ਲੁਧਿਆਣਾ, 16 ਸਤੰਬਰ, 2016 : ਆਮ ਆਦਮੀ ਪਾਰਟੀ ਵਲੋਂ ਛਪਾਰ ਮੇਲੇ ਵਿੱਚ ਕਰਵਾਈ ਗਈ ਕਾਨਫ੍ਰੰਸ ਵਿੱਚ ਅੱਜ ਭਾਰੀ ਜਨ ਸੈਲਾਬ ਉਮੜਿਆ ਅਤੇ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਡਾਲ ਪੂਰੀ ਤਰਾਂ ਭਰ ਗਿਆ ਸੀ ਅਤੇ ਰੈਲੀ ਸ਼ੁਰੂ ਹੁੰਦਿਆਂ-ਹੁੰਦਿਆਂ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ।
ਇਸ ਮੋਕੇ ਪਾਰਟੀ ਦੇ ਸਿਨੀਅਰ ਰਾਸ਼ਟਰੀ ਆਗੂ ਸੰਜੇ ਸਿੰਘ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਇਸ ਜਨਸੈਲਾਬ ਨੂੰ ਦੇਖ ਕੇ ਤੈਅ ਹੈ ਕਿ ਐਚ. ਐਸ. ਫੂਲਕਾ ਦੀ 2017 ਚੋਣਾ ਵਿੱਚ ਜ਼ਬਰਦਸਤ ਜਿੱਤ ਹੋਵੇਗੀ ਅਤੇ ਵਿਰੋਧੀਆਂ ਦੀਆਂ ਜ਼ਮਾਨਤਾਂ ਜਬਤ ਹੋ ਜਾਣਗੀਆਂ। ਉਹਨਾਂ ਦਾਅਵਾ ਕੀਤਾ ਕਿ 2017 ਵਿੱਚ 'ਆਪ' ਪੰਜਾਬ ਵਿੱਚ 100 ਤੋਂ ਜ਼ਿਆਦਾ ਸੀਟਾਂ ਜਿੱਤੇਗੀaਤੇ ਪੰਜਾਬੀ ਹੀ ਮੁੱਖ ਮੰਤਰੀ ਬਣੇਗਾ। ਉਹਨਾਂ ਕਿਹਾ ਕਿ ਬਾਦਲ ਸਰਕਾਰ ਪੂਰੀ ਤਰਾਂ ਬੋਖਲਾ ਗਈ ਹੈ ਅਤੇ ਆਪ ਨੂੰ ਮਿਲ ਰਹੇ ਜਨਤਾ ਦੇ ਭਾਰੀ ਸਮਰਥਨ ਤੋਂ ਘਬਰਾਕੇ ਆਪ ਦੇ ਵਾਲੰਟੀਅਰਜ਼ ਉੱਪਰ ਹਮਲੇ ਅਤੇ ਪਰਚੇ ਕਰਵਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲਾਂ ਤੋਂ ਡਰਨ ਦੀ ਲੋੜ ਨਹੀਂ, 2017 ਤੋਂ ਬਾਅਦ ਇਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇਗਾ। ਉਹਨਾਂ ਰਵਾਇਤੀ ਰਾਜਨੀਤੀ ਵਿੱਚ ਪਰਿਵਾਰਵਾਦ ਦੇ ਖਿਲਾਫ ਬੋਲਦਿਆਂ ਕਿਹਾ ਕਿ ਚੰਦ ਪਰਿਵਾਰਾਂ ਨੇ ਭਾਰਤ ਦੀ ਰਾਜਨੀਤੀ ਤੇ ਕਬਜਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਉਹ ਪਰਿਵਾਰਵਾਦ ਨੂੰ ਜੜ ਤੋਂ ਖਤਮ ਕਰ ਦੇਣਗੇ।
ਇਸ ਮੋਕੇ ਐਚ ਐਸ ਫੂਲਕਾ ਨੇ ਕਾਂਗਰਸ ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪੰਜਾਬ ਅਤੇ ਦਿੱਲੀ ਵਿੱਚ ਹਜ਼ਾਰਾਂ ਸਿੱਖਾਂ ਦੇ ਕਤਲਾਂ ਦੀ ਜਿੰਮੇਦਾਰ ਹੈ, ਪਰ ਅੱਜ ਤਕ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ। ਉਹਨਾਂ ਨੇ ਇਸ ਕੇਸ ਦੇ ਇੱਕ ਗਵਾਹ ਨੂੰ ਮੁਕਰਾਉਣ ਲਈ ਦੋ ਅਕਾਲੀ ਲੀਡਰਾਂ ਨੂੰ ਵੀ ਜਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦੋਵੇ ਆਪਸ ਮਿਲਕੇ ਇੱਕ ਦੂਸਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ. ਫੂਲਕਾ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ, ਨਸ਼ਿਆਂ, ਬੇਰੋਜ਼ਗਾਰੀ ਅਤੇ ਧੱਕੇਸ਼ਾਹੀ ਦੀ ਦਲਦਲ ਵਿੱਚੋਂ ਕੱਢਣ ਲਈ ਇਸ ਬਾਰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦੇਣ।
ਸੰਮੇਲਨ ਨੂੰ ਸੰਬੋਧਤ ਕਰਨ ਵਾਲੇ ਦਿੱਲੀ ਦੇ ਵਿਧਾਇਕ ਸ. ਜਰਨੈਲ ਸਿੰਘ, ਮੈਂਬਰ ਪਾਰਲੀਮੈਂਟ ਸਾਧੂ ਸਿੰਘ, ਦਾਖਾ ਹਲਕੇ ਤੋਂ ਉਮੀਦਵਾਰ ਐਚ ਐਸ ਫੂਲਕਾ, ਕੰਵਰ ਸੰਧੂ ਵਰਗੇ ਦਿੱਗਜਾਂ ਨੇ ਆਪਣੇ ਇੰਨਕਲਾਬੀ ਵਿਚਾਰ ਰੱਖਕੇ ਪੰਡਾਲ ਵਿੱਚ ਬੈਠੇ ਲੋਕਾਂ ਵਿੱਚ ਜੋਸ਼ ਭਰ ਦਿਤਾ। ਖਚਾ-ਖਚ ਭਰੇ ਹੋਏ ਪੰਡਾਲ ਵਿੱਚ ਲੋਕਾਂ ਦੀਆਂ ਤਾੜੀਆਂ ਦੀ ਜ਼ਬਰਦਸਤ ਆਵਾਜ਼ ਤੋਂ ਇਹ ਸਪਸ਼ਟ ਹੋ ਗਿਆ ਕਿ ਚੋਣਾ ਵਿਚ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਅਤੇ ਨਿਸ਼ਚਿਤ ਰੂਪ ਵਿੱਚ ਇਹ ਵਿਰੋਧੀ ਪਾਰਟੀਆਂ ਲਈ ਚਿੰਤਾ ਦਾ ਵਿਸ਼ਾ ਹੈ।ਸ. ਜਰਨੈਲ ਸਿੰਘ ਕਿਹਾ ਉਪ ਮੁੱਖ ਮੰਤਰੀ ਦਾ ਨਾਮ ਸੁਖਬੀਰ ਸਿੰਘ ਪਰ ਪੰਜਾਬ ਸੁਖੀ ਨਹੀਂ ਹੈ। ਪੰਜਾਬ ਦਾ ਹਰ ਵਰਗ ਦੁਖੀ ਹੈ। ਕਾਂਗਰਸ ਨੇ ਪੰਜਾਬ ਦੇ ਪਾਣੀਆਂ ਦਾ ਹੱਕ ਖੋਹਿਆ ਹੈ। ਕਿਸਾਨਾਂ ਦੀ ਐਸ ਵਾਈ ਐਲ ਲਈ ਜ਼ਮੀਨ ਬਾਦਲ ਨੇ ਲਈ ਸੀ ਉਹਨਾਂ ਕਿਹਾ ਕਿ ਅੰਮ੍ਰਿਤਸਰ ਸਾਹਿਬ ਅਤੇ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ। ਜਦੋਂਕਿ ਬਾਦਲ ਸਰਕਾਰ ਅੱਜ ਤਕ ਤਮਾਕੂ ਦੀਆਂ ਦੁਕਾਨਾ ਵੀ ਬੰਦ ਨਹੀਂ ਕਰਵਾ ਸਕੀ। ਉਹਨਾਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਬਾਦਲ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਪਰ ਅਜੇ ਤਕ ਦੋਸ਼ੀ ਨਹੀਂ ਫੜੇ ਗਏ। ਉਹਨਾਂ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਤੇ ਹਮਲਾ ਕਰਦਿਆਂ ਕਿਹਾ ਕਿ ਇਹ ਦੋਵੇ ਅਕਾਲੀਆਂ ਅਤੇ ਆਰ ਐਸ ਐਸ ਦੀ ਬੀ ਟੀਮ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿਰਫ ਇੱਕੋ-ਇੱਕ ਮੋਰਚਾ ਆਮ ਆਦਮੀ ਪਾਰਟੀ ਹੈ। ਕਾਨਫ੍ਰੰਸ ਨੂੰ ਸੰਬੋਧਨ ਕਰਦੇ ਹੋਏ ਯੂਥ ਵਿੰਗ ਦੇ ਪ੍ਰਧਾਨ ਅਤੇ ਸਾਹਨੇਵਾਲ ਹਲਕੇ ਦੇ ਉਮੀਦਵਾਰ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਸਿੰਘ ਹੈ, ਪਰ ਪੰਜਾਬ ਅੰਦਰ ਜ਼ੁਲਮ, ਅਧਰਮ, ਲੁੱਟ ਅਤੇ ਨਸ਼ਿਆਂ ਦਾ ਹਨੇਰਾ ਹੈ।
ਤਲਵੰਡੀ ਸਾਬੋ ਤੋਂ ਉਮੀਦਵਾਰ ਬਲਜਿੰਦਰ ਕੌਰ ਨੇ ਕਿਹਾ ਪੰਜਾਬ ਵਿੱਚ ਧੀਆਂ-ਭੈਣਾ ਸੁਰੱਖਿਅਤ ਨਹੀਂ, ਪੰਜਾਬ ਦੇ ਕਿਸਾਨ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹਨ ਅਤੇ ਨੋਜੁਆਨ ਨਸ਼ਿਆਂ ਦੀ ਮਾਰ ਨਾਲ ਮਰ ਰਹੇ ਹਨ, ਇੰਡਸਟਰੀ ਖਤਮ ਹੋ ਗਈ ਹੈ। ਉਹਨਾਂ ਕਿਹਾ ਕਿ ਅਕਾਲੀ/ਭਾਜਪਾ ਗਠਜੋੜ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਅਤੇ ਲੋਕ ਮਾਰੂ ਨੀਤੀਆਂ ਕਰਕੇ ਪੰਜਾਬ ਬਰਬਾਦ ਹੋ ਚੁੱਕਾ ਹੈ। ਉਹਨਾਂ ਕਿਹਾ ਅੱਜ ਦਾ ਠਾਠਾਂ ਮਾਰਦਾ ਇੱਕਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ 2017 ਵਿੱਚ ਪੰਜਾਬ ਦੀ ਜਨਤਾ ਸੱਤਾ ਦੇ ਲਾਲਚੀ ਨੇਤਾਵਾਂ ਨੂੰ ਇਕੱ ਚੰਗਾ ਸਬਕ ਸਿਖਾਵੇਗੀ।
ਇਸ ਮੋਕੇ ਸ. ਕੰਵਰ ਸੰਧੂ ਨੇ ਕਿਹਾ ਕਿ ਦੋ ਸਾਲਾਂ 'ਚ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ, ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਵੇਗੀ। ਫਸਲ ਦੀ 24 ਘੰਟਿਆਂ ਵਿੱਚ ਖਰੀਦ ਅਤੇ 72 ਘੰਟਿਆਂ ਵਿੱਚ ਅਦਾਇਗੀ ਕੀਤੀ ਜਾਵੇਗੀ।ਨੋਜੁਆਨਾ ਤੇ ਲੋਕਾਂ ਨੂੰ ਨਜਾਇਜ਼ ਅੰਦਰ ਕਰਨ ਵਾਲੇ ਬਿਕਰਮ ਸਿੰਘ ਮਜੀਠੀ, ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ ਵਰਗਿਆਂ ਨੂੰ ਜੇਲ ਭੇਜਿਆ ਜਾਵੇਗਾ। ਪਾਰਟੀ ਦੇ ਐਮ ਐਲ ਏ ਅਤੇ ਮੰਤਰੀ ਪੰਜਾਬ ਦੇ ਹੋਣਗੇ।
ਸਮਾਗਮ ਨੂੰ ਸਾਧੂ ਸਿੰਘ ਐਮ ਪੀ , ਗੁਰਬਿੰਦਰ ਸਿੰਘ ਕੰਗ, ਦਲਜੀਤ ਸਿੰਘ ਭੋਲਾ., ਗੁਰਪਰੀਤ ਸਿੰਘ ਲਾਪਰਾਂ, ਮੀਤ ਹੇਅਰ ਅਤੇ ਕਰਨਲ ਦਰਸ਼ਨ ਢਿਲੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਭੱਟੀ, ਕਰਨਵੀਰ ਸਿੰਘ ਕੰਗ , ਜਸੀ ਸੇਖੋਂ, ਅਨੂ ਰੰਧਾਵਾ, ਜਗਰੁਪ ਸਿੰਘ ਜਰਖੜ, ਸੁਖਵਿੰਦਰ ਸਿੰਘ ਸੁੱਖੀ, ਦਰਸ਼ਨ ਸਿੰਘ ਸ਼ੰਕਰ, ਬਲਵਿੰਦਰ ਸਿੰਘ ਜੱਗਾ, ਅਮਰਜੋਤ ਸਿੰਘ ਮਾਸਟਰ ਹਰੀ ਸਿੰਘ, ਅਮ੍ਰਿਤਪਾਲ ਸਿੰਘ, ਨਰਿੰਦਰ ਕੁਮਾਰ, ਸੰਦੀਪ ਪੰਧੇਰ, ਪੁਨੀਤ ਸਾਹਨੀ ਅਤੇ , ਰਾਜ ਫਤੇਹ ਸਿੰਘ ਅਤੇ ਸਾਹਿਬਜੀਤ ਸਿੰਘ ਜਰਖੜ ਵੀ ਹਾਜਰ ਸਨ