ਚੰਡੀਗੜ੍ਹ, 1 ਅਕਤੂਬਰ, 2016 : ਭਾਰਤ-ਪਾਕਿਸਤਾਨ ‘ਚ ਪੈਦਾ ਹੋਏ ਜੰਗ ਵਰਗੇ ਹਾਲਾਤ ਨੂੰ ਦੇਖਦਿਆਂ ਸਰਕਾਰ ਹਰ ਪੱਖ ਤੋਂ ਤਿਆਰੀ ਕਰ ਰਹੀ ਹੈ। ਜੇਕਰ ਜੰਗ ਲੱਗਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਸਮੇਂ ਮਦਦ ਲਈ ਸਿਵਲ ਕੰਟਰੋਲ ਰੂਮ ਬਣਾਇਆ ਗਿਆ ਹੈ। ਆਮ ਜਨਤਾ ਕਿਸੇ ਕਿਸਮ ਦੀ ਜਾਣਕਾਰੀ ਲਈ ਇੱਥੇ ਫੋਨ ਕਰ ਸਕਦੀ ਹੈ। ਇਹ ਕੰਟਰੋਲ ਰੂਮ ਪੰਜਾਬ ਦੇ ਮੁੱਖ ਸਕੱਤਰੇਤ ‘ਚ ਬਣਾਇਆ ਗਿਆ ਹੈ।
ਸਰਕਾਰ ਵੱਲੋਂ ਸਥਾਪਤ ਕੀਤੇ ਗਏ ਇਸ ਕੰਟਰੋਲ ਰੂਮ ‘ਚ ਸਰਹੱਦੀ ਇਲਾਕਿਆਂ ‘ਚੋਂ ਲੋਕਾਂ ਦੇ ਲਗਾਤਾਰ ਫੋਨ ਆ ਰਹੇ ਹਨ। ਜ਼ਿਆਦਾ ਫੋਨ ਤਰਨ ਤਾਰਨ ਤੋਂ ਆ ਰਹੇ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ, ਗੁਰਦਾਸਪੁਰ ਬਾਰਡਰ ਤੋਂ ਵੀ ਫੋਨ ਆ ਰਹੇ ਹਨ। ਸਰਹੱਦੀ ਪਿੰਡਾਂ ‘ਚ ਵੱਸਦੇ ਲੋਕ ਆਪਣੇ ਘਰਾਂ ਨੂੰ ਛੱਡਣਾ ਨਹੀਂ ਚਾਹੁੰਦੇ। ਇਸ ਲਈ ਉਹ ਵਾਰ ਵਾਰ ਫੋਨ ਕਰਕੇ ਇੱਕੋ ਸਵਾਲ ਪੁੱਛ ਰਹੇ ਹਨ ਕਿ ਜੰਗ ਲੱਗੇਗੀ ਜਾਂ ਨਹੀਂ।
ਦਰਅਸਲ ਭਾਰਤੀ ਫੌਜ ਵੱਲੋਂ ਸਰਜੀਕਲ ਸਟ੍ਰਾਈਕ ਕੀਤੇ ਜਾਣ ਤੋਂ ਬਾਅਦ ਸਰਹੱਦੀ ਖੇਤਰਾਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਸਰਹੱਦ ਨਾਲ ਲੱਗਦੇ 10 ਕਿਲੋਮੀਟਰ ਦੇ ਦਾਇਰੇ ਅੰਦਰਲੇ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ ਦਾ ਦਿੱਤਾ ਗਿਆ ਹੈ। ਇਨ੍ਹਾਂ ਪਿੰਡਾਂ ਦੇ ਜ਼ਿਆਦਾਤਰ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਜਾ ਚੁੱਕੇ ਹਨ ਪਰ ਘਰਾਂ ਤੇ ਪੱਕੀ ਫਸਲ ਦੀ ਚਿੰਤਾ ਇਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੀ ਹੈ।
ABP Sanjha ਤੋਂ ਧੰਨਵਾਦ ਸਾਹਿਤ