ਅਸ਼ੋਕ ਵਰਮਾ
ਬਰਨਾਲਾ, 8 ਮਾਰਚ 2021: ਬਰਨਾਲਾ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਕਿਸਾਨ ਧਰਨੇ ਦੌਰਾਨ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਧਰਨੇ ਦੀ ਕਮਾਂਡ ਸੰਭਾਲਦਿਆਂ ਕਿਸਾਨ ਔਰਤਾਂ ਦੀ ਖੇਤੀ ਕਾਨੂੰਨਾਂ ਖਿਲਾਫ ਆਪਣੀ ਸੁਰ ਤਿੱਖੀ ਰਹੀ। ਕਿਸਾਨ ਆਗੂਆਂ ਨੇ ਮੋਦੀ ਸੋਰਕਾਰ ਨੂੰ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਅਤੇ ਕੰਧ ਤੇ ਲਿਖਿਆ ਪੜ੍ਹਨ ਦੀ ਨਸੀਹਤ ਦਿੱਤੀ । ਸਟੇਜ਼ ਸੰਚਲਾਨ ਕਰਦਿਆਂ ਔਰਤ ਆਗੂ ਪ੍ਰੇਮਪਾਲ ਕੌਰ ਨੇ ਕਿਸਾਨ ਸੰਘਰਸ਼ ਦੌਰਾਨ ਔਰਤਾਂ ਦੀ ਸਰਗਰਮ ਭੂਮਿਕਾ ਦੀ ਲੌੜ ਤੇ ਜੋਰ ਦਿੰਦਿਆਂ ਹਰ ਔਰਤ ਨੂੰ ਅੱਗੇ ਆਕੇ ਲੜਾਈ ਲੜਨ ਦਾ ਸੱਦਾ ਦਿੱਤਾ। ਅੱਜ ਦੇ ਧਰਨੇ ਨੂੰ ਮੈਡਮ ਅਮਰਜੀਤ ਕੌਰ, ਐਲਬੀਐਸ ਕਾਲਜ ਤੋਂ ਮੈਡਮ ਅਰਚਨਾ, ਮਨਜੀਤ ਕੌਰ ਰਾਣੀ, ਮਨਵੀਰ ਕੌਰ ਰਾਹੀ, ਗਮਦੂਰ ਕੌਰ,ਪਰਮਜੀਤ ਕੌਰ ਜੋਧਪੁਰ ਤੇ ਮਹਿਕਦੀਪ ਨੇ ਧਰਨੇ ਨੂੰ ਸੰਬੋਧਨ ਕੀਤਾ।
ਬਲਾਰੇ ਆਗੂਆਂ ਨੇ ਕਿਹਾ ਕਿ ਲੜਕੀਆਂ ਨੂੰ ਜਨਮ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਲੜਕੀਆਂ ਨੂੰ ਬੋਲਣਾ ਸ਼ੋਭਦਾ ਨਹੀਂ। ਜਦ ਉਹ ਸਕੂਲ, ਕਾਲਜ ਵਿੱਚ ਜਾਂਦੀਆਂ ਹਨ ਜਾਂ ਸਮਾਜ ਨਾਲ ਉਨ੍ਹਾਂ ਦਾ ਵਾਹ ਪੈਂਦਾ ਹੈ ਤਾਂ ਹਰ ਥਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਬੋਲਣਾ ਚੰਗਾ ਸੰਸਕਾਰ ਨਹੀਂ ਹੁੰਦਾ। ਬਚਪਨ ਤੋਂ ਹੀ ਉਨ੍ਹਾਂ ਨੂੰ ਗੁਲਾਮੀ ਸਹਿਣ ਦੀ ਆਦਤ ਪਾਈ ਜਾਂਦੀ ਹੈ ਅਤੇ ਪੈਰ ਪੈਰ ’ਤੇ ਵਿਤਕਰੇ ਤੋਂ ਇਲਾਵਾ ਕੀਤਾ ਬੱਚੀਆਂ ਗਰਭ ਵਿੱਚ ਹੀ ਕਤਲ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਔਰਤਾਂ ਅਬਲਾ ਤੇ ਕਮਜੋਰ ਸਮਝੀਆਂ ਜਾਂਦੀਆਂ ਹਨ ਜਦੋਂ ਕਿ ਔਰਤਾਂ ਨੇ ਆਪਣੇ ਆਪ ਨੂੰ ਜਿੰਦਗੀ ਦੇ ਹਰ ਖੇਤਰ ਵਿੱਚ ਬਿਹਤਰੀਨ ਸਿੱਧ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲਾੜ ਯਾਤਰਾ, ਮੈਡੀਕਲ, ਖੇਡਾਂ, ਸਿਵਲ ਪ੍ਰਸ਼ਾਸਨ, ਸਿਆਸੀ ਅਗਵਾਈ ਅਤੇ ਮੌਝੂਦਾ ਕਿਸਾਨ/ਲੋਕ ਸੰਘਰਸ਼ ਦੇ ਮੈਦਾਨ ਦੇ ਖੇਤਰ ਆਦਿ ਹਰ ਖੇਤਰ ਵਿੱਚ ਸਫਲ ਔਰਤਾਂ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਔਰਤਾਂ ਦਾ ਇਰਾਦਾ ਦਿ੍ਰੜ ਤੇ ਪਰਪੱਕ ਹੁੰਦਾ ਹੈ। ਉਹ ਘਰ ਸੰਭਾਲਦੀ ਤੇ ਬੱਚੇ ਪਾਲਦੀ ਹੈ ਅਤੇ ਘਰੋਂ ਬਾਹਰ ਵੀ ਕੰਮ ਕਰਦੀਆਂ ਹਨ।ਉਨ੍ਹਾਂ ਦੱਸਿਆ ਕਿ ਔਰਤਾਂ ਦੀਆਂ ਘੱਟ ਉਜਰਤਾਂ, ਜਬਰ ਜੁਲਮ ਤੇ ਹੋਰ ਮੁੱਦਿਆਂ ਬਾਰੇ ਪਹਿਲੀ ਵਾਰ ਸੰਨ 1908-09 ਵਿੱਚ ਨਿਊਯਾਰਕ ਸਿਟੀ ਵਿੱਚ ਔਰਤਾਂ ਨੇ ਪ੍ਰਦਰਸ਼ਨ ਕੀਤਾ। ਅਗਲੇ ਸਾਲ ਡੈਨਮਾਰਕ ਦੇਸ਼ ਦੀ ਰਾਜਧਾਨੀ ਕੌਪਨਹੈਗਨ ਵਿੱਚ ਜਰਮਨ ਦੀ ਸ਼ੋਸਲਿਸਟ ਆਗੂ ਕਲਾਰਾ ਜੈਟਕਿਨ ਨੇ ਔਰਤਾਂ ਦੇ ਮੁੱਦਿਆਂ ਨੂੰ ਲੈ ਕੇ ਹਰ ਸਾਲ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦੀ ਤਜਵੀਜ਼ ਰੱਖੀ ਸੀ।
ਉਨ੍ਹਾਂ ਦੱਸਿਆ ਕਿ ਤਦ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਹਰ ਸਾਲ ਔਰਤਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਦਾ ਹੈ ਫਿਰ ਵੀ ਬਹੁਗਿਣਤੀ ਔਰਤਾਂ ਦੀ ਦਸ਼ਾ ਵਿੱਚ ਕੋਈ ਵੱਡਾ ਸੁਧਾਰ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਰੀਬ ਦੋ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਲੜਿਆ ਜਾ ਰਿਹਾ ਅੰਦੋਲਨ ਕੇਵਲ ਤਿੰਨ ਕਾਨੂੰਨ ਵਾਪਸ ਕਰਵਾਉਣ ਤੱਕ ਮਹਿਦੂਦ ਨਾ ਰਹਿ ਕੇ ਵਿਆਪਕ ਤਬਦੀਲੀ ਦਾ ਵਾਹਕ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨ ਆਪਣੀਆਂ ਜਮੀਨਾਂ ਦੀ ਰਾਖੀ ਲਈ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰ ਰਹੇ ਹਨ ਤਾਂ ਔਰਤਾਂ ਵੀ ਆਪਣੀ ਭੂਮਿਕਾ ਨਿਭਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨਾਂ ਪਿਛੋਂ ਮਹਿੰਗਾਈ, ਰੋਜ਼ਗਾਰ ਵਿਹੂਣਤਾ ਅਤੇ ਸਰਕਾਰੀ ਜਬਰ ਆਦਿ ਦਾ ਸ਼ਿਕਾਰ ਸਭ ਤੋਂ ਵੱਧ ਔਰਤਾਂ ਹੋਣਗੀਆਂ।