ਚੰਡੀਗੜ੍ਹ, 21 ਸਤੰਬਰ, 2016 : ਲੰਘੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਨੇ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਦੁਆਰਾ ਦਿੱਤੇ ਬਿਆਨ ਕਿ ਪੰਜਾਬ ਦੇ ਕਿਸਾਨ ਮਿਹਨਤੀ ਨਾ ਹੋਣ ਕਾਰਨ ਗਰੀਬ ਹੋ ਰਹੇ ਹਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਮੰਗਲਵਾਰ ਨੂੰ ਆਪ ਵਲੋਂ ਜਾਰੀ ਸੰਯੁਕਤ ਪ੍ਰੈਸ ਬਿਆਨ ਵਿਚ ਆਪ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਅਤੇ ਲੁਧਿਆਣਾ ਤੋਂ ਉਮੀਦਵਾਰ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਭਰ ਵਿਚ ਆਪਣੀ ਮਿਹਨਤ ਲਈ ਜਾਣਿਆ ਜਾਂਦਾ ਹੈ। ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਹਰੀ ਕ੍ਰਾਂਤੀ ਲਿਆਉਣ ਵਿਚ ਪੰਜਾਬ ਦੇ ਕਿਸਾਨ ਦਾ ਮੁੱਖ ਰੋਲ ਰਿਹਾ ਹੈ। ਇਸ ਗੱਲ ਦਾ ਜ਼ਿਕਰ ਸਵਾਮੀਨਾਥਨ ਰਿਪੋਰਟ 'ਚ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਪਣੀਆਂ ਗਲਤ ਨੀਤੀਆਂ ਤੇ ਪਰਦਾ ਪਾਉਣ ਦੀ ਨੀਅਤ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ।
ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਕਿਸ ਤਰ੍ਹਾਂ ਅਕਾਲੀ ਰਾਜ ਵਿਚ ਉਨ੍ਹਾਂ ਦੇ ਮੰਤਰੀ ਤੋਤਾ ਸਿੰਘ ਅਤੇ ਹੋਰਨਾਂ ਨੇ ਨਕਲੀ ਖਾਦਾ, ਬੀਜ ਅਤੇ ਸਪਰੇਆਂ ਵੇਚ ਕੇ ਨਰਮੇ ਦੀ ਫਸਲ ਤਬਾਹ ਕੀਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨ ਪੱਖੀ ਹੋਣ ਦਾ ਝੂਠ ਬੋਲਦਾ ਰਿਹਾ ਹੈ, ਪਰੰਤੂ ਅਸਲ ਵਿਚ ਅਕਾਲੀ ਦਲ ਨੇ ਹਮੇਸ਼ਾ ਕਿਸਾਨ ਵਿਰੋਧੀ ਨੀਤੀਆਂ ਅਖਤਿਆਰ ਕੀਤੀਆਂ ਹਨ।
ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਸੱਤਾਧਾਰੀ ਅਕਾਲੀ-ਭਾਜਪਾ ਦੇ ਆਗੂਆਂ ਨੂੰ ਆਮ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਸਮੇਤ ਹੋਰ ਆਗੂਆਂ ਦੇ ਪ੍ਰੋਗਰਾਮਾਂ ਵਿਚ ਫਰਿਆਦੀ ਬਣਕੇ ਪਹੁੰਚਣ ਵਾਲੀ ਦੁਖੀ ਜਨਤਾ ਦੀ ਜਦ ਗੱਲ ਨਹੀਂ ਸੁਣੀ ਗਈ ਤਾਂ ਉਨ੍ਹਾਂ ਮੁੂੰਹ 'ਤੇ ਹੀ ਖਰੀਆਂ-ਖਰੀਆਂ ਸੁਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਘੁੱਗੀ ਨੇ ਕਿਹਾ ਕਿ 9 ਸਾਲ ਜਨਤਾ ਨੂੰ ਲੁੱਟਣ ਅਤੇ ਕੁਟੱਣ ਵਾਲੇ ਅਕਾਲੀਆਂ ਦਾ ਚੋਣਾਂ ਦੇ ਨੇੜੇ ਜਾ ਕੇ ਪਿੰਡਾਂ ਵਿਚ ਵੜਨਾ ਵੀ ਮੁਸ਼ਕਿਲ ਹੋ ਜਾਵੇਗਾ। ਇਸ ਤਰ੍ਹਾਂ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ, ਪਿਛਲੇ ਦਿਨੀ ਮੋਗਾ ਦੇ ਪਿੰਡ ਕੌਂਉਕੇ ਖੋਸਾ ਵਿਚ ਇਕ ਅਕਾਲੀ ਨੇਤਾ ਨੂੰ ਪਿੰਡ ਵਾਸੀਆਂ ਨੇ ਪਿੰਡ ਦੀ ਫਿਰਨੀ ਤੋਂ ਹੀ ਵਾਪਿਸ ਮੁੜਨ ਲਈ ਮਜਬੂਰ ਕਰ ਦਿੱਤਾ ਸੀ। ਘੁੱਗੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ ਸੀ ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਸਪਰੇਅ ਕਰਨ ਦਾ ਢੰਗ ਨਾ ਹੋਣ ਕਾਰਨ ਉਨ੍ਹਾਂ ਦੀ ਫਸਲ ਤਬਾਹ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਿਸਾਨ ਨੂੰ ਕਰਜ਼ੇ ਵਿਚੋਂ ਕੱਢ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਲੋੜ ਹੈ, ਪਰੰਤੂ ਅਕਾਲੀ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ।