ਅਸ਼ੋਕ ਵਰਮਾ
ਮਾਨਸਾ, 23 ਜਨਵਰੀ 2021 - ਦਿੱਲੀ ਦੇ ਟਿੱਕਰੀ ਬਾਰਡਰ ਮੋਰਚੇ ਤੋਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਿੱਲੀ ਮੋਰਚੇ ’ਚ ਸ਼ਾਕਮਲ ਹੋਣ ਲਈ ਗਿਆ ਮਾਨਸਾ ਜਿਲ੍ਹੇ ਦੇ ਪਿੰਡ ਖੁਡਾਲ ਦਾ ਕਿਸਾਨ ਸ਼ਹੀਦ ਹੋ ਗਿਆ ਹੈ। ਕਿਸਾਨ ਭੋਲਾ ਸਿੰਘ ਪੁੱਤਰ ਭਜਨ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਮੋਰਚੇ ’ਚ ਕਾਫੀ ਦਿਨ ਪਹਿਲਾਂ ਸ਼ਾਮਲ ਹੋਇਆ ਸੀ।
ਲੰਘੀ ਰਾਤ ਭੋਲਾ ਸਿੰਘ ਨੂੰ ਦਿਲ ਦਾ ਦੌਰਾ ਪਿਆ ਅਤੇ ਜੱਥੇਬੰਦੀ ਵੱਲੋਂ ਕੋਸ਼ਿਸ਼ਾਂ ਕਰਨ ਦੇ ਬਾਵਜਦ ਉਸ ਨੂੰ ਬਚਾਇਆ ਨਾਂ ਜਾ ਸਕਿਆ। ਕਿਸਾਨ ਭੋਲਾ ਸਿੰਘ ਸਿਰ 8 ਲੱਖ ਰੁਪਏ ਤੋਂ ਵੱਧ ਦਾ ਕਰਜਾ ਹੈ। ਇਸ ਕਰਜੇ ਚੋਂ ਤਿੰਨ ਲੱਖ ਰਪਿਆ ਦੀ ਲਿਮਟ ਨਾਲ ਸਬੰਧਤ ਹੈ ਜਦੋਂਕਿ ਉਸਨੇ ਢਾਈ ਲੱਖ ਆੜ੍ਹਤੀਏ ਤਾਂ ਵਿਆਜ ਤੇ ਲਏ ਹੋਏ ਹਨ। ਇਸੇ ਤਰਾਂ ਹੀ ਭੋਲਾ ਸਿੰਘ ਸਿਰ 1 ਲੱਖ ਰੁਪਿਆ ਸਹਿਕਾਰੀ ਸਭਾ ਦਾ ਹੈ ਅਤੇ 1 ਲੱਖ 40 ਹਜਾਰ ਰੁਪਏ ਦੀ ਲਿਮਟ ਲੜਕੇ ਦੇ ਨਾਂ ਤੇ ਬਣੀ ਹੋਈ ਹੈ।
ਕਿਸਾਨ ਭੋਲਾ ਸਿੰਘ ਆਪਣੇ ਪਤਨੀ ਛੱਡ ਗਿਆ ਹੈ ਜਦੋਂ ਕਿ ਪ੍ਰੀਵਾਰ ’ਚ ਉਸ ਦਾ ਲੜਕਾ, ਨੂੰਹ ਅਤੇ ਲੜਕੀ ਵੀ ਸ਼ਾਮਲ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਕਿਸਾਨ ਭੋਲਾ ਸਿੰਘ ਖੇਤੀ ਕਾਨੂੰਨਾਂ ਖਿਲਾਫ ਲੜਾਈ ਦੌਰਾਨ ਆਪਣੀ ਜਾਨ ਵਾਰ ਕੇ ਕਿਸਾਨੀ ਇਤਿਹਾਸ ’ਚ ਆਪਣਾ ਨਾਮ ਸੁਨਹਿਰੀ ਅੱਖਰਾਂ ’ਚ ਦਰਜ ਕਰਵਾ ਗਿਆ ਹੈ।
ਉਹਨਾਂ ਸ਼ਹੀਦ ਕਿਸਾਨ ਭੋਲਾ ਸਿੰਘ ਦੇ ਪ੍ਰੀਵਾਰ ਸਿਰ ਚੜਿਆ ਸਮੁੱਚਾ ਕਰਜਾ ਮੁਆਫ ਕਰਨ, ਪ੍ਰੀਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਇੱਕ ਜੀਅ ਨੂੰ ਸਰਕਾਰ ਨੌਕਰੀ ਦੇਣ ਦੀ ਮੰਗ ਕੀਤੀ। ਸ੍ਰੀ ਭੈਣੀ ਬਾਘਾ ਨੇ ਆਖਿਆ ਕਿ ਸੈਂਕੜੇ ਸ਼ਹੀਦੀਆਂ ਦੇ ਬਾਵਜੂਦ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਅੱਖਾਂ ਮੀਚੀ ਬੈਠੀ ਹੈ ਜੋ ਕਿ ਨਿਖੇਧੀਯੋਗ ਵਰਤਾਰਾ ਹੈ। ਉਹਨਾਂ ਆਖਿਆ ਕਿ ਕੇਂਦਰ ਜਿੰਨਾਂ ਮਰਜੀ ਜੋਰ ਲਾ ਲਵੇ ਖੇਤੀ ਕਾਨੂੰਨ ਪੂਰੀ ਤਰਾਂ ਰੱਦ ਕਰਵਾ ਕੇ ਹੀ ਪਿੱਛੇ ਹਟਿਆ ਜਾਏਗਾ।