ਚੰਡੀਗੜ੍ਹ, 7 ਸਤੰਬਰ, 2016 : ਕਾਂਗਰਸ ਦੇ ਸਾਬਕਾ ਐਮ.ਪੀ. ਅਤੇ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਆਪਣੇ ਸਾਥੀਆਂ ਸਾਬਕਾ ਐਮ.ਐਲ.ਏ. ਡਾ. ਹਰਬੰਸ ਲਾਲ, ਸਾਬਕਾ ਐਮ.ਐਲ.ਏ. ਵਿਜੈ ਸਾਥੀ, ਸਾਬਕਾ ਐਮ.ਐਲ.ਏ. ਤਰਸੇਮ ਯੋਧਾ, ਸਾਬਕਾ ਐਮ.ਐਲ.ਏ. ਰਿਪਜੀਤ ਸਿੰਘ ਬਰਾੜ ਅਤੇ ਸ੍ਰੀ ਮੁਕਤਸਰ ਸਾਹਿਬ ਜਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ ਸਮੇਤ ਅੱਜ ਆਮ ਆਦਮੀ ਪਾਰਟੀ ਨੂੰ ਬਿਨਾ ਕਿਸੇ ਸ਼ਰਤ ਸਮਰੱਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ 'ਪੰਜਾਬ ਲੋਕ ਹਿੱਤ ਅਭਿਆਨ' ਆਮ ਆਦਮੀ ਪਾਰਟੀ ਨਾਲ ਮਿਲਕੇ ਭ੍ਰਿਸ਼ਟਾਚਾਰੀ ਅਕਾਲੀ ਅਤੇ ਕਾਂਗਰਸ ਪੰਜਾਬ ਵਿਚੋਂ ਚਲਦਾ ਕਰੇਗਾ।
ਆਪਣਾ ਸਮਰਥਨ 'ਆਪ' ਨੂੰ ਦਿੰਦਿਆਂ ਬਰਾੜ ਨੇ ਕਿਹਾ ਕਿ ਇਹ ਉਨ੍ਹਾਂ ਦੇ 42 ਸਾਲ ਦੇ ਰਾਜਨੀਤਿਕ ਸਫਰ ਵਿਚ ਪਹਿਲਾ ਮੌਕਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੋਵੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ 2 ਸਾਲਾਂ ਤੋਂ ਬਾਦਲਾਂ ਦੇ ਭ੍ਰਿਸ਼ਟਾਚਾਰ ਨਸ਼ੇ ਦੇ ਆਤੰਕ ਅਤੇ ਹੋਰ ਕੁ-ਕਰਮਾ ਦੇ ਖਿਲਾਫ ਸਿੱਧੇ ਤੌਰ ਤੇ ਟਕੱਰ ਲੈਂਦੀ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਤੁਲਨਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨਾਲ ਕਰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਗਾਂਧੀ ਜੀ ਨਾਲ ਮਿਲਣ ਦਾ ਮੌਕੇ ਨਹੀਂ ਮਿਲੀਆਂ ਪਰੰਤੂ ਉਨ੍ਹਾਂ ਨੂੰ ਕੇਜਰੀਵਾਲ ਵਿਚ ਗਾਂਧੀ ਜੀ ਵਾਲੀ ਸਧਾਰਣਤਾ ਅਤੇ ਦੂਰਦਰਸ਼ਿਤਾ ਜਰੂਰ ਦਿਖਾਈ ਦਿੰਦੀ ਹੈ।
ਸਾਬਕਾ ਐਮ.ਪੀ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਬਿਨਾ ਕਿਸੇ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਕਿਉਂ ਜੋ ਅਸੀ ਪੰਜਾਬ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਦੀ ਭ੍ਰਿਸ਼ਟ ਰਾਜ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਾਂ ਉਨ੍ਹਾਂ ਦਾ ਇਕੋ ਇਕ ਮੰਤਵ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਪੰਜਾਬ ਵਿਚ ਕਿਸਾਨ ਅਤੇ ਕਿਸਾਨੀ ਨੂੰ ਤਬਾਹ ਕਰਕੇ ਨਸ਼ੇ ਬੇਰੋਜਗਾਰੀ ਅਤੇ ਮਾੜੀ ਕਾਨੂੰਨ ਵਿਵਸਥਾ ਨੂੰ ਜਨਮ ਦਿੱਤਾ ਹੈ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਸਹਿ ਇੰਚਾਰਜ ਜਰਨੈਲ ਸਿੰਘ, ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਡਾਇਲਾਗ ਦੇ ਮੁੱਖੀ ਕੰਵਰ ਸੰਧੂ, ਪਾਰਟੀ ਕੇ ਬੁਲਾਰੇ ਸੁਖਪਾਲ ਸਿੰਘ ਖਹਿਰ, ਲੀਗਲ ਸੈਲ ਦੇ ਮੁੱਖੀ ਹਿਮੰਤ ਸਿੰਘ ਸ਼ੇਰਗਿੱਲ, ਪਾਰਟੀ ਬੁਲਾਰੇ ਸੀ.ਡੀ. ਕੰਬੋਜ ਅਤੇ ਸੀਨੀਅਰ ਆਗੂ ਜਸਬੀਰ ਸਿੰਘ ਬੀਰ ਮੌਜੂਦ ਸਨ।
ਬਰਾੜ ਦੇ ਪੰਜਾਬ ਲੋਕ ਹਿੱਤ ਅਭਿਆਨ ਦੁਆਰਾ ਸਮਰਥਨ ਦਿੱਤੇ ਜਾਣ ਤੋਂ ਬਾਅਦ ਸੰਜੇ ਸਿੰਘ ਨੇ ਕਿਹਾ ਕਿ ਅਸੀ ਬਰਾੜ ਨਾਲ ਕਾਫੀ ਲੰਬੇ ਸਮੇਂ ਤੋਂ ਗਲਬਾਤ ਕਰ ਰਹੇ ਸੀ ਅਤੇ ਉਹ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਹੀ ਰਹੇ ਹਨ। ਇਹ ਕੋਈ ਰਾਜਨੀਤਿਕ ਗਠਜੋੜ ਨਹੀਂ ਹੈ ਪਰੰਤੂ ਸੋਚ ਅਤੇ ਮਾਨਸਿਕਤਾ ਨਾਲ ਜੁੜਿਆ ਮਸਲਾ ਹੈ। ਉਨ੍ਹਾਂ ਕਿਹਾ ਕਿ ਬਰਾੜ ਨੇ ਕਦੇ ਵੀ ਸਿਟਾਂ ਨੂੰ ਲੈ ਕੇ ਕਦੇ ਕੋਈ ਗੱਲ ਨਹੀਂ ਕੀਤੀ ਅਤੇ ਉਨ੍ਹਾਂ ਦਾ ਇਕੋਂ ਮੰਤਵ ਕਾਂਗਰਸ ਅਤੇ ਬਾਦਲਾਂ ਤੋਂ ਪੰਜਾਬ ਨੂੰ ਬਚਾਉਣਾ ਹੈ। ਰਾਜਨੀਤੀ ਵਿਚ ਬਰਾੜ ਦੇ ਰੋਲ ਬਾਰੇ ਬੋਲਦਿਆਂ ਸੰਜੇ ਸਿੰਘ ਨੇ ਕਿਹਾ ਕਿ ਬਰਾੜ ਇਕੋ ਇਕ ਅਜਿਹਾ ਕਾਂਗਰਸੀ ਲੀਡਰ ਸੀ ਜਿਸਨੇ ਪਾਰਲੀਮੈਂਟ ਵਿਚ ਆਪਣੀ ਹੀ ਸਰਕਾਰ ਦੇ ਖਿਲਾਫ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਕਿ ਬਰਾੜ ਦੁਆਰਾ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੇ ਐਲਾਨ ਤੋਂ ਬਾਅਦ ਪਾਰਟੀ ਨਿਸ਼ਚਿਤ ਤੌਰ ਦੇ ਪੰਜਾਬ ਵਿਚ ਵੱਡੇ ਫਰਕ ਨਾਲ ਚੋਣਾਂ ਜਿੱਤ ਕੇ ਸਰਕਾਰ ਬਣਾਏਗੀ।