ਨਵਾਂਸ਼ਹਿਰ 13 ਫਰਵਰੀ 2021 - ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉੱਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਮੌਜੂਦਾ ਕਿਸਾਨੀ ਘੋਲ ਵਿਚ ਸ਼ਹੀਦ ਹੋਏ ਕਿਸਾਨਾਂ ਅਤੇ ਪੁਲਵਾਮਾ ਕਾਂਡ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਮੋਮਬੱਤੀਆਂ ਜਗਾਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ ਅਤੇ 18 ਫਰਵਰੀ ਨੂੰ ਦੁਪਹਿਰ12ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਰੇਲਵੇ ਸਟੇਸ਼ਨ ਨਵਾਂਸ਼ਹਿਰ ਵਿਖੇ ਜਿਲਾ ਪੱਧਰੀ ਧਰਨਾ ਲਾਇਆ ਜਾਵੇਗਾ।
ਅੱਜ ਰਿਲਾਇੰਸ ਕੰਪਨੀ ਦੇ ਸਥਾਨਕ ਸੁਪਰ ਸਟੋਰ ਅੱਗੇ ਚੱਲ ਰਹੇ ਕਿਸਾਨੀ ਧਰਨੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਜਿਲਾ ਆਗੂਆਂ ਸੁਰਿੰਦਰ ਸਿੰਘ ਬੈਂਸ ਅਤੇ ਹਰਮਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਸੰਸਦ ਵਿਚ ਖਲੋਕੇ ਦੇਸ਼ ਦੇ ਅੰਨਦਾਤਾ ਲਈ 'ਪ੍ਰਜੀਵੀ' ਸ਼ਬਦ ਦੀ ਵਰਤੋਂ ਕਰੇ ਤਾਂ ਸਮਝ ਲੈਣਾਂ ਚਾਹੀਦਾ ਹੈ ਉਸਦੇ ਮੰਨ ਵਿਚ ਅੰਦੋਲਨਕਾਰੀ ਕਿਸਾਨਾਂ ਵਿਰੁੱਧ ਕਿੰਨੀ ਜ਼ਹਿਰ ਭਰੀ ਹੋਈ ਹੈ। ਆਗੂਆਂ ਨੇ ਕਿਹਾ ਕਿ ਦਿੱਲੀ ਦਾ ਕਿਸਾਨੀ ਘੋਲ ਸੰਯੁਕਤ ਕਿਸਾਨ ਮੋਰਚੇ ਦੀ ਤਜਰਬੇਕਾਰ ਅਤੇ ਸਿਆਣੀ ਲੀਡਰਸ਼ਿਪ ਦੀ ਅਗਵਾਈ ਵਿਚ ਪੰਜਾਬ ਅਤੇ ਹਰਿਆਣਾ ਦੇ ਬੰਨੇ ਟੱਪ ਕੇ ਦੇਸ਼ ਪੱਧਰ ਉੱਤੇ ਫੈਲ ਚੁੱਕਾ ਹੈ ਜਿਸਨੂੰ ਹੁਣ ਜੇਤੂ ਹੋਣ ਤੋਂ ਮੋਦੀ ਸਰਕਾਰ ਦਾ ਕੋਈ ਵੀ ਹੱਥਕੰੰਡਾ ਰੋਕ ਨਹੀਂ ਸਕਦਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ,ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਦੋਆਬਾ ਕਿਸਾਨ ਯੂਨੀਅਨ ਦੇ ਆਗੂ ਸੱਜਣ ਸਿੰਘ ਭੱਠਲ ਅਤੇ ਜਸਵੰਤ ਸਿੰਘ ਭੱਠਲ ਵੀ ਮੌਜੂਦ ਸਨ।