ਚੰਡੀਗੜ੍ਹ, 5 ਸਤੰਬਰ, 2016 : ਜ਼ੈੱਡ ਪਲੱਸ ਸੁਰੱਖਿਆ ਕਵਰ ਵਿੱਚ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਡਰ ਸਤਾ ਰਿਹਾ ਹੈ। ਇਸ ਲਈ ਹੁਣ ਪੰਜਾਬ ਸਰਕਾਰ ਨੇ ਹੋਰ ਵਾਧੂ ਸੁਰੱਖਿਆ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਲਈ ਦਿੱਕਤ ਇਹ ਹੈ ਕਿ ਜ਼ੈੱਡ ਸੁਰੱਖਿਆ ਕਵਰ ਤੋਂ ਵੱਡੀ ਉਸ ਕੋਲ ਹੋਰ ਕੋਈ ਸੁਰੱਖਿਆ ਛੱਤਰੀ ਨਹੀਂ। ਦੇਸ਼ ਦੇ ਪ੍ਰਮੁੱਖ ਆਗੂਆਂ ਨੂੰ ਜ਼ੈੱਡ ਸੁਰੱਖਿਆ ਦਿੱਤੀ ਜਾਂਦੀ ਹੈ।
ਪੰਜਾਬ ਸਰਕਾਰ ਨੇ ਬਕਾਇਦਾ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੂੰ ਜ਼ੈੱਡ ਪਲੱਸ ਸੁਰੱਖਿਆ ਤੋਂ ਵੀ ਵੱਡਾ ਸੁਰੱਖਿਆ ਕਵਰ ਦਿੱਤਾ ਜਾਵੇ। ਮਜੀਠੀਆ, ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਭਰਾ ਹਨ। ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਅਨੁਸਾਰ ਕੇਂਦਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਹਫ਼ਤੇ ਲਿਖਤੀ ਤੌਰ ਉੱਤੇ ਵਾਧੂ ਸੁਰੱਖਿਆ ਦੀ ਮੰਗ ਕੀਤੀ ਗਈ।
ਗ੍ਰਹਿ ਮੰਤਰਾਲਾ ਇਸ ਗੱਲ ਨੂੰ ਲੈ ਕੇ ਦਿੱਕਤ ਵਿੱਚ ਹੈ ਕਿ ਜਿਸ ਵਿਅਕਤੀ ਕੋਲ ਪਹਿਲਾਂ ਹੀ ਸਭ ਤੋਂ ਵੱਡਾ ਸੁਰੱਖਿਆ ਕਵਰ ਹੋਵੇ, ਉਸ ਦੀ ਸੁਰੱਖਿਆ ਹੋਰ ਕਿਵੇਂ ਵਧਾਈ ਜਾਵੇ। ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੀ ਸੁਰੱਖਿਆ ਵਿੱਚ ਸੀਐਸਐਸਐਫ ਦੇ ਜਵਾਨ ਤਾਇਨਾਤ ਹਨ। ਜੈੱਡ ਪਲੱਸ ਸੁਰੱਖਿਆ ਵਿੱਚ 30-40 ਜਵਾਨ ਸੁਰੱਖਿਆ ਦਿੰਦੇ ਹਨ। ਇਸ ਵਿੱਚ ਦੋ ਐਸਕਾਰਟ ਵਾਹਨ ਵੀ ਹਨ। ਪੰਜਾਬ ਸਰਕਾਰ ਦੀ ਦਲੀਲ ਹੈ ਕਿ ਬਾਦਲ ਪਰਿਵਾਰ ਅਤੇ ਮਜੀਠੀਆ ਨੂੰ ਦਹਿਸ਼ਤਗਰਦਾਂ ਤੋਂ ਖ਼ਤਰਾ ਹੈ।
ਇਸ ਲਈ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਜਲੰਧਰ ਵਿੱਚ ਆਰਐਸਐਸ ਦੇ ਆਗੂ ਉੱਤੇ ਹੋਏ ਕਾਤਲਾਨਾ ਹਮਲੇ ਦਾ ਵੀ ਜ਼ਿਕਰ ਕੀਤਾ ਹੈ। ਇਸ ਹਮਲੇ ਦਾ ਹਵਾਲਾ ਦਿੰਦੇ ਹੋਏ ਬਾਦਲ ਪਰਿਵਾਰ ਲਈ ਹੋਰ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਪਿਛਲੇ ਮਹੀਨੇ ਆਰਐਸਐਸ ਦੇ ਉਪ ਪ੍ਰਮੁੱਖ ਸੇਵਾ ਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਦੋ ਲੋਕਾਂ ਨੇ ਗੋਲੀ ਮਾਰ ਦਿੱਤੀ ਸੀ। ਹਮਲੇ ਪਿੱਛੇ ਦਹਿਸ਼ਤਗਰਦਾਂ ਦਾ ਹੱਥ ਮੰਨਿਆ ਜਾ ਸਕਦਾ ਹੈ। ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੋਈ ਹੈ।
ਏਬੀਪੀ ਸਾਂਝਾ ਤੋਂ ਧੰਨਵਾਦ ਸਹਿਤ