ਚੰਡੀਗੜ੍ਹ, 21 ਸਤੰਬਰ, 2016 : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਮੀਡੀਆ 'ਚ ਕੀਤੇ ਦਾਅਵੇ ਕਿ 1984 ਦੇ ਕਤਲੇਆਮ ਕਾਰਨ ਸਿੱਖ ਕਾਂਗਰਸ ਦੀ ਹਮਾਇਤ ਨਹੀਂ ਕਰਨਗੇ, ਉਤੇ ਟਿੱਪਣੀ ਕਰਦਿਆਂ ਕਿਹਾ ਕਿ ਸਿਆਸੀ ਵਿਸ਼ਲੇਸ਼ਣ ਕਰਨ ਸਮੇਂ ਕੈਪਟਨ ਨੇ ਇਸ ਕੌੜੇ ਸੱਚ ਨੂੰ ਕਬੂਲ ਕਰ ਲਿਆ ਹੈ। ਸ. ਗਰੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖ ਵਿਰੋਧੀ ਹੈ ਤੇ ਜਿਸ ਤਰ੍ਹਾਂ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ '84 ਦੌਰਾਨ ਸਿੱਖਾਂ ਦਾ ਯੋਜਨਾਬੱਧ ਕਤਲੇਆਮ ਕੀਤਾ ਗਿਆ ਅਤੇ ਸਿੱਖ ਭਾਈਚਾਰੇ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫੌਜੀ ਹਮਲਾ ਕਰਵਾਇਆ ਗਿਆ, ਉਸ ਤੋਂ ਦੁਨੀਆ ਭਰ ਵਿਚ ਵਸਦਾ ਸਮੁੱਚਾ ਸਿੱਖ ਭਾਈਚਾਰਾ ਭਲੀਭਾਂਤ ਜਾਣੂ ਹੈ।
ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਆਪਸੀ ਭਾਈਚਾਰੇ ਦੀ ਪ੍ਰਤੀਕ ਹੈ, ਜਿਸ ਵਲੋਂ ਵਿਰਾਸਤ-ਏ-ਖਾਲਸਾ, ਚੱਪੜਚਿੜੀ ਤੇ ਘੱਲੂਘਾਰਿਆਂ ਦੀਆਂ ਯਾਦਗਾਰਾਂ ਬਣਾਉਣ ਤੋਂ ਇਲਾਵਾ ਭਗਵਾਨ ਵਾਲਮੀਕ ਜੀ ਦੀ ਯਾਦ 'ਚ ਰਾਮ ਤੀਰਥ ਵਿਖੇ ਤੇ ਕਰਤਾਰਪੁਰ 'ਚ ਜੰਗ-ਏ-ਆਜ਼ਾਦੀ ਯਾਦਗਾਰ ਬਣਾਈਆਂ ਜਾ ਰਹੀਆਂ ਹਨ। ਗੁਰੂ ਸਾਹਿਬਾਨ ਦੇ ਪਵਿੱਤਰ ਸ਼ਾਸ਼ਤਰਾਂ ਦੀ ਯਾਤਰਾ ਅਤੇ ਸੰਗਤ ਨੂੰ ਧਾਰਮਿਕ ਸਥਾਨਾਂ ਲਈ ਤੀਰਥ ਯਾਤਰਾਵਾਂ ਕਰਵਾਈਆਂ ਗਈਆਂ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਦੇ ਸੁੰਦਰੀਕਰਨ ਕਰਨ ਅਤੇ ਵੱਡੇ ਫਲਾਈਓਵਰ ਬਣਾ ਕੇ ਲੋਕਾਂ ਦਾ ਪਹੁੰਚਣਾ ਆਸਾਨ ਬਣਾਇਆ ਹੈ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੀਆਂ ਲੋਕ ਪੱਖੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਇਨ੍ਹਾਂ ਕੰਮਾਂ ਨੂੰ ਸਮੂਹ ਪੰਜਾਬੀਆਂ ਨੇ ਕਾਫ਼ੀ ਸਰਾਹਨਾ ਕੀਤੀ ਹੈ।
ਭਾਜਪਾ ਆਗੂ ਸ. ਗਰੇਵਾਲ ਨੇ ਆਮ ਆਦਮੀ ਪਾਰਟੀ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਆਪ ਪਾਰਟੀ ਸਿੱਖੀ ਦਾ ਕਿੰਨਾ ਕੁ ਸਤਿਕਾਰ ਕਰਦੀ ਹੈ, ਉਸਨੂੰ ਉਨ੍ਹਾਂ ਨੇ ਚੋਣ ਮੈਨੀਫੈਸਟੋ ਉਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਝਾੜੂ ਛਾਪ ਕੇ ਜ਼ਾਹਰ ਕਰ ਦਿੱਤਾ ਹੈ। ਇਥੇ ਹੀ ਬਸ ਨਹੀਂ ਆਪ ਪਾਰਟੀ ਦੇ ਆਗੂਆਂ ਨੇ ਚੋਣ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਅਤੇ ਪੰਜ ਪਿਆਰਿਆਂ ਦੀ ਤੁਲਨਾ ਆਪਣੇ ਦਿੱਲੀ, ਯੂਪੀ ਦੇ ਆਗੂਆਂ ਨਾਲ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ। ਸ. ਗਰੇਵਾਲ ਨੇ ਕਿਹਾ ਕਿ ਆਪ ਆਗੂਆਂ ਨੇ ਤਾਂ ਸਿੱਖ ਪੰਥ ਤੋਂ ਮੁਆਫ਼ੀ ਮੰਗਣ ਨੂੰ ਵੀ ਮਜ਼ਾਕ ਬਣਾ ਕੇ ਰੱਖ ਦਿੱਤਾ ਅਤੇ ਸੇਵਾ ਭਾਵਨਾ ਦੀ ਜਗ੍ਹਾ ਫੋਟੋਆਂ ਖਿਚਵਾਉਣ ਨੂੰ ਜ਼ਿਆਦਾ ਤਰਜ਼ੀਹ ਦਿੱਤੀ। ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀਂ ਪਾਰਟੀ ਅਜਿਹੀਆਂ ਪਾਰਟੀਆਂ ਹਨ, ਜੋ ਵੋਟਾਂ ਦੀ ਖ਼ਾਤਰ ਕੁਝ ਵੀ ਕਰ ਸਕਦੀਆਂ ਹਨ।