ਚੰਡੀਗੜ੍ਹ, 21 ਸਤੰਬਰ, 2016 : ਆਮ ਆਦਮੀ ਪਾਰਟੀ ਨੇ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਵਲੋਂ ਟੈਕਸ ਦੇ ਨਾਮ ‘ਤੇ ਵਪਾਰੀ, ਉਦਯੋਗ ਅਤੇ ਟਰਾਂਸਪੋਰਟ ਵਰਗਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਮੋਦੀ ਸਰਕਾਰ ਨੂੰ ਅਜਿਹਾ ਨਾ ਕਰਣ ਦੀ ਚੇਤਾਵਨੀ ਦਿੱਤੀ ਹੈ।
ਆਮ ਆਦਮੀ ਪਾਰਟੀ ਦੇ ਵਪਾਰ, ਉਦਯੋਗ ਅਤੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਵਪਾਰੀ-ਕਾਰੋਬਾਰੀ ਜਗਤ ਲਈ ਨਰਿੰਦਰ ਮੋਦੀ ਸਰਕਾਰ ਦਾ ਵਰਤਮਾਨ ਰਵੱਈਆ ਗੈਰ-ਜਿੰਮੇਦਾਰ ਅਤੇ ਨਿੰਦਣਯੋਗ ਹੈ। ਅਮਨ ਅਰੋੜਾ ਨੇ ਕਿਹਾ ਕਿ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਣ ਵਾਲੀ ਨਰਿੰਦਰ ਮੋਦੀ ਸਰਕਾਰ ਭਾਰਤੀ ਸਿਆਸਤਦਾਨਾਂ ਅਤੇ ਹੋਰ ਵੱਡੇ ਲੋਕਾਂ ਵਲੋਂ ਵਿਦੇਸ਼ੀ ਬੈਂਕਾਂ ਵਿੱਚ ਜਮਾਂ ਅਰਬਾਂ-ਖਰਬਾਂ ਰੁਪਏ ਦਾ ‘ਕਾਲਾ ਪੈਸਾ ’ ਲਿਆਉਣ ਵਿੱਚ ਪੂਰੀ ਤਰਾਂ ਅਸਫਲ ਸਾਬਿਤ ਹੋਈ ਹੈ। ਇਸ ਅਸਫਲਤਾ ਕਾਰਨ ਪੈਦਾ ਹੋਈ ਬੌਖਲਾਹਟ ਨੂੰ ਛੁਪਾਉਣ ਲਈ ਨਰਿੰਦਰ ਮੋਦੀ ਸਰਕਾਰ ਆਪਣੇ ਦੇਸ਼ ਦੇ ਵਪਾਰੀ-ਕਾਰੋਬਾਰੀਆਂ ਨੂੰ ਹੀ ਪਰੇਸ਼ਾਨ ਕਰਨ ਵਿਚ ਲੱਗੀ ਹੋਈ ਹੈ।
ਅਮਨ ਅਰੋੜਾ ਨੇ ਕਿਹਾ ਕਿ ਮੋਦੀ ਵਲੋਂ ਵਪਾਰੀਆਂ, ਉਦਯੋਗਪਤੀਆਂ ਅਤੇ ਟਰਾਂਸਪੋਰਟਰਾਂ ਨੂੰ ਟੈਕਸ ਜਮਾ ਕਰਵਾਉਣ ਸਬੰਧੀ ਦਿੱਤੀ ਗਈ ਧਮਕੀ ਕਿਸੇ ‘ਟੈਕਸ - ਟੇਰੋਰਿਜਮ’ ਤੋਂ ਘੱਟ ਨਹੀਂ ਹੈ । ਪ੍ਰਧਾਨ ਮੰਤਰੀ ਵਲੋਂ ਇਹ ਕਹਿਣਾ ਕਿ ਆਪਣਾ-ਆਪਣਾ ਟੈਕਸ ਜਮਾ ਕਰਵਾ ਦੋ ਨਹੀਂ ਤਾਂ 30 ਸਤੰਬਰ ਤੋਂ ਬਾਅਦ ਕਿਸੇ ਨੂੰ ਚੈਨ ਦੀ ਨੀਦ ਨਹੀਂ ਸੋਣ ਦਿੱਤਾ ਜਾਵੇਗਾ। ‘ਆਪ’ ਨੇਤਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਸ ਤਰਾਂ ਦੀ ਗੈਰ-ਜਰੂਰੀ ਅਤੇ ਗੈਰ-ਜਿੰਮੇਦਾਰ ਭਾਸ਼ਾ ਸ਼ੋਭਾ ਨਹੀਂ ਦਿੰਦੀ । ਅਮਨ ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਫਤਰ ਦੀ ਸ਼ਹਿ ‘ਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਵਪਾਰੀਆਂ, ਉਦਯੋਗਪਤੀਆਂ ਅਤੇ ਹੋਰ ਕਾਰੋਬਾਰੀਆਂ ਉੱਤੇ ਹਰ ਰੋਜ ਛਾਪੇਮਾਰੀ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਤਾਂ ਕਿ ਸਰਕਾਰ ਵਲੋਂ ਦਿੱਤਾ ਗਿਆ ‘ਟਾਰਗੇਟ’ ਪੂਰਾ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਦਫਤਰ ਵਲੋਂ ਬਣਾਏ ਗਏ ਮਾਹੌਲ ਦਾ ਫਾਇਦਾ ਲੈਂਦੇ ਹੋਏ ਭਿ੍ਰਸ਼ਟ ਅਧਿਕਾਰੀ ਸਰਗਰਮ ਹੋ ਗਏ ਹਨ, ਜਿਸ ਕਾਰਨ ਵਪਾਰੀਆਂ ਅਤੇ ਕਾਰੋਬਾਰੀ ਵਰਗ ਵਿੱਚ ਦਹਿਸ਼ਤ ਫੈਲ ਗਈ ਹੈ। ਜਿਸਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਜਿੰਮੇਦਾਰ ਹਨ। ਅਮਨ ਅਰੋੜਾ ਨੇ ਕਿਹਾ ਕਿ ਵਪਾਰੀ- ਕਾਰੋਬਾਰੀ ਵਰਗ ਦੇ ਨਾਲ ਇਸ ਤਰਾਂ ਦਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਅਮਨ ਅਰੋੜਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੀ ਗਲਤ ਨੀਤੀਆਂ ਦੇ ਕਾਰਨ ਦੇਸ਼ ਆਰਥਿਕ ਚੁਣੌਤੀ ਤੋਂ ਗੁਜਰ ਰਿਹਾ ਹੈ। ਜੁਲਾਈ 2016 ਵਿੱਚ ਭਾਰਤ ਦੇ ਉਦਯੋਗਕ ਉਤਪਾਦਨ ਵਿੱਚ 2.4 ਫ਼ੀਸਦੀ ਦੀ ਗਿਰਾਵਟ ਦਰਜ ਹੋਈ। ਦੇਸ਼ ਦੇ ਨਿਰਯਾਤ ਵਿੱਚ 20 ਫ਼ੀਸਦੀ ਦੀ ਗਿਰਾਵਟ ਦੇ ਉਲਟ ਆਯਾਤ ਕਈ ਗੁਣਾ ਵਧਾ ਗਿਆ ਹੈ ।
‘ਆਪ’ ਨੇਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰੀਆਂ, ਉਦਯੋਗਪਤੀਆਂ, ਟਰਾਂਸਪੋਰਟਾਂ ਅਤੇ ਹੋਰ ਮਿਹਨਤੀ ਕਾਰੋਬਾਰੀ ਵਰਗ ਦੇ ਨਾਲ ਚੱਟਾਨ ਦੀ ਤਰਾਂ ਖੜੀ ਹੈ ਅਤੇ ਮੋਦੀ ਸਰਕਾਰ ਦੇ ਇਸ ‘ਟੈਕਸ - ਟੇਰੋਰਿਜਮ’ ਦਾ ਸੜਕ ਤੋਂ ਲੈ ਕੇ ਸੰਸਦ ਤੱਕ ਵਿਰੋਧ ਕੀਤਾ ਜਾਵੇਗਾ।