ਪੀੜਤ ਬੇਰੁਜ਼ਗਾਰ ਨੌਜਵਾਨ ਰਿਪੁਦਮਨ ਅਬੋਹਰ, ਦਵਿੰਦਰ ਸਿੰਘ ਖਰੜ, ਲੱਖਾ ਸਿੰਘ ਫਿਰੋਜ਼ਪੁਰ, ਅਮਰਿੰਦਰ ਸਿੰਘ ਰਾਜਪੁਰਾ ਤੇ ਹੋਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਮੋਹਾਲੀ , 23 ਅਗਸਤ, 2016 (ਜਤਿੰਦਰ ਸੱਭਰਵਾਲ) : ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਵੱਲੋਂ ਜੁਲਾਈ 2015 ਵਿੱਚ ਕੱਢੀਆਂ ਗਈਆਂ ਵੱਖ ਵੱਖ ਅਸਾਮੀਆਂ ਲਈ ਪੋਸਟਾਂ ਦਾ ਮਾਮਲਾ ਗਰਮਾ ਗਿਆ ਹੈ। ਇਨ੍ਹਾਂ ਪੋਸਟਾਂ ਲਈ ਯੋਗ ਉਮੀਦਵਾਰਾਂ ਨੇ ਲਿਖਤੀ ਪ੍ਰੀਖਿਆ ਅਤੇ ਨਤੀਜੇ ਘੋਸ਼ਿਤ ਕਰਨ ਤੋਂ ਬਾਅਦ ਕਰੀਬ ਇੱਕ ਸਾਲ ਬਾਅਦ ਵੀ ਵਿਭਾਗ ਵੱਲੋਂ ਜੁਆਇੰਨਿੰਗ ਨਾ ਕਰਵਾਉਣ ਦੇ ਦੋਸ਼ ਲਗਾਏ ਹਨ। ਇਨ੍ਹਾਂ ਉਮੀਦਵਾਰਾਂ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਹੈ ਕਿ ਜੇਕਰ ਇੱਕ ਹਫ਼ਤੇ ਅੰਦਰ ਅੰਦਰ ਉਨ੍ਹਾਂ ਦੀ ਜੁਆਇੰਨਿੰਗ ਸਬੰਧੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨਗੇ ਅਤੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨਾ ਦੇਣਗੇ। ਇਸ ਤੋਂ ਇਲਾਵਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹਲਕਿਆਂ ਵਿੱਚ ਜਾ ਜਾ ਕੇ ਕੂੜ ਪ੍ਰਚਾਰ ਵੀ ਕਰਨਗੇ।
ਅੱਜ ਇੱਥੇ ਜ਼ਿਲ੍ਹਾ ਪ੍ਰੈੱਸ ਕਲੱਬ ਐੱਸ.ਏ.ਐੱਸ. ਨਗਰ ਵਿਖੇ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਬੇਰੁਜ਼ਗਾਰ ਨੌਜਵਾਨ ਰਿਪੁਦਮਨ ਅਬੋਹਰ, ਪੁਨੀਤ ਗਰਗ ਬਠਿੰਡਾ, ਦਵਿੰਦਰ ਸਿੰਘ ਖਰੜ, ਸਾਹਿਲ ਵਰਮਾ ਅੰਮ੍ਰਿਤਸਰ, ਦੀਪਕ ਸੇਠੀ ਬਠਿੰਡਾ, ਲੱਖਾ ਸਿੰਘ ਫਿਰੋਜ਼ਪੁਰ ਆਦਿ ਨੇ ਦੱਸਿਆ ਕਿ ਲੋਕਲ ਬਾਡੀਜ਼ ਵਿਭਾਗ ਪੰਜਾਬ ਵੱਲੋਂ ਜੁਲਾਈ 2015 ਵਿੱਚ ਵੱਖ-ਵੱਖ ਅਖ਼ਬਾਰਾਂ ਰਾਹੀਂ ਐਸ.ਡੀ.ਓ., ਜੂਨੀਅਰ ਇੰਜੀਨੀਅਰ, ਸੀਨੀਅਰ ਅਸਿਸਟੈਂਟ, ਬਿਲਡਿੰਗ ਇੰਸਪੈਕਟਰ ਅਤੇ ਜੂਨੀਅਰ ਡਰਾਫ਼ਟਸਮੈਨ ਦੀਆਂ ਕੁੱਲ 682 ਪੋਸਟਾਂ ਲਈ ਇਸ਼ਤਿਹਾਰ ਦਿੱਤਾ ਗਿਆ ਸੀ। ਇਨ੍ਹਾਂ ਪੋਸਟਾਂ ਲਈ ਪੰਜਾਬ ਵਿੱਚੋਂ ਵੱਡੀ ਸੰਖਿਆ ਵਿੱਚ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਅਤੇ ਨਵੰਬਰ 2015 ਵਿੱਚ ਵਿਭਾਗ ਵੱਲੋਂ ਇਨ੍ਹਾਂ ਪੋਸਟਾਂ ਲਈ ਲਿਖਤੀ ਪ੍ਰੀਖਿਆ ਲਈ ਗਈ। ਇਸ ਉਪਰੰਤ 19 ਦਸੰਬਰ 2015 ਨੂੰ ਨਤੀਜਾ ਵੀ ਵਿਭਾਗ ਵੱਲੋਂ ਐਲਾਨਿਆ ਗਿਆ ਸੀ ਪ੍ਰੰਤੂ ਇਸ ਤੋਂ ਬਾਅਦ ਕੋਈ ਇੰਟਰਵਿਊ ਨਹੀਂ ਹੋਈ। ਫਿਰ ਜਨਵਰੀ 2016 ਵਿੱਚ ਵੱਖ ਵੱਖ ਅਖ਼ਬਾਰਾਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਕਿ ਪੇਪਰ ਲੀਕ ਹੋ ਗਿਆ। ਵਿਭਾਗ ਵੱਲੋਂ ਜਦੋਂ ਪਤਾ ਲਗਾਇਆ ਗਿਆ ਤਾਂ ਪਤਾ ਚੱਲਿਆ ਕਿ ਲੀਕੇਜ ਸਿਰਫ਼ ਐਸ.ਡੀ.ਓ. ਵਾਲੇ ਪੇਪਰ ਵਿੱਚ ਹੋਈ ਸੀ ਅਤੇ ਵਿਭਾਗ ਨੇ ਐਸ.ਡੀ.ਓ. ਵਾਲੀਆਂ ਪੋਸਟਾਂ ਰੱਦ ਕਰ ਦਿੱਤੀਆਂ। ਇਸ ਬਾਰੇ ਵੀ ਅਖ਼ਬਾਰਾਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ। ਇਸ ਤੋਂ ਬਾਅਦ ਵਿਭਾਗ ਨੇ ਬਾਕੀ ਪੋਸਟਾਂ ਲਈ ਨਾ ਕੋਈ ਰਿਪੋਰਟ ਦਿੱਤੀ ਅਤੇ ਨਾ ਹੀ ਕਿਸੇ ਦੀ ਜੁਆਇਨਿੰਗ ਕਰਵਾਈ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਲੋਕਲ ਬਾੱਡੀਜ਼ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਉਕਤ ਅਸਾਮੀਆਂ ਲਈ ਵਿਭਾਗ ਵੱਲੋਂ ਲਏ ਲਿਖਤੀ ਟੈਸਟ ਦੌਰਾਨ ਮੈਰਿਟ ਲਿਸਟ ਵਿੱਚ ਆ ਚੁੱਕੇ ਯੋਗ ਉਮੀਦਵਾਰਾਂ ਨੂੰ ਤੁਰੰਤ ਵਿਭਾਗ ਵਿੱਚ ਜੁਆਇੰਨਿੰਗ ਕਰਵਾਈ ਜਾਵੇ ਤਾਂ ਜੋ ਉਹ ਵੀ ਆਪਣੇ ਪਰਿਵਾਰਾਂ ਦੇ ਪਾਲਣ ਪੋਸ਼ਣ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਉਨ੍ਹਾਂ ਦੀ ਜੁਆਇਨਿੰਗ ਨਾ ਕਰਵਾਈ ਤਾਂ ਉਹ ਆਉਂਦੇ ਦਿਨਾਂ ਵਿੱਚ ਸੰਘਰਸ਼ ਸ਼ੁਰੂ ਕਰਦੇ ਹੋਏ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨਗੇ ਅਤੇ ਧਰਨਾ ਦੇਣਗੇ। ਜੇਕਰ ਫਿਰ ਵੀ ਸਰਕਾਰ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਵਿਧਾਨ ਸਭਾ ਚੋਣਾਂ ਲਈ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹਲਕਿਆਂ ਵਿੱਚ ਆਪਣੇ ਪਰਿਵਾਰਾਂ ਸਮੇਤ ਜਾ ਜਾਕੇ ਕੂੜ ਪ੍ਰਚਾਰ ਕਰਨਗੇI