ਅਸ਼ੋਕ ਵਰਮਾ
ਬਰਨਾਲਾ,15 ਜਨਵਰੀ 2021 - ਤਿੰਨ ਖੇਤੀ ਕਾਨੂੰਨਾਂ, ਪਰਾਲੀ ਸਬੰਧੀ ਆਰਡੀਨੈਂਸ ਤੇ ਬਿਜਲੀ ਸੋਧ ਬਿਲ ਵਾਪਸ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਚੱਲ ਰਹੇ ਕਿਸਾਨ ਮੋਰਚੇ ਦੇ 107ਵੇਂ ਦਿਨ ਕਿਸਾਨ ਬੁਲਾਰਿਆਂ ਨੇ ਕਿਸਾਨਾਂ ਮਜਦੂਰਾਂ ਅਤੇ ਵੱਖ ਵੱਖ ਵਰਗਾਂ ਨੂੰ ਦਿੱਲੀ ’ਚ 26 ਜਨਵਰੀ ਨੂੰ ਕੱਢੇ ਜਾ ਰਹੇ ਸ਼ਾਂਤਮਈ ਟਰੈਕਟਰ ਮਾਰਚ ਨੂੰ ਲੈਕੇ ਫੈਲਾਈਆਂ ਤੋਂ ਸਾਵਧਾਨ ਰਹਿਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਆਖਿਆ ਕਿ ਕਿਸਾਨ ਵਿਰੋਧੀ ਲੋਕ ਦਿੱਲੀ ਮੋਰਚੇ ਸਮੇਤ ਕਿਸਾਨ ਘੋਲ ਨੂੰ ਤਾਰਪੀਡੋ ਕਰਨ ਦੀਆਂ ਸਾਜਿਸ਼ਾਂ ਕਰ ਰਹੇ ਹਨ ਜਿਹਨਾਂ ਤੋਂ ਬਚਣ ਅਤੇ ਲੜਾਈ ਜਾਰੀ ਰੱਖਣ ਦੀ ਲੋੜ ਹੈ ਕਿਉਂਕਿ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਬਚਿਆ ਹੈ।
ਅੱਜ ਦੇ ਧਰਨੇ ਨੂੰ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ, ਮਾਸਟਰ ਨਿਰੰਜਣ ਸਿੰਘ, ਗੁਰਚਰਨ ਸਿੰਘ ਸਰਪੰਚ, ਕਰਨੈਲ ਸਿੰਘ ਗਾਂਧੀ, ਅਮਰਜੀਤ ਕੌਰ , ਬਲਵੰਤ ਸਿੰਘ ਉਪਲੀ, ਹਰਚਰਨ ਸਿੰਘ ਚੰਨਾ ਤੇ ਨਛੱਤਰ ਸਿੰਘ ਸਾਹੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਹੁਣ ਤੱਕ ਪੂਰੀ ਤਰਾਂ ਸ਼ਾਤਮਈ ਰਿਹਾ ਹੈ ਅਤੇ ਅੱਗੇ ਨੂੰ ਵੀ ਪੁਰਅਮਨ ਹੀ ਰਹੇਗਾ। ਉਹਨਾਂ ਦੱਸਿਆ ਕਿ ਘੋਲ਼ ਨੂੰ ਢਾਹ ਲਾਉਣ ਦੀ ਬੁਰੀ ਮਨਸ਼ਾ ਨਾਲ ਕੁਝ ਸ਼ਰਾਰਤੀ ਅਨਸਰ ਲਾਲ ਕਿਲੇ ’ਤੇ ਝੰਡਾ ਲਹਿਰਾਉਣ ਅਤੇ ਰਾਜਪੱਥ ‘ਤੇ ਹੋਣ ਵਾਲੇ ਸਰਕਾਰੀ ਸਮਾਗਮਾਂ ਵਿੱਚ ਵਿਘਨ ਪਾਉਣ ਵਾਲੀਆਂ ਬੇਲੋੜੀਆਂ ਅਤੇ ਬੇਤੁਕੀਆਂ ਅਫਵਾਹਾਂ ਫੈਲਾ ਰਹੇ ਹਨ ਜਦੋਂਕਿ ਅਜਿਹਾ ਕੁੱਝ ਵੀ ਨਹੀਂ ਹੈ।
ਉਹਨਾਂ ਦੱਸਿਆ ਕਿ ਸੰਯਕਤ ਕਿਸਾਨ ਮੋਰਚੇ ਵੱਲੋਂ ਕੀਤੀਆਂ ਜਾ ਰਹੀਆਂ ਪ੍ਰੈਸ ਕਾਨਫਰੰਸਾਂ ਰਾਹੀਂ ਕਿਸਾਨ ਨੇਤਾ ਵਾਰ ਵਾਰ ਸਪੱਸ਼ਟ ਕਰ ਰਹੇ ਹਨ ਕਿ 26 ਜਨਵਰੀ ਦਾ ਟਰੈਕਟਰ ਮਾਰਚ ਵੀ ਦੂਸਰੇ ਸੰਘਰਸ਼ੀ ਪੈਂਤੜਿਆਂ ਦੀ ਤਰਾਂ ਹੀ ਰੋਸ ਪ੍ਰਦਰਸ਼ਨ ਦਾ ਇੱਕ ਪੈਂਤੜਾ ਹੈ ਜਿਸ ਦੌਰਾਨ ਪੂਰੀ ਸ਼ਾਂਤੀ ਬਣਾਕੇ ਰੱਖੀ ਜਾਏਗੀ। ਉਹਨਾਂ ਕਿਹਾ ਕਿ ਕੁੱਝ ਉਤਸ਼ਾਹੀ ਨੌਜਵਾਨਾਂ ਵੱਲੋਂ ਟਰੈਕਟਰਾਂ ’ਤੇ ਦੇਸੀ ਜੁਗਾੜ ਫਿੱਟ ਕਰਵਾਉਣ ਦੀਆਂ ਖਬਰਾਂ ਨੂੰ ਵਧਾ ਚੜਾ ਕੇ ਪੇਸ਼ ਨਾ ਕੀਤਾ ਜਾਵੇ ਅਤੇ ਨੌਜਵਾਨ ਵੀ ਅਜਿਹੇ ਪ੍ਰਚਾਰ ਦੇ ਝਾਂਸੇ ਵਿੱਚ ਨਾ ਆਉਣ। ਨੇਤਾਵਾਂ ਨੇ ਕਿਹਾ ਕਿ ਉਹ ਦਿੱਲੀ ਕੋਈ ਬਗਾਵਤ ਕਰਨ ਜਾਂ ਲੜਨ ਨਹੀਂ ਸਗੋਂ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਸਰਕਾਰ ਘੋਲ ਤਹਿਸ ਨਹਸ ਕਰਨ ਲਈ ਹਰ ਕੋਝੀ ਚਾਲ ਦਾ ਸਹਾਰਾ ਲੈ ਰਹੀ ਹੈ ਅਤੇ ਟਰੈਕਟਰ ਮਾਰਚ ਬਾਰੇ ਅਜਿਹੀਆਂ ਅਫਵਾਹਾਂ ਫੈਲਾਉਣੀਆਂ ਵੀ ਉਸੇ ਸ਼ਾਜਿਸ਼ ਦਾ ਇੱਕ ਹਿੱਸਾ ਹੈ। ਬੁਲਾਰਿਆਂ ਨੇ 18,23 ਅਤੇ 26 ਜਨਵਰੀ ਲਈ ਉਲੀਕੇ ਪ੍ਰੋਗਰਾਮਾਂ ਵਿੱਚ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਵਾਸਤੇ ਪਿੰਡਾਂ ਵਿੱਚ ਲਾਮਬੰਦੀ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਦਿੱਲੀ ਮਾਰਚ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਹੁਣੇ ਤੋਂ ਤਿਆਰੀਆਂ ਵਿੱਢ ਦੇਣ ਲੲਂ ਕਿਹਾ। ਅੱਜ ਦੇ ਧਰਨੇ ਵਿੱਚ ਤਰਨਤਾਰਨ ਦੇ ਸਾਹਿਬ ਸਿੰਘ ਗਰੁੱਪ ਦੇ ਭੰਡਾਂ ਨੇ ਆਪਣੇ ਚੁਟਕਲਿਆਂ ਨਾਲ ਸਰਕਾਰ ’ਤੇ ਵਿਅੰਗ ਕੱਸਦਿਆਂ ਧਰਨਾਕਾਰੀਆਂ ਦਾ ਮਨੋਰੰਜਨ ਕੀਤਾ। ਜਗਦੀਸ਼ ਲੱਧਾ, ਸ਼ਿੰਦਰ ਧੌਲਾ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।