ਮਜੀਠਾ, 05 ਸਤੰਬਰ 2016: ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਜੁੰਡਲੀ ਦਾ ਦੇਸ਼ ਅਤੇ ਪੰਜਾਬ ਪ੍ਰਤੀ ਕੋਈ ਯੋਗਦਾਨ ਨਹੀਂ, ਇਹ ਲੋਕ ਦਿੱਲੀ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਤਾਕ ਵਿੱਚ ਹਨ ਜਿਸ ਪ੍ਰਤੀ ਪੰਜਾਬੀਆਂ ਨੂੰ ਸੁਚੇਤ ਹੋਣ ਅਤੇ ਇਹਨਾਂ ਵਿਰੁੱਧ ਲਾਮਬੱਧ ਹੋਣ ਦਾ ਸੱਦਾ ਦਿੱਤਾ।
ਅੱਜ ਮਜੀਠਾ ਕਸਬੇ ਦੇ ਵਾਰਡ ਨੰਬਰ 4 ਅਤੇ 10 ਵਿੱਚ ਵਿਕਾਸ ਕੰਮਾਂ ਲਈ 80 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦੇਣ ਮਗਰੋਂ ਪ੍ਰੈੱਸ ਨਾਲ ਗੱਲਬਾਤ ਕਰਦੇ ਸਮੇਂ ਸ. ਮਜੀਠੀਆ ਨੇ ਕੇਜਰੀਵਾਲ ਜੁੰਡਲੀ ਦੀ ਤੁਲਣਾ ਪੰਜਾਬ 'ਤੇ ਵੱਖ ਵੱਖ ਸਮੇਂ ਹਮਲਾ ਕਰਨ ਵਾਲੇ ਮੁਗਲ ਅਤੇ ਅਬਦਾਲੀਆਂ ਨਾਲ ਕਰਦਿਆਂ ਕਿਹਾ ਕਿ ਹੈਰਾਨੀ ਦੀ ਗਲ ਹੈ ਕਿ ਇਹ ਲੋਕ ਕਿੱਥੋਂ ਆਉਂਦੇ ਹਨ ਤੇ ਕਿੱਥੇ ਗਾਇਬ ਹੋ ਜਾਂਦੇ ਹਨ, ਇਸ ਸੰਬੰਧੀ ਇਹਨਾਂ ਦੇ ਵਲੰਟੀਅਰਾਂ ਨੂੰ ਵੀ ਨਹੀਂ ਪਤਾ ਲਗ ਰਿਹਾ।
ਸ. ਮਜੀਠੀਆ ਨੇ ਲਗਾਤਾਰ ਵਿਵਾਦਾਂ ਵਿੱਚ ਘਿਰੀ ਆਮ ਆਦਮੀ ਪਾਰਟੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਆਪ ਦੇ ਦਿੱਲੀ ਦੇ ਇੱਕ ਵਿਧਾਇਕ ਵੱਲੋਂ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ਖ਼ਿਲਾਫ਼ ਅਰਵਿੰਦ ਕੇਜਰੀਵਾਲ ਨੂੰ ਲਿਖਿਆ ਗਿਆ ਪੱਤਰ ਸਪਸ਼ਟ ਕਰਦਾ ਹੈ ਕਿ ਪਾਰਟੀ ਵਿੱਚ ਇਕ-ਦੋ ਨਹੀਂ, ਬਲਕਿ ਸਾਰੀ ਪਾਰਟੀ ਹੀ ਗੰਦ ਦਾ ਢੇਰ ਬਣ ਗਈ ਹੈ।ਉਹਨਾਂ ਕਿਹਾ ਕਿ ਜੇਕਰ ਇਕ-ਦੋ ਨੇਤਾ ਮਾੜੇ ਹੋਣ ਤਾਂ ਬੰਦਾ ਇਹ ਸਮਝ ਕੇ ਚੁੱਪ ਹੋ ਜਾਂਦਾ ਹੈ ਕਿ ਚਲੋ ਤਲਾਅ ਵਿੱਚ ਇਕ-ਦੋ ਮੱਛੀਆਂ ਗੰਦੀਆਂ ਹੁੰਦੀਆਂ ਹੀ ਨੇ, ਪਰ ਇੱਥੇ ਤਾਂ ਸਾਰਾ ਤਲਾਅ ਹੀ ਗੰਦ ਨਾਲ ਭਰਿਆ ਪਿਆ ਹੈ। ਆਏ ਦਿਨ ਇੰਨਾਂ ਦੇ ਨੇਤਾ, ਵਿਧਾਇਕ, ਮੰਤਰੀ ਆਪਣੀਆਂ ਕਰਤੂਤਾਂ ਕਾਰਨ ਮੀਡੀਏ ਦੀ ਚਰਚਾ ਵਿੱਚ ਰਹਿੰਦੇ ਹਨ ਅਤੇ ਆਪਣੀਆਂ ਕਰਤੂਤਾਂ ਕਾਰਨ ਅੱਜ ਇਹ ਪਾਰਟੀ ਗੰਦ ਦਾ ਢੇਰ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇਤਾਵਾਂ ਦੇ ਪੋਲ ਖੋਲ੍ਹ ਰਿਹਾ ਸੀ ਅਤੇ ਅੱਜ ਇੰਨਾਂ ਦੀ ਪਾਰਟੀ ਦੇ ਆਪਣੇ ਨੇਤਾ ਹੀ ਲੋਕਾਂ ਤੱਕ ਸੱਚ ਪਹੁੰਚਾਉਣ ਲੱਗ ਪਏ ਹਨ।
ਹਾਲ ਹੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲਗਾਏ ਗਏ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਕੇਜਰੀਵਾਲ ਦੇ ਪੰਜਾਬ ਦੌਰਿਆਂ ਬਾਰੇ ਪੁੱਛੇ ਜਾਣ 'ਤੇ ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਨੂੰ ਮੂਰਖ ਨਹੀਂ ਬਣਾ ਸਕੇਗਾ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਜਨ ਅੰਦੋਲਨ ਵਿੱਚ ਸਮਾਜ ਸੇਵੀ ਅੰਨ੍ਹਾ ਹਜ਼ਾਰੇ ਨੂੰ ਰਾਜਸੀ ਤੇ ਸੌੜੀ ਇੱਛਾ ਦੀ ਪੂਰਤੀ ਲਈ ਵਰਤਿਆ, ਫਿਰ ਪ੍ਰਸ਼ਾਂਤ ਭੂਸ਼ਨ ਵਰਗੇ ਵਕੀਲ ਅਤੇ ਜੋਗਿੰਦਰ ਯਾਦਵ ਵਰਗਿਆਂ ਨੂੰ ਵਰਤਿਆ ਅਤੇ ਇਸ ਮਗਰੋਂ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਕਿੰਗਰਾ ਤੇ ਸੁੱਚਾ ਸਿੰਘ ਛੋਟੇਪੁਰ ਆਦਿ ਨੂੰ ਆਪਣੀ ਸੌੜੀ ਰਾਜਸੀ ਹਿੱਤਾਂ ਲਈ ਵਰਤ ਕੇ ਸੁੱਟਿਆ, ਹੁਣ ਵਾਰੀ ਘੁੱਗੀ ਦੀ ਵੀ ਆ ਗਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਾੜੋ ਅਤੇ ਰਾਜ ਕਰੋ ਦੀ ਨੀਤੀ 'ਤੇ ਚੱਲ ਰਿਹਾ ਹੈ, ਪਰ ਪੰਜਾਬੀ ਇਸ ਨੀਤੀ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਹ ਧੋਖੇਬਾਜ਼ ਲੋਕ ਪੰਜਾਬ ਵਿੱਚ ਆ ਕੇ ਪੰਜਾਬ ਦੇ ਹਿੱਤਾਂ ਦਾ ਰੌਲਾ ਪਾ ਜਾਂਦੇ ਹਨ ਅਤੇ ਦਿੱਲੀ ਪਹੁੰਚਦੇ ਸਾਰ ਪੰਜਾਬ ਦੀ ਪਿੱਠ ਵਿੱਚ ਛੁਰਾ ਖੋਭ ਦਿੰਦੇ ਹਨ।
ਸਮਾਗਮ ਨੂੰ ਸੰਬੋਧਨ ਕਰਦੇ ਸ. ਮਜੀਠੀਆ ਨੇ ਕਿਹਾ ਕਿ ਵਿਰੋਧੀ ਪਾਰਟੀ ਕੋਲ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਪੰਜਾਬ ਦੇ ਚੌਤਰਫਾ ਵਿਕਾਸ ਵਿਰੁੱਧ ਬੋਲਣ ਨੂੰ ਤਾਂ ਕੁੱਝ ਹੈ ਨਹੀਂ, ਬਸ ਝੂਠਾ ਭੰਡੀ-ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਅਕਾਲੀ ਭਾਜਪਾ ਸਰਕਾਰ ਵੱਲੋਂ ਪਿਛਲੇ 9 ਸਾਲਾਂ ਵਿੱਚ ਵਿਕਾਸ ਰਾਹੀਂ ਪੰਜਾਬ ਦੀ ਬਦਲੀ ਤਸਵੀਰ ਬਦਲ ਦੇਣ 'ਤੇ ਝਾਤ ਮਾਰਨ ਲਈ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸ਼ਿਵੀ, ਕੌਸ਼ਲ ਪ੍ਰਧਾਨ ਤਰੁਨ ਅਬਰੋਲ, ਐਡਵੋਕੇਟ ਰਾਕੇਸ਼ ਪਰਾਸ਼ਰ, ਜੋਧ ਸਿੰਘ ਸਮਰਾ, ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਕੌਂਸਲਰ ਸਲਵੰਤ ਸਿੰਘ ਸੇਠ, ਕੌਂਸਲਰ ਬਲਵਿੰਦਰ ਕੌਰ, ਗੋਲਡੀ ਚੌਹਾਨ, ਜਥੇਦਾਰ ਹਰਪਾਲ ਸਿੰਘ, ਬਿਸ਼ਨ ਸਿੰਘ, ਮਨਮੋਹਨ ਸਿੰਘ ਈ ਓ, ਰਜੇਸ਼ ਕੁਮਾਰ ਲਾਟੀ, ਨੰਬਰਦਾਰ ਤਰਲੋਕ ਸਿੰਘ, ਸਰਪੰਚ ਨਿਰਮਲ ਸਿੰਘ ਨਵਾਂ ਨਾਗ,ਬਿਲਾ ਆੜ੍ਹਤੀਆ ਅਤੇ ਹੋਰ ਨੇਤਾ ਹਾਜ਼ਰ ਸਨ।