ਪਟਿਆਲਾ, 17 ਸਤੰਬਰ, 2016 : ਧਰਮਾਂ ਦੀ ਬੇਅਦਬੀ ਅਤੇ ਸਿੱਖੀ ਸਰੂਪ 'ਤੇ ਟਿਪਣੀਆਂ ਕਰਨ ਵਾਲੀ ਆਮ ਆਦਮੀ ਪਾਰਟੀ ਪੰਜਾਬ ਵਿਚ ਤੀਲਾ ਤੀਲਾ ਹੋ ਗਈ ਹੈ । ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਰਾਜਪੁਰਾ ਨੇੜਲੇ ਪਿੰਡ ਧੁੰਮਾ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਸਵਰਗਵਾਸੀ ਪਿਤਾ ਬਾਪੂ ਤਰਲੋਚਨ ਸਿੰਘ ਧੁੁੰਮਾਂ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ।
ਸ. ਮਜੀਠੀਆ ਨੇ ਕਿਹਾ ਕਿ ਆਪ ਦੇ ਸਾਬਕਾ ਆਗੂ ਸ. ਸੁੱਚਾ ਸਿੰਘ ਛੋਟੇਪੁਰ ਵੀ ਹੁਣ ਆਮ ਆਦਮੀ ਪਾਰਟੀ ਨੂੰ ਪਾਪੀ ਪਾਰਟੀ ਦਾ ਨਾਮ ਦੇ ਰਹੇ ਹਨ । ਸ. ਮਜੀਠੀਆ ਨੇ ਕਿਹਾ ਕਿ ਆਪ ਦੇ ਆਗੂ ਕਿੰਗਰਾ ਨੇ ਵੀ ਇਹ ਪ੍ਰਗਟਾਵਾ ਕੀਤਾ ਹੈ ਕਿ ਆਪ ਦੇ ਆਗੂ ਦੁਰਗੇਸ਼ ਪਾਠਕ ਸਿੱਖੀ ਸਰੂਪ ਬਾਰੇ ਬਹੁਤ ਮਾੜੀਆਂ ਟਿਪਣੀਆਂ ਕਰ ਰਹੇ ਹਨ । ਸ. ਮਜੀਠੀਆ ਨੇ ਕਿਹਾ ਕਿ ਸਿੱਖਾਂ ਦੇ ਗੁਰੁੂਆਂ ਨੇ ਦੂਸਰੇ ਧਰਮਾਂ ਦੀ ਰੱਖਿਆ ਖਾਤਰ ਕੁਰਬਾਨੀਆਂ ਦਿਤੀਆਂ ਅਤੇ ਸਿੱਖਾਂ ਨੇ ਦੇਸ਼ ਦੀ ਆਜਾਦੀ ਦੀ ਲੜਾਈ ਵਿਚ ਵਿਸ਼ੇਸ਼ ਯੋਗਦਾਨ ਪਾਇਆ ਪਰ ਆਪ ਦੇ ਆਗੂ ਇਸ ਕੌਮ ਦੇ ਸਿੱਖੀ ਸਰੂਪ ਬਾਰੇ ਟਿਪਣੀਆਂ ਕਰਕੇ ਆਪਣੀ ਮਾੜੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ । ਸ. ਮਜੀਠੀਆ ਨੇ ਕਿਹਾ ਕਿ ਆਪ ਆਗੂ ਗੁਰਪ੍ਰੀਤ ਘੁੱਗੀ ਨੇ ਹੁਣ ਆਪ ਦੇ ਦਾਗੀ ਆਗੂਆਂ ਦੀ ਤੁਲਨਾ ਪੰਜ ਪਿਆਰੀਆਂ ਨਾਲ ਕਰਕੇ ਨਵਾਂ ਕਾਰਾ ਕਰ ਦਿੱਤਾ ਹੈ । ਸ. ਮਜੀਠੀਆ ਨੇ ਕਿਹਾ ਕਿ ਇਸ ਪਾਰਟੀ ਦੇ ਆਗੂ ਸੱਤਾ ਦੀ ਲਾਲਸਾ ਵਿਚ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੇ ਹਨ ।
ਪੱਤਰਕਾਰਾਂ ਵੱਲੋਂ ਮੁਹਾਲੀ ਹਵਾਈ ਅੱਡੇ ਦੇ ਨਾਮ ਬਾਰੇ ਹਰਿਆਣਾ ਵੱਲੋਂ ਦਿਤੇ ਪ੍ਰਤੀਕਰਮ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਮਜੀਠੀਆ ਨੇ ਕਿਹਾ ਕਿ ਇਹ ਹਵਾਈ ਅੱਡਾ ਪੰਜਾਬ ਦੀ ਧਰਤੀ 'ਤੇ ਬਣਿਆ ਹੈ । ਇਸ ਲਈ ਪੰਜਾਬ ਹੀ ਇਸਦਾ ਨਾਮ ਰੱਖਣ ਦਾ ਹੱਕਦਾਰ ਹੈ । ਉਹਨਾ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਸ ਅੰਤਰ-ਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀ- ਏ- ਆਜ਼ਮ ਸ. ਭਗਤ ਸਿੰਘ ਦੇ ਨਾਮ 'ਤੇ ਰੱਖਣ ਦੀ ਗੱਲ ਕਰ ਰਹੇ ਹਾਂ ਜਿਸ ਤੇ ਹਰਿਆਣਾ ਨੂੰ ਕੋਈ ਇਤਰਾਜ ਨਹੀ ਹੋਣਾ ਚਾਹੀਦਾ । ਇਸ ਮੌਕੇ ਸ. ਮਜੀਠੀਆ ਦੇ ਨਾਲ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ, ਸ. ਸੁਰਜੀਤ ਸਿੰਘ ਗੜੀ , ਸ੍ਰੀ ਹਰਪਾਲ ਜੁਨੇਜਾ, ਸ੍ਰੀ ਜਸਵਿੰਦਰ ਸਿੰਘ ਜੱਸੀ , ਸ੍ਰੀ ਰਣਜੀਤ ਸਿੰਘ ਰਾਣਾ ਅਤੇ ਹੋਰ ਕਈ ਪਤਵੰਤੇ ਵੀ ਹਾਜਰ ਸਨ ।