ਅੱਧੇ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਨੇ ਦਿੱਲੀ ਬਾਰਡਰਾਂ ’ਤੇ ਦਿੱਤੀ ਦਸਤਕ
ਸ਼ੋਸ਼ਲ ਮੀਡੀਆ ਰਾਹੀਂ ਦਿੱਲੀ ਪੁੱਜਣ ਦੀਆਂ ਲਾਮਬੰਦੀਆਂ ਵੀ ਹੋਈਆਂ ਤੇਜ਼
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ 2021-ਇੱਕ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ’ਚ ਗਣਤੰਤਰ ਦਿਵਸ ਦਾ ਸਮਾਗਮ ਤਾਂ ਦੂਜੇ ਪਾਸੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਅੰਦਰ ਕੀਤੀ ਜਾ ਰਹੀ ਟਰੈਕਟਰ ਪਰੇਡ ਦੇ ਚੱਲਦਿਆਂ ਹੋਰਨਾਂ ਸੂਬਿਆਂ ਵਾਂਗ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵੀ ਦਿੱਲੀ ’ਤੇ ਪੂਰੀ ਤਰ੍ਹਾਂ ਟਿਕ ਗਈਆਂ ਹਨ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤਹਿਤ ਦਿੱਲੀ ਵਿਖੇ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਲੋਕ ਲਗਾਤਾਰ ਦਿੱਲੀ ਪੁੱਜ ਰਹੇ ਹਨ, ਜਦੋਂਕਿ ਕੁੱਝ ਦਿਨ ਪਹਿਲਾਂ ਟਰੈਕਟਰ ਪਰੇਡ ਨੂੰ ਲੈ ਕੇ ਰੂਟਾਂ ਸਬੰਧੀ ਦਿੱਲੀ ਪੁਲਸ ਤੇ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਦਿੱਲੀ ਪੁੱਜਣ ਦਾ ਸਿਲਸਿਲਾ ਹੋਰ ਵੀ ਜ਼ਿਆਦਾ ਤੇਜ਼ ਹੋ ਗਿਆ ਹੈ। ਪਿਛਲੇ ਦਿਨੀਂ ਜਿੱਥੇ ਪੰਜਾਬ ਭਰ ਅੰਦਰੋਂ ਸੈਂਕੜੇ ਕਾਫ਼ਲੇ ਦਿੱਲੀ ਲਈ ਰਵਾਨਾ ਹੋਏ ਹਨ, ਉਥੇ ਹੀ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਭਾਵੇਂ ਪ੍ਰੋਟੈਸਟ ’ਚ ਸਮਾਂ ਸੀਮਤ ਰਹਿ ਗਿਆ ਹੈ, ਪਰ ਫ਼ਿਰ ਵੀ ਲੋਕ ਕਾਫਲਿਆਂ ਦਾ ਹਿੱਸਾ ਬਣ ਰਹੇ ਹਨ। ਪੰਜਾਬ ਭਰ ਅੰਦਰੋਂ ਅੱਧਾ ਫ਼ੀਸਦ ਲੋਕ ਇਸ ਸਮੇਂ ਦਿੱਲੀ ਪੁੱਜ ਚੁੱਕੇ ਹਨ, ਜਿੰਨ੍ਹਾਂ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ। ਟਰੈਕਟਰਾਂ ਦੇ ਕਾਫ਼ਲੇ ਤੇ ਕਿਸਾਨਾਂ ਦੀ ਗਿਣਤੀ ਤੋਂ ਇਲਾਵਾ ਟਰੈਕਟਰਾਂ ਦੀ ਨੰਬਰਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਸ਼ਾਂਤਮਈ ਢੰਗ ਨਾਲ ਇਹ ਟਰੈਕਟਰ ਪਰੇਡ ਸਿਰ੍ਹੇ ਚੜ੍ਹ ਸਕੇ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿੰਨ੍ਹਾਂ ਘਰਾਂ ਦੇ ਕਿਸਾਨ ਇਸ ਤੋਂ ਪਹਿਲਾਂ ਦਿੱਲੀ ਬਾਰਡਰਾਂ ’ਤੇ ਸ਼ਹੀਦੀਆਂ ਪਾ ਚੁੁੱਕੇ ਹਨ, ਉਨ੍ਹਾਂ ਪਰਿਵਾਰਾਂ ਦੇ ਲੋਕ ਵੀ ਦਿੱਲੀ ਪੁੱਜਣ ਲੱਗੇ ਹਨ। ਦਿੱਲੀ ਵਿਖੇ ਟਰੈਕਟਰ ਪਰੇਡ ਲਈ ਤਿਆਰ ਕੀਤੇ ਗਏ ਰੂਟ ਮੈਪ ਤੋਂ ਬਾਅਦ ਤਿਆਰੀਆਂ ਜ਼ੋਰਾਂ ਨਾਲ ਹਨ ਤੇ ਰੂਟਾਂ ’ਤੇ ਕਿਸ ਤਰ੍ਹਾਂ ਪਰੇਡ ਹੋਵੇਗੀ, ਇਸ ਲਈ ਦਿੱਲੀ ’ਚ ਹੁਣ ਤਿਆਰੀਆਂ ਲਗਭਗ ਤੈਅ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਟਰੈਕਟਰ ਪਰੇਡ ਦੀ ਸਫ਼ਲਤਾ ਲਈ ਸ਼ੋਸ਼ਲ ਮੀਡੀਆ ਦਾ ਪ੍ਰਯੋਗ ਵੀ ਜਾਰੀ ਹੈ। ਰਸਤਿਆਂ ’ਚ ਬੈਠੇ ਆਪਣੇ ਰਿਸ਼ਤੇਵਾਰਾਂ ਆਦਿ ਨੂੰ ਕਿਸਾਨ ਸ਼ੋਸ਼ਲ ਮੀਡੀਆ ਰਾਹੀ ਜਾਗਰੂਕ ਕਰ ਹਨ, ਜਿਸ ਦੇ ਚੱਲਦਿਆਂ ਪੰਜਾਬ ਅੰਦਰੋਂ ਚੱਲਣ ਵਾਲੇ ਕਾਫ਼ਲੇ ਪੰਜਾਬ ਦੀ ਹੱਦ ਤੱਕ ਪਹੁੰਚਦੇ-ਪਹੁੰਚਦੇ ਲੰਬੇ ਵੀ ਹੋ ਰਹੇ ਹਨ।