ਦਿੱਲੀ ਬਾਰਡਰ ਵੱਲ ਜਾ ਰਿਹਾ ਕਿਸਾਨ ਕਾਫਲਾ ਪੁਲਿਸ ਨੇ ਦਿੱਲੀ ਤੋਂ ਪਹਿਲਾਂ ਹੀ ਰੋਕਿਆ-
ਅਸ਼ੋਕ ਵਰਮਾ
ਨਵੀਂ ਦਿੱਲੀ, 30 ਜਨਵਰੀ 2021 - ਅੱਜ ਬੀਕੇਯੂ ਏਕਤਾ (ਉਗਰਾਹਾਂ) ਨੇ ਕੁੰਡਲੀ ਬਾਰਡਰ ਵਾਲੇ ਕਿਸਾਨਾਂ ਦੀ ਹਮਾਇਤ ਵਿਚ ਸੂਬਾ ਆਗੂ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਕਾਫ਼ਲਾ ਰਵਾਨਾ ਕੀਤਾ ਗਿਆ ਜਿਸਨੂੰ ਭਾਰੀ ਪੁਲਿਸ ਫੋਰਸ ਵਲੋਂ ਇਸ ਮੋਰਚੇ ਤੋਂ ਕੁਝ ਦੂਰੀ ਤੇ ਹੀ ਰੋਕ ਲਿਆ। ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਇਹ ਸਰਕਾਰ ਵੱਲੋਂ ਆਰ ਐਸ ਐਸ ਦੇ ਗੁੰਡਿਆਂ ਰਾਹੀਂ ਕਰਵਾਏ ਜਾ ਰਹੇ ਹਮਲਿਆਂ ਅੱਗੇ ਡਟੇ ਬੈਠੇ ਕਿਸਾਨਾਂ ਦੀ ਤਾਕਤ ਵਧਾਉਣ ਲਈ ਇਥੇ ਪੁੱਜਿਆ ਸੀ ਅਤੇ ਪੁਲਿਸ ਵੱਲੋਂ ਇਸਨੂੰ ਰੋਕਣ ਦੀ ਕਾਰਵਾਈ ਕਿਸਾਨ ਮੋਰਚੇ ਤੇ ਹਮਲੇ ਕਰਨ ਵਾਲੇ ਆਰ ਐਸ ਐਸ ਦੇ ਟੋਲਿਆਂ ਨਾਲ਼ ਮਿਲੀਭੁਗਤ ਦਾ ਸਿੱਟਾ ਹੈ। ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ 26 ਜਨਵਰੀ ਵਾਲੇ ਦਿਨ ਰਿੰਗ ਰੋਡ 'ਤੇ ਹੀ ਮਾਰਚ ਕਰਨ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਲੀਡਰਸ਼ਿਪ ਦਾ ਫ਼ੈਸਲਾ ਦਰੁਸਤ ਨਹੀਂ ਸੀ ਜਿਹੜਾ ਖ਼ਾਲਿਸਤਾਨੀ ਫਿਰਕੂ ਤੱਤਾਂ ਲਈ ਸਰਕਾਰ ਦੀ ਲਾਲ ਕਿਲੇ ਵਾਲੀ ਸਾਜ਼ਿਸ਼ ਨੂੰ ਲਾਗੂ ਕਰਨ ਦਾ ਇੱਕ ਸਾਧਨ ਬਣ ਗਿਆ ।
ਇਸ ਵਜ੍ਹਾ ਕਾਰਨ ਹੀ ਕਿਸਾਨਾਂ 'ਤੇ ਹਮਲੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਖੇਤੀ ਕਾਨੂੰਨ ਰੱਦ ਕਰਾਉਣ ਲਈ ਕੁੰਡਲੀ ਬਾਰਡਰ 'ਤੇ ਡਟੇ ਕਿਸਾਨ ਇਸ ਅੰਦੋਲਨ ਦਾ ਹਿੱਸਾ ਹਨ ਤੇ ਜਥੇਬੰਦੀ ਉਨ੍ਹਾਂ ਦੀ ਸਹਾਇਤਾ ਲਈ ਆਪਣੀ ਪੂਰੀ ਤਾਕਤ ਨਾਲ ਡਟੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਆਲੇ ਦੁਆਲੇ ਲੱਗੇ ਕਿਸੇ ਵੀ ਮੋਰਚੇ 'ਤੇ ਕਿਸਾਨਾਂ ਦੀ ਸਹਾਇਤਾ ਲਈ ਉਨ੍ਹਾਂ ਦੀ ਜਥੇਬੰਦੀ ਅਜਿਹੇ ਜਥੇ ਭੇਜਣ ਵਾਸਤੇ ਤਿਆਰ ਬਰ ਤਿਆਰ ਹੈ
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿੱਕਰੀ ਬਾਰਡਰ ਤੇ ਪਕੌੜਾ ਚੌਂਕ ਨੇੜੇ ਲੱਗੀ ਸਟੇਜ 'ਤੇ ਹੋਏ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਦਰਬਾਰਾ ਸਿੰਘ ਛਾਜਲਾ ਅਤੇ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਤੇ ਮੋਦੀ ਸਰਕਾਰ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਰਕਾਰ ਨੇ ਖ਼ਾਲਸਤਾਨੀ ਫਿਰਕੂ ਤਾਕਤਾਂ ਰਾਹੀਂ ਲਾਲ ਕਿਲੇ 'ਤੇ ਝੰਡਾ ਚੜ੍ਹਵਾ ਕੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿੱਚ ਧਾਰਮਿਕ ਵੰਡੀਆਂ ਪਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਹਰਿਆਣੇ ਦੇ ਕਿਸਾਨਾਂ ਨੇ ਪਰਿਵਾਰਾਂ ਸਮੇਤ ਦਸ ਕਿਲੋਮੀਟਰ ਦੇ ਲੰਮੇ ਕਾਫ਼ਲੇ ਨੇ ਟਿਕਰੀ ਬਾਰਡਰ 'ਤੇ ਬੈਠੇ ਸੰਘਰਸ਼ੀ ਕਿਸਾਨਾਂ ਲਈ ਦੁੱਧ ਸਬਜ਼ੀਆਂ ਰਾਸ਼ਨ ਭੇਜ ਕੇ ਸਰਕਾਰ ਦੀ ਇਹ ਸਾਜਿਸ਼ ਵੀ ਨਾਕਾਮ ਕਰ ਦਿੱਤੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਸਟੇਜ 'ਤੇ ਛੇ ਕਿਸਾਨ ਹੜਤਾਲ ਲਈ ਵੀ ਬੈਠੇ ।
ਅੱਜ ਦੀ ਸਟੇਜ 'ਤੇ ਪੰਜਾਬ ਤੋਂ ਮਿੱਟੀ ਲੈ ਕੇ ਪਹੁੰਚੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੇ ਆਪਣੇ ਭਾਸ਼ਣ ਰਾਹੀਂ ਕਿਹਾ ਕਿ ਮੈਂ ਇਸ ਮਿੱਟੀ ਦੀ ਸੌਂਹ ਖਾਹ ਕੇ ਕਹਿੰਦਾ ਹਾਂ ਕਿ ਸਾਰਾ ਪੰਜਾਬ ਇਸ ਸੰਘਰਸ਼ ਦੇ ਨਾਲ ਹੈ ।ਉਹਨਾਂ ਕਿਹਾ ਕਿ 26 ਜਨਵਰੀ ਤੱਕ ਘੋਲ ਦੋ ਪੜਾਵਾਂ ਵਿਚੋਂ ਲੰਘ ਚੁੱਕਿਆ ਹੈ ਤੇ ਤੀਜੇ ਪੜਾਅ ਵਿੱਚ ਦਾਖ਼ਲ ਹੋ ਗਿਆ ਅਤੇ ਇਹ ਸੰਘਰਸ਼ ਹਰ ਹਾਲਤ ਜਿੱਤ ਕੇ ਹੀ ਸਮਾਪਤ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਬਾਪੂਆਂ ( ਕਿਸਾਨ ਜਥੇਬੰਦੀਆਂ ਦੇ ਆਗੂਆਂ ) ਦੀ ਅਗਵਾਈ ਅਨੁਸਾਰ ਵਿੱਚ ਚੱਲ ਰਹੇ ਸ਼ਾਂਤਮਈ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ।ਅੱਜ ਸਟੇਜ ਦੀ ਸਮਾਪਤੀ ਪਹਿਲਾਂ ਕਰਨ ਤੋਂ ਬਾਅਦ ਭਾਰਤੀ ਕਿਸਾਨ ਦਸ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਰੈਕਟਰਾਂ ਉਤੇ ਦੋ ਮਹੀਨਿਆਂ ਤੋਂ ਵਸੇ ਰਹੇ ਪੰਜਾਬ ਦੇ ਸੰਘਰਸ਼ੀ ਪਿੰਡਾਂ ਵਿਚ ਲਗਭਗ 20 ਕਿਲੋਮੀਟਰ ਲੰਬਾ ਮਾਰਚ ਕੀਤਾ ਤੇ ਫਾਸ਼ੀ ਹਮਲੇ ਦੇ ਟਾਕਰੇ ਲਈ ਤਿਆਰੀ ਦਾ ਮੁਜ਼ਾਹਰਾ ਕੀਤਾ ।