ਅਸ਼ੋਕ ਵਰਮਾ
- ਕਿਸਾਨ ਮੋਰਚੇ ਨੇ ਨੌਜਵਾਨਾਂ ਤੋਂ ਨਸ਼ੇੜੀ ਦੇ ਦਾਗ਼ ਧੋਤੇ
ਨਵੀਂ ਦਿੱਲੀ, 26 ਫਰਵਰੀ 2021 - ਵਿੱਦਿਅਕ ਯੋਗਤਾ ਅਤੇ ਹੁਨਰੀ ਕਿੱਤੇ ਦੇ ਹਿਸਾਬ ਨਾਲ ਨੌਜਵਾਨਾਂ ਨੂੰ ਦੇਸ਼ ਵਿੱਚ ਪੱਕੇ ਰੁਜ਼ਗਾਰ ਦੀ ਲੋਡ਼ ਹੈ ਪਰ ਸਰਕਾਰ ਵੱਲੋਂ ਰੁਜ਼ਗਾਰ ਦੇ ਪੱਕੇ ਪ੍ਰਬੰਧ ਨਾ ਹੋਣ ਕਾਰਨ ਦੇਸ਼ ਦੀ ਕਿਰਤ ਸ਼ਕਤੀ ( ਨੌਜਵਾਨ ) ਵਿਦੇਸ਼ਾਂ ਵੱਲ ਜਾ ਰਹੀ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਨੌਜਵਾਨ ਦਿਵਸ ਮੌਕੇ ਟਿਕਰੀ ਬਾਰਡਰ 'ਤੇ ਬੀਕੇਯੂ ਏਕਤਾ ਉਗਰਾਹਾਂ ਦੀ ਸਟੇਜ ਤੋਂ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਨੌਜਵਾਨ ਕਿਸਾਨ ਆਗੂ ਯੁਵਰਾਜ ਸਿੰਘ ਘੁਡਾਣੀ ਅਤੇ ਗੁਰਬਾਜ ਫ਼ਾਜ਼ਿਲਕਾ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਨਿੱਜੀਕਰਨ ਦੀ ਨੀਤੀ ਤੇ ਚੱਲਦਿਆਂ ਦੇਸ਼ ਦੇ ਹਾਕਮਾਂ ਵੱਲੋਂ ਸਰਕਾਰੀ ਅਦਾਰਿਆਂ ਵਿੱਚ ਰੁਜ਼ਗਾਰ ਛਾਂਗ ਦਿੱਤਾ ਹੈ ਅਤੇ ਖੇਤੀ ਵਿਰੋਧੀ ਨੀਤੀਆਂ ਦੇ ਸਿੱਟੇ ਵਜੋਂ ਖੇਤੀ ਖੇਤਰ ਵਿੱਚ ਰੁਜ਼ਗਾਰ ਸੁੰਗੜ ਗਿਆ ਹੈ ।
ਉਹਨਾਂ ਕਿਹਾ ਕਿ ਰੁਜ਼ਗਾਰ ਦਾ ਪ੍ਰਬੰਧ ਨਾ ਹੋਣ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਨੌਜਵਾਨ ਜਾਂ ਤਾਂ ਨਸ਼ੇ ਦਾ ਸਹਾਰਾ ਲੈਂਦੇ ਹਨ ਜਾਂ ਗੁੰਡਾ ਗਰੋਹਾਂ ਵੱਲ ਖਿੱਚੇ ਜਾਂਦੇ ਹਨ ਪਰ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਚ ਨੌਜਵਾਨਾਂ ਨੇ ਅਹਿਮ ਭੂਮਿਕਾ ਅਦਾ ਕਰਕੇ ਨੌਜਵਾਨਾਂ ਉੱਤੇ ਨਸ਼ੇੜੀ ਹੋਣ ਦੇ ਲੱਗ ਰਹੇ ਦੋਸ਼ਾਂ ਦੇ ਦਾਗ਼ ਧੋ ਦਿੱਤੇ ਹਨ । ਉਹਨਾਂ ਕਿਹਾ ਕਿ ਬੇਰੁਜ਼ਗਾਰੀ ਦੀ ਬਦੌਲਤ ਨੌਜਵਾਨ ਅੱਜ਼ ਏਜੰਟਾਂ ਦੇ ਧੱਕੇ ਚੜ੍ਹ ਕੇ ਵਿਦੇਸ਼ ਜਾਣ ਲਈ ਲੁੱਟ ਦਾ ਸ਼ਿਕਾਰ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੇ ਲਈ ਖੇਤੀ ਵਿਰੋਧੀ ਕਾਨੂੰਨ ਲਾਗੂ ਕਰਨ ਤੇ ਅੜੀ ਹੋਈ ਹੈ।
ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਸਰਕਾਰੀ ਅਦਾਰਿਆਂ ਦੀਆਂ ਖਾਲੀ ਪਈਆਂ ਪੋਸਟਾਂ ਵਿੱਚ ਪੱਕੀ ਭਰਤੀ ਕੀਤੀ ਜਾਵੇ ਅਤੇ ਹੋਰ ਪੋਸਟਾਂ ਕੱਢੀਆਂ ਜਾਣ , ਵੱਡੀ ਮਸ਼ੀਨਰੀ ਤਿਆਗ ਕੇ ਛੋਟੀ ਮਸ਼ੀਨਰੀ ਦੀ ਤਕਨੀਕ ਲਿਆ ਕੇ ਖੇਤੀ ਵਿੱਚ ਰੁਜ਼ਗਾਰ ਵਧਾਇਆ ਜਾਵੇ , ਸਾਰੇ ਪੜ੍ਹੇ ਲਿਖੇ ,ਅੱਧ ਪੜ੍ਹੇ ਅਤੇ ਅਨਪੜ੍ਹ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ । ਪੜ੍ਹਾਈਆਂ ਦਾ ਖ਼ਰਚਾ ਨਾ ਚੁੱਕਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਤਕ ਸਰਕਾਰੀ ਵਿੱਦਿਆ ਦਾ ਪ੍ਰਬੰਧ ਕੀਤਾ ਜਾਵੇ ।ਮੋਰਚੇ ਚ ਪਹੁੰਚੇ ਉੱਘੇ ਗਾਇਕ ਰਵਿੰਦਰ ਗਰੇਵਾਲ ਨੇ " ਕਣਕਾਂ ਹਵਾਵਾਂ ਤਾਈਂ ਕਹਿਣ ਲੱਗੀਆਂ ਕਦੋਂ ਜਿੱਤ ਕੇ ਕਿਸਾਨ ਆਉਣਗੇ " ਗੀਤ ਰਾਹੀਂ ਮੋਰਚੇ ਚ ਸ਼ਾਮਲ ਕਿਸਾਨਾਂ ਨੌਜਵਾਨਾਂ ਚ ਜੋਸ਼ ਭਰਿਆ ।
ਰਵਿੰਦਰ ਗਰੇਵਾਲ ਨੇ ਆਪਣੇ ਭਾਸ਼ਣ ਰਾਹੀਂ ਕਿਹਾ ਕਿ ਮੋਦੀ ਸਰਕਾਰ ਨੂੰ ਭੁਲੇਖਾ ਸੀ ਕਿ ਕਿਸਾਨ ਅਨਪੜ੍ਹ ਹਨ ਅਤੇ ਆਪਣੀ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਅਸੀਂ ਇਹ ਕਾਲੇ ਕਾਨੂੰਨ ਲਾਗੂ ਕਰ ਦੇਵਾਂਗੇ ।ਸਰਕਾਰ ਨੇ ਐਸਵਾਈਐਲ ਵਰਗੇ ਅਤੇ ਧਰਮਾਂ ਦੇ ਮੁੱਦੇ ਰਾਹੀਂ ਕਿਸਾਨਾਂ ਨੂੰ ਪਾੜਨ ਦਾ ਪਤਾ ਚਲਾਇਆ ਪਰ ਧਰਮ ,ਇਲਾਕਾਈ ਅਤੇ ਜਾਤਾਂ ਤੋਂ ਉੱਪਰ ਉੱਠ ਕੇ ਚੱਲ ਰਹੇ ਭਾਰਤ ਦੇ ਕਿਸਾਨਾਂ ਦੇ ਘੋਲ ਤੋਂ ਕੇਂਦਰ ਸਰਕਾਰ ਘਬਰਾਈ ਹੋਈ ਹੈ ।ਅੱਜ ਦੇ ਇਕੱਠ ਨੂੰ ਹੈਪੀ ਨਮੋਲ ,ਬਿੱਟੂ ਮੱਲਣ ,ਹਰਿੰਦਰ ਬਿੰਦੂ ,ਜਸਵੰਤ ਸਿੰਘ ਤੋਲਾਵਾਲ ,ਹਿੰਦ ਨੌਜਵਾਨ ਏਕਤਾ ਸਭਾ ਦਿੱਲੀ ਦੇ ਪ੍ਰਧਾਨ ਲੋਕੇਸ਼ ਕੁਮਾਰ ,ਹਰਿਆਣਾ ਤੋਂ ਵਰਿੰਦਰ ਅਤੇ ਮਹੀਪਾਲ ਨੇ ਵੀ ਸੰਬੋਧਨ ਕੀਤਾ ।