← ਪਿਛੇ ਪਰਤੋ
ਅਲਬਰਟਾ, 14 ਅਕਤੂਬਰ, 2016 : ਕੈਨੇਡਾ ਦੇ ਬਾਸ਼ਾਅ ਖੇਤਰ 'ਚ ਸਥਿਤ ਮੋਟਲ ਨੂੰ ਅੱਗ ਲਗਾਉਣ ਦੀ ਘਟਨਾ 'ਚ ਇਕ ਸਿੱਖ ਪਰਿਵਾਰ ਜ਼ਿੰਦਾ ਸੜ ਗਿਆ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇਕ ਔਰਤ ਅਤੇ ਉਸ ਦੇ ਦੋ ਬੇਟਿਆਂ ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਪਰਿਵਾਰ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ ਕਿਉਂਕਿ ਘਟਨਾ ਵਾਲੀ ਥਾਂ 'ਤੇ ਨਸਲੀ ਗ੍ਰਾਫਿਟੀ ਮਿਲੀ ਹੈ। ਗ੍ਰਾਫਿਟੀ 'ਚ ਨਸਲੀ ਟਿੱਪਣੀਆਂ ਲਿਖੀਆਂ ਹੋਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਗੱਲ ਦੇ ਸਬੂਤ ਨਹੀਂ ਮਿਲੇ ਹਨ ਕਿ ਅੱਗ ਲੱਗਣ ਦੀ ਇਸ ਘਟਨਾ ਅਤੇ ਇਸ ਨਸਲੀ ਗ੍ਰਾਫਿਟੀ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਹੈ। ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਬਾਸ਼ਾਅ ਖੇਤਰ ਵਿਖੇ ਸਥਿਤ ਟਿਵਾਣਾ ਪਰਿਵਾਰ ਦੀ ਮੋਟਲ 'ਮੋਟਰ ਇਨ' ਵਿਖੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਉੱਥੇ ਭਿਆਨਕ ਅੱਗ ਲੱਗ ਗਈ। ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਬਚਾਅ ਲਿਆ ਜਦੋਂ ਕਿ ਚੌਥੇ ਵਿਅਕਤੀ ਦੀ ਮੌਤ ਹੋ ਗਈ। ਅੱਗ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਬਾਸ਼ਾਅ ਖੇਤਰ ਦੇ ਲੋਕਾਂ ਨੇ ਪੀੜਤ ਪਰਿਵਾਰ ਨਾਲ ਇਕਜੁਟਤਾ ਦਿਖਾਉਂਦੇ ਹੋਏ 8000 ਡਾਲਰ ਦਾ ਫੰਡ ਇਕੱਠਾ ਕੀਤਾ ਹੈ। ਟਿਵਾਣਾ ਪਰਿਵਾਰ ਦੀ ਕੰਪਨੀ 'ਰਾਜਵੀਰ ਪਰਭਬੀਰ ਇੰਟਰਪ੍ਰਾਈਜ਼ਸ ਲਿਮਟਡ' ਨੇ ਛੇ ਸਾਲ ਪਹਿਲਾਂ 70000 ਕੈਨੇਡੀਅਨ ਡਾਲਰ ਦੀ ਰਕਮ ਦੇ ਕੇ ਇਹ ਮੋਟਲ ਖਰੀਦਿਆ ਸੀ। ਕੰਪਨੀ ਨੇ ਇਸ ਮੋਟਲ ਨੂੰ ਗੁਰਪ੍ਰੀਤ ਟਿਵਾਣਾ ਅਤੇ ਬਰਿੰਦਰ ਟਿਵਾਣਾ ਦੇ ਨਾਂ 'ਤੇ ਰਜਿਸਟਰ ਕਰਵਾਇਆ ਹੈ। ਇਸ ਤੋਂ ਪਹਿਲਾਂ ਇਹ ਮੋਟਲ ਕੇ. ਐੱਨ. ਕੇ. ਇੰਟਰਪ੍ਰਾਈਜ਼ਸ ਕੰਪਨੀ ਦੇ ਕੋਲ ਸੀ ਅਤੇ ਗੁਰਜੀਤ ਧਾਲੀਵਾਲ ਨਾਮੀ ਵਿਅਕਤੀ ਦੇ ਨਾਂ 'ਤੇ ਰਜਿਸਟਰਡ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ ਅਤੇ ਨਾ ਹੀ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਕੀਤੀ ਹੈ।
Total Responses : 267