰ ਪੁੱਤਰੀ ਬੂਟਾ ਸਿੰਘ, ਦਲੇਲ ਸਿੰਘ ਵਾਲਾ ਦਾ ਅੱਜ ਵਿਆਹ ਸੀ। ਨਹਿਰੂ ਮੈਮੋਰੀਅਲ ਕਾਲਜ ਮਾਨਸਾ ਲਾਗੇ ਮੈਰਿਜ ਪੈਲੇਸ ’ਚ ਇਹ ਨਜਾਰਾ ਦੇਖਣ ਨੂੰ ਮਿਲਿਆ।
ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਦਾ ਕਹਿਣਾ ਸੀ ਕਿ ਖੇਤੀ ਸੁਧਾਰ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਸਾਰਾ ਦੇਸ਼ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨੀ ਸੰਘਰਸ਼ ਦੀ ਰੰਗਤ ਹੁਣ ਵਿਆਹਾਂ ’ਚ ਦਿਖਾਈ ਦੇਣ ਲੱਗੀ ਹੈ। ਉਹਨਾਂ ਆਖਿਆ ਲਾੜੇ ਨੇ ਦੱਸਿਆ ਕਿ ਉਹ ਬਰਾਤ ਵਾਲੀਆਂ ਗੱਡੀਆਂ ਤੇ ਕਿਸਾਨੀ ਝੰਡੇ ਲਾਉਣ ਅਤੇ ਡੀ.ਜੇ. ਤੇ ਗਾਣੇ ਵੀ ਸੰਘਰਸ਼ ਸਬੰਧੀ ਲਾ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ। ਉਹਨਾਂ ਆਖਿਆ ਕਿ ਵਿਆਹ ਵਾਲੇ ਪ੍ਰੀਵਾਰ ਨੇ ਖੇਤੀ ਸੁਧਾਰ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦਾ ਸੁਨੇਹਾਂ ਦਿੱਤਾ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਜਮੀਨਾਂ ਖੋਹਣ ਦੀ ਤਿਆਰੀ ਕਰ ਰਹੀ ਹੈ ਪਰ ਕਿਸਾਨ ਅਜਿਹਾ ਹੋਣ ਨਹੀਂ ਦੇਣਗੇ।
ਬਰਾਤੀਆਂ ਵੱਲੋਂ ਦਿੱਲੀ ਜਾਣ ਦਾ ਫੈਸਲਾ
ਸੂਬੇਦਾਰ ਜਗਦੇਵ ਸਿੰਘ ਰਾਏਪੁਰ ਨੇ ਦੱਸਿਆ ਕਿ ਪ੍ਰੀਵਾਰ ਵੱਲੋਂ ਕੀਤੀ ਇਹ ਪਹਿਲਕਦਮੀ ਸ਼ਲਾਘਾਯੋਗ ਹੈ ਜਿਸ ਨਾਲ ਦਿੱਲੀ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਲਈ ਖੁਸ਼ੀ ਦੇ ਪ੍ਰੋਗਰਾਮ ਵੀ ਓਨੇ ਹੀ ਅਹਿਮ ਹਨ ਜਿੰਨਾਂ ਕਿਸਾਨ ਸੰਘਰਸ਼ ਹੈ। ਉਹਨਾਂ ਦੱਸਆ ਕਿ ਪ੍ਰੀਵਾਰ ਮੁਤਾਬਕ ਬਰਾਤ ’ਚ ਸ਼ਾਮਲ ਹੋਣ ਵਾਲਿਆਂ ਚੋਂ ਅੱਧਿਓਂ ਵੱਧ 23 ਜਨਵਰੀ ਨੂੰ ਦਿੱਲੀ ਮੋਰਚੇ ਵੱਲ ਚਾਲੇ ਪਾਉਣਗੇ ਤਾਂ ਜੋ 26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਸ਼ਾਮਿਲ ਹੋਇਆ ਜਾ ਸਕੇ।