ਚੰਡੀਗੜ, 27 ਸਤੰਬਰ, 2016 : ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਅਤੇ ਜਨਤਾ ਦੇ ਹਿਤਾਂ ਦੇ ਵਿਰੁੱਧ ਲਏ ਜਾ ਰਹੇ ਫੈਸਲਿਆਂ ਉੱਤੇ ਤਿੱਖੀ ਪ੍ਰਤੀਕਿਰਿਆ ਜਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਉਨਾਂ ਦੇ ਕਰੀਬੀ ਪੰਜਾਬ ਨੂੰ ਸਰੇਆਮ ਲੁੱਟਣ ‘ਤੇ ਉਤਰ ਆਏ ਹਨ । ਮੰਗਲਵਾਰ ਸਥਾਨਕ ਕੀਤੀ ਗਈ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ‘ਆਪ’ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਜਰਨੈਲ ਸਿੰਘ, ਨਵ-ਨਿਯੁਕਤ ਸਕੱਤਰ ਗੁਲਸ਼ਨ ਛਾਬੜਾ, ਐਨਆਰਆਈ ਵਿੰਗ ਦੇ ਮੁੱਖੀ ਜਗਤਾਰ ਸਿੰਘ ਸੰਘੇੜਾ ਅਤੇ ਪੰਜਾਬ ਡਾਇਲਾਗ ਟੀਮ ਦੀ ਮੈਂਬਰ ਚੰਦਰ ਸੁਤਾ ਡੋਗਰਾ ਨੇ ਬਾਦਲ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਉੱਤੇ ਘੇਰਦੇ ਹੋਏ ਜੱਮ ਕੇ ਕੋਸਿਆ ।
ਜਰਨੈਲ ਸਿੰਘ ਨੇ ਦੱਸਿਆ ਕਿ ਬਾਦਲ ਪਰਿਵਾਰ ਸਰਕਾਰੀ ਬੱਸਾਂ ਦੇ ਰੂਟ ਅਤੇ ਟਾਇਮ-ਟੈਬਲ ਵਿੱਚ ਵੱਡੇ ਪੱਧਰ ‘ਤੇ ਕਟੌਤੀ ਕਰਕੇ ਆਪਣੀ ਨਿੱਜੀ ਬਸ ਕੰਪਨੀਆਂ ਦੇ ਰੂਟ ਅਤੇ ਟਾਇਮ - ਟੇਬਲ ਵਧਾਉਣ ਜਾ ਰਹੇ ਹਨ, ਜੋ ਸਰੇਆਮ ਲੁੱਟ ਹੈ । ‘ਆਪ’ ਨੇਤਾ ਨੇ ਕਿਹਾ, ‘ਸਪੱਸ਼ਟ ਤੌਰ ‘ਤੇ ਨਜ਼ਰ ਆ ਰਹੇ ਹਾਰ ਤੋਂ ਬੌਖਲਾਏ ਬਾਦਲ ਅਤੇ ਉਨਾਂ ਦੇ ਕਰੀਬੀ ਪੰਜਾਬ ਅਤੇ ਜਨਤਾ ਦੀ ਅੰਨੀ ਲੁੱਟ ਕਰਨ ‘ਤੇ ਉੱਤਰ ਆਏ ਹਨ। ਪੰਜਾਬ ਰੋਡਵੇਜ, ਪਨਬਸ ਅਤੇ ਪੀਆਰਟੀਸੀ ਵਰਗੀ ਸਰਕਾਰੀ ਬੱਸਾਂ ਦੇ ਰੂਟ ਅਤੇ ਟਾਇਮ-ਟੇਬਲ ਵਧਾ ਕੇ ਜਨਤਾ ਦੀ ਲੁਟ ਕਰਨ ਦੀ ਯੋਜਨਾਵਾਂ ਬਣਾ ਰਹੇ ਹਨ। ਉਨਾਂ ਨੇ ਕਿਹਾ ਕਿ ਰੇਤਾ-ਬਜਰੀ ਦੀਆਂ ਖੱਡਾਂ ਦੀ ਬੋਲੀ ਅਗਲੇ ਪੰਜ ਸਾਲ ਤੱਕ ਕਰਵਾਈ ਜਾ ਰਹੀ ਹੈ, ਜਦੋਂ ਕਿ ਇਹ ਦੋ-ਤਿੰਨ ਸਾਲ ਤੋਂ ਜਿਆਦਾ ਸਮੇਂ ਦੀ ਨਹੀਂ ਹੁੰਦੀ। ਆਪਣੇ ਜੱਥੇਦਾਰ ਚੇਅਰਮੈਨਾਂ ਦੇ ਕਾਰਜਕਾਲ ਦੀ ਮਿਆਦ ਵਿੱਚ ਅਗਲੇ ਕਈ-ਕਈ ਸਾਲਾਂ ਤੱਕ ਦਾ ਵਾਧਾ ਕੀਤਾ ਜਾ ਰਹਾ ਹੈ । ਆਪਣੇ ਇਲਾਕਿਆਂ ਦੇ ‘ਜੱਥੇਦਾਰਾਂ’ ਤੋਂ ਖੁੱਲ ਕੇ ਬਿਜਲੀ ਦੀ ਲੁੱਟ ਕਰਵਾਈ ਜਾ ਰਹੀ ਹੈ, ਜਿਸਦੀ ਕੀਮਤ ਪੂਰੇ ਪੰਜਾਬ ਤੋਂ ਵਸੂਲੀ ਜਾ ਰਹੀ ਹੈ। ’
ਜਰਨੈਲ ਸਿੰਘ ਨੇ ਦੱਸਿਆ ਕਿ ਸੱਤਾ ਦੇ ਜੋਰ ‘ਤੇ ਅੱਜ ਪੰਜਾਬ ਦੀ ਨਿੱਜੀ ਬਸ ਸੇਵਾ ‘ਤੇ ਬਾਦਲਾਂ ਦੀ ਹਿੱਸੇਦਾਰੀ 60 ਪ੍ਰਤੀਸ਼ਤ ਤੋਂ ਪਾਰ ਹੋ ਗਈ ਹੈ । ਸਰਕਾਰੀ ਬੱਸਾਂ ਦੇ ਰੂਟ ਅਤੇ ਟਾਇਮ - ਟੇਬਲ ਘਟਾ ਕੇ ਜਿਨਾਂ ਨਿੱਜੀ ਕੰਪਨੀਆਂ ਨੂੰ ਸਿੱਧਾ ਮੁਨਾਫ਼ਾ ਦਿੱਤਾ ਜਾ ਰਿਹਾ ਹੈ, ਉਨਾਂ ਵਿੱਚ ਓਰਬਿਟ ਐਵੀਐਸ਼ਨ ਅਤੇ ਡੱਬਵਾਲੀ ਟਰਾਂਸਪੋਰਟ ਕੰਪਨੀਆਂ ਤੋਂ ਇਲਾਵਾ ਦੋਆਬਾ ਖੇਤਰ ਨਾਲ ਸਬੰਧਤ ਹੁਸ਼ਿਆਰਪੁਰ ਆਜ਼ਾਦ ਟਰਾਂਸਪੋਰਟਰਸ ਅਤੇ ਰਾਜਧਾਨੀ ਟਰਾਂਸਪੋਰਟਰਸ ਵੀ ਸ਼ਾਮਲ ਹਨ, ਜਿਹੜੇ ਕੀ ਹਾਲ ਹੀ ਵਿਚ ਬਾਦਲ ਪਰਿਵਾਰ ਨੇ ਖਰੀਦਿਆ ਹੈ। ਜਰਨੈਲ ਸਿੰਘ ਨੇ ਦੱਸਿਆ ਕਿ 2000-01 ਵਿੱਚ ਪੰਜਾਬ ਰੋਡਵੇਜ ਨੂੰ 6, 74, 699 ਕਿਲੋਮੀਟਰ ਪ੍ਰਤੀ ਦਿਨ ਸਨ , ਜੋ 2014 - 15 ਵਿੱਚ 2 ਲੱਖ 24 ਹਜਾਰ ਕਿਲੋਮੀਟਰ ਘੱਟ ਕੇ 4 , 40 , 042 ਰਹਿ ਗਏ ਹਨ। ਇਸੇ ਤਰਾਂ ਪੀਆਰਟੀਸੀ ਦੇ 67000 ਕਿਲੋਮੀਟਰ ਘੱਟ ਹੋ ਗਏ ਹਨ। ਪ੍ਰਤੀ ਦਿਨ ਕਿਲੋਮੀਟਰਾਂ ਵਿੱਚ ਤਾਜ਼ਾ ਮਤੇ ਲਾਗੂ ਹੋ ਜਾਣ ਤੋਂ ਬਾਅਦ ਹੋਰ ਜਿਆਦਾ ਕਟੌਤੀ ਹੋ ਜਾਵੇਗੀ, ਕਿਉਂਕਿ ਕੁਲ ਮਿਲਾਕੇ 712 ਮਿੰਟਾਂ ਦੀ ਕਟੌਤੀ ਕੀਤੀ ਗਈ ਹੈ।
ਇਸ ਮੌਕੇ ਚੰਦਰ ਸੁਤਾ ਡੋਗਰਾ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠਿਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸਿਕੰਦਰ ਸਿੰਘ ਮਲੂਕਾ ਵਰਗੇ ਅਕਾਲੀ ਆਗੂਆਂ ਨੇ ਆਪਣੇ ਵਿਧਾਨ ਸਭਾ ਖੇਤਰਾਂ ਵਿੱਚ ਆਪਣੇ ਜਥੇਦਾਰਾਂ ਅਤੇ ਕਰੀਬੀਆਂ ਨੂੰ ਬਿਜਲੀ ਚੋਰੀ ਦੀ ਬਹੁਤ ਜਿਆਦਾ ਛੁੱਟ ਦੇ ਰੱਖੀ ਹੈ, ਜਿਸਦੀ ਕੀਮਤ ਪੂਰੇ ਪੰਜਾਬ ਦੇ ਖਪਤਕਾਰਾਂ, ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਮਹਿੰਗੀ ਬਿਜਲੀ ਖਰੀਦ ਕੇ ਚੁਕਾਉਣੀ ਪੈ ਰਹੀ ਹੈ । ਇਸ ਮੁੱਦੇ ਉੱਤੇ ਜਰਨੈਲ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਦਿੱਲੀ ਦੀ ਤਰਜ ਉੱਤੇ ਪਾਵਰਕਾਮ ਅਤੇ ਉਨਾਂ ਪ੍ਰਾਈਵੇਟ ਬਿਜਲੀ ਕੰਪਨੀਆਂ ਦਾ ਆਡਿਟ ਹੋਣਾ ਚਾਹੀਦਾ ਜਿਨਾਂ ਤੋਂ ਅਰਬਾਂ ਰੁਪਏ ਦੀ ਬਿਜਲੀ ਖਰੀਦੀ ਜਾ ਰਹੀ ਹੈ ।
ਪੰਜਾਬ ਸਰਕਾਰ ਐਨ.ਆਰ.ਆਈਜ. ਤੋਂ ਬਦਲਾ ਲੈਣ ਲਈ ਉਨਾਂ ਦਾ ਬੰਦ ਕੀਤਾ ਜਾ ਰਿਹਾ ਹੈ ਪੈਂਸ਼ਨਰਾਂ ਦਾ ਡੀ.ਏ ਅਤੇ ਮੈਡੀਕਲ ਭੱਤਾ: ਸੰਘੇੜਾ
‘ਆਪ’ ਦੀ ਪ੍ਰੈਸ ਕਾਨਫਰੈਂਸ ਵਿੱਚ ਪਾਰਟੀ ਦੇ ਐਨਆਰਆਈ ਵਿੰਗ ਦੇ ਮੁੱਖੀ ਜਗਤਾਰ ਸਿੰਘ ਸੰਘੇੜਾ ਨੇ ਪੰਜਾਬ ਸਰਕਾਰ ਵਲੋਂ 16 ਸਤੰਬਰ 2016 ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਕਾਪੀ ਮੀਡੀਆ ਨੂੰ ਜਾਰੀ ਕਰਦੇ ਦੱਸਿਆ ਕਿ ਸਰਕਾਰ ਨੇ ਵਿਦੇਸ਼ਾਂ ਵਿੱਚ ਬਤੌਰ ਰਹਿ ਰਹੇ ਐਨਆਰਆਈ ਪੰਜਾਬ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਪੈਂਸ਼ਨ ਵਿੱਚੋਂ ਮਹਿੰਗਾਈ ਭੱਤਾ, ਮੈਡੀਕਲ ਭੱਤਾ ਅਤੇ ਬਿਮਾਰੀ ਦੀ ਸੂਰਤ ਵਿਚ ਮੈਡੀਕਲ ਖਰਚਾ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਸਦੇ ਤਹਿਤ ਪੈਂਸ਼ਨਰਾਂ ਦੀ ਪੈਨਸ਼ਨ ਵਿਚ 113 ਪ੍ਰਤੀਸ਼ਤ ਤੋਂ ਲੈ ਕੇ 125 ਪ੍ਰਤੀਸ਼ਤ ਤਕ ਦੀ ਕਮੀ ਹੋ ਜਾਵੇਗੀ। ਸੰਘੇੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਤੁਗਲਕੀ ਫਰਮਾਨ ਐਨਆਰਆਈਜ ਦੇ ਨਾਲ ਬਦਲੇ ਦੀ ਭਾਵਨਾ ਦਾ ਸਿੱਧਾ ਸਬੂਤ ਹੈ, ਕਿਉਂਕਿ ਦੁਨੀਆ ਭਰ ਦਾ ਐਨਆਰਆਈਜ ਆਮ ਆਦਮੀ ਪਾਰਟੀ ਦਾ ਸਮਰਥੱਕ ਹੈ। ਇਸ ਫੈਸਲੇ ਦੀ ਸਖਤ ਨਿੰਦਾ ਕਰਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਬਾਦਲ ਸਰਕਾਰ ਦੇ ਇਸ ਫੈਸਲੇ ਨੂੰ ਪਲਟ ਦਿੱਤਾ ਜਾਵੇਗਾ ਅਤੇ ਪੰਜਾਬ ਸਮੇਤ ਦੁਨੀਆ ਭਰ ਵਿੱਚ ਰਹਿ ਰਹੇ ਸੇਵਾ ਮੁਕਤ ਕਰਮਚਾਰੀਆਂ ਦੇ ਹਿਤਾਂ ਨੂੰ ਸਰੱਖਿਅਤ ਕੀਤਾ ਜਾਵੇਗਾ। ਇਸ ਮੌਕੇ ਤੇ ਸੇਵਾ ਮੁਕਤ ਆਈਐਐਸ ਅਧਿਕਾਰੀ ਅਤੇ ਆਪ ਦੇ ਆਗੂ ਹਰਕੇਸ਼ ਸਿੰਘ ਸਿੱਧੂ ਵੀ ਮੌਜੂਦ ਸਨ ।