ਅਸ਼ੋਕ ਵਰਮਾ
ਨਵੀਂ ਦਿੱਲੀ, 28 ਫਰਵਰੀ 2021: ਟਿਕਰੀ ਬਾਰਡਰ ਤੇ ਬੀਕੇਯੂ ਏਕਤਾ ਉਗਰਾਹਾਂ ਦੀ ਸਟੇਜ ਤੋਂ ਅੱਜ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਸਿੰਘਾਪੁਰ ਦੇ ਬਾਗੀ ਯੋਧਿਆਂ ਨੂੰ ਯਾਦ ਕੀਤਾ । ਪਕੌੜਾ ਚੌਂਕ ਨੇੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਨੇ ਅੱਜ਼ ਦੇ ਦਿਹਾੜੇ ਤੇ 28 ਫਰਵਰੀ 1915 ਨੂੰ ਦੇਸ਼ ਦੀ ਆਜ਼ਾਦੀ ਲਈ ਗ਼ਦਰ ਲਹਿਰ ਚ ਕੁੱਦੇ ਅਤੇ ਫ਼ੌਜੀ ਛਾਉਣੀ ਚ ਬਗਵਾਤ ਕਰਨ ਵਾਲੇ 41 ਬਾਗੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਹੀਦਾਂ ਕੁਰਬਾਨੀ ਤੋਂ ਪ੍ਰੇਰਨਾ ਲੈਕੇ ਮੌਜੂਦਾ ਘੋਲ਼ ਦੀ ਸਫਲਤਾ ਲਈ ਸੰਘਰਸ਼ ਦੇ ਅੰਦਰ ਔਰਤਾਂ ਤੇ ਮਜ਼ਦੂਰਾਂ ਦੀ ਸ਼ਮੂਲੀਅਤ ਨੂੰ ਹੋਰ ਵਧਾਉਣ ਦਾ ਸੱਦਾ ਦਿੱਤਾ।ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਅੰਗਰੇਜ਼ ਹਕੂਮਤ ਖ਼ਿਲਾਫ਼ ਜਾਨ ਹੂਲਵੇਂ ਸੰਘਰਸ਼ ਦੌਰਾਨ ਅਨੇਕਾਂ ਯੋਧਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਸਦਕਾ ਅੰਗਰੇਜ਼ਾ ਨੂੰ ਭਾਵੇਂ ਪਰਦੇ ਪਿੱਛੇ ਹੋਣ ਦਾ ਕੌੜਾ ਅੱਕ ਚੱਬਣਾ ਪਿਆ ਪਰ ਅੱਜ ਵੀ ਬਰਤਾਨੀਆ ਸਮੇਤ ਕਈ ਸਾਮਰਾਜੀ ਮੁਲਕ ਆਪਣੇ ਦਲਾਲ ਹਾਕਮਾਂ ਰਾਹੀਂ ਉਹੀ ਨੀਤੀਆਂ ਸਾਡੇ 'ਤੇ ਮੜ੍ਹ ਰਹੇ ਹਨ। ਉਹਨਾਂ ਕਿਹਾ ਕਿ ਮੌਜੂਦਾ ਖੇਤੀ ਕਾਨੂੰਨ ਵੀ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਲਿਆਂਦੇ ਗਏ ਹਨ।
ਉਹਨਾਂ ਕਿਹਾ ਕਿ ਅੰਗਰੇਜ਼ੀ ਹਾਕਮਾਂ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਮੋਦੀ ਸਰਕਾਰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ 'ਤੇ ਅਣਮਨੁੱਖੀ ਜ਼ਬਰ ਢਾਹ ਰਹੀ ਹੈ ਤੇ ਜੇਲ੍ਹਾਂ ਚ ਡੱਕ ਰਹੀ ਹੈ । ਕਿਸਾਨ ਸੰਘਰਸ਼ ਦੇ ਹਮਾਇਤੀਆਂ ਉਤੇ ਵੀ ਦੇਸ਼ ਧਰੋਹ ਦੇ ਪਰਚੇ ਦਰਜ ਕਰਕੇ ਲਿਖਣ ਅਤੇ ਵਿਚਾਰਾਂ ਦੀ ਆਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ । ਉਨ੍ਹਾਂ ਨੌੰਦੀਪ ਕੌਰ ਗੰਧੜ ਸਮੇਤ ਕਿਸਾਨ ਅੰਦੋਲਨ ਦੇ ਹਮਾਇਤੀ ਕਾਰਕੁਨਾਂ 'ਤੇ ਪੁਲੀਸ ਵੱਲੋਂ ਢਾਹੇ ਜਬਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਜੇਲ੍ਹਾਂ ਵਿੱਚ ਬੰਦ ਸ਼ਿਵ ਕੁਮਾਰ ਸਮੇਤ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।
ਅੱਜ ਦਿੱਲੀ ਜੇਲ੍ਹ ਤੋਂ ਰਿਹਾਅ ਹੋ ਕੇ ਪੰਡਾਲ ਚ ਪਹੁੰਚੇ ਨੌਜਵਾਨਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਸਰਕਾਰ ਦੀ ਦਹਿਸ਼ਤ ਤੋਡ਼ ਕੇ ਜੇਲ੍ਹਾਂ ਤੋਂ ਰਿਹਾਅ ਹੋ ਕੇ ਨੌਜਵਾਨਾਂ ਦਾ ਸਿੱਧਾ ਸੰਘਰਸ਼ਾਂ ਵਿੱਚ ਆਉਣਾ ਖੇਤੀ ਕਾਨੂੰਨਾਂ ਖਿਲਾਫ਼ ਜੂਝ ਰਹੇ ਲੋਕਾਂ ਦੇ ਬੁਲੰਦ ਹੌਸਲੇ ਦੀ ਗਵਾਹੀ ਭਰਦਾ ਹੈ।
ਸ੍ਰੀ ਉਗਰਾਹਾਂ ਨੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਮਜ਼ਦੂਰਾਂ ਅਤੇ ਸਮਾਜਿਕ ਇਨਸਾਫ਼ ਲਈ ਸੰਘਰਸ਼ ਕਰਨ ਵਾਲੀਆਂ ਸੌ ਤੋਂ ਵੱਧ ਜਥੇਬੰਦੀਆਂ ਵੱਲੋਂ ਅਖ਼ਬਾਰ ਵਿੱਚ ਇਸ਼ਤਿਹਾਰ ਦੇ ਕੇ ਕਿਸਾਨਾਂ ਦੀ ਅੰਤਰਰਾਸ਼ਟਰੀ ਹਮਾਇਤ ਕਰਨਾ ਕਿਸਾਨ ਅੰਦੋਲਨ ਦੇ ਜਿੱਤ ਵੱਲ ਵਧਦੇ ਕਦਮਾਂ ਦਾ ਨਮੂਨਾ ਹੈ।
ਇਸ ਮੌਕੇ ਉੱਤਰ ਪ੍ਰਦੇਸ਼ ਤੋਂ ਆਏ ਬੁਲਾਰੇ ਰਾਮਾਨੰਦ ਪਾਟਿਲ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਫਾਇਦੇ ਦੱਸ ਕੇ ਲਿਆਂਦੀਆਂ ਨੀਤੀਆਂ ਅਸਲ ਚ ਉਨ੍ਹਾਂ ਨੂੰ ਲੁੱਟਣ ਲਈ ਹੁੰਦੀਆਂ ਹਨ ਜਿਸ ਦੀ ਉਘੜਵੀ ਮਿਸਾਲ ਸਰਕਾਰ ਵੱਲੋਂ ਗੈਸ ਸਿਲੰਡਰ ਦੀ ਸਬਸਿਡੀ ਕੱਟ ਕੇ ਸਿੱਧੀ ਖਾਤਿਆ ਚ ਪਾਉਣ ਰਾਹੀਂ ਸਾਰਾ ਬੋਝ ਖਪਤਕਾਰਾਂ 'ਤੇ ਪਾਉਣ ਤੋਂ ਮਿਲ ਜਾਂਦੀ ਹੈ ।ਅੱਜ ਦੇ ਇਕੱਠ ਨੂੰ ਗੁਰਪ੍ਰੀਤ ਸਿੰਘ ਲੁਧਿਆਣਾ, ਸੁਦਾਗਰ ਸਿੰਘ ਘੁਡਾਣੀ ,ਤਰਲੋਕ ਸਿੰਘ ਹਿੰਮਤਪੁਰਾ, ਅਮਰਜੀਤ ਸਿੰਘ ਸੈਦੋਕੇ ,ਪਰਮਜੀਤ ਕੌਰ ਕੌਟੜਾ ਬਲਬੀਰ ਕੌਰ ਪਾਤੜਾ ਅਤੇ ਡਾ ਰੁਪਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ।ਅਜਮੇਰ ਸਿੰਘ ਅਕਲੀਆ ਅਤੇ ਪਰਮਜੀਤ ਕੌਰ ਫਿਰੋਜ਼ਪੁਰ ਨੇ ਲੋਕ ਪੱਖੀ ਗੀਤ ਪੇਸ਼ ਕੀਤੇ ।