ਫਗਵਾੜਾ, 12 ਫਰਵਰੀ 2021 - ਪੰਜਾਬੀ ਕਾਲਮਨਵੀਸ ਪੱਤਰਕਾਰ (ਰਜਿ:) ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਕਿਸਾਨੀ ਘੋਲ ਦੌਰਾਨ ਤੇ ਵਿਸ਼ੇਸ਼ ਕਰਕੇ 26 ਜਨਵਰੀ 2021 ਦੇ ਘਟਨਾਕ੍ਰਮ ਤੋ ਬਾਅਦ ਨੌਦੀਪ ਕੌਰ ਸਮੇਤ ਕਈ ਮਜ਼ਦੂਰ ਆਗੂ ਵੀ ਗ੍ਰਿਫਤਾਰ ਕੀਤੇ ਗਏ। ਉਨ੍ਹਾਂ 'ਤੇ ਪੁਲੀਸ ਤਸ਼ੱਦਦ ਦੀਆਂ ਵੀ ਖਬਰਾਂ ਹਨ। ਉਸ ਨੂੰ ਨਾ ਤਾਂ ਉਨ੍ਹਾਂ ਨੂੰ ਪਰਿਵਾਰਾਂ ਨਾਲ ਮਿਲਾਇਆ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਬਾਰੇ ਪੁਖਤਾ ਜਾਣਕਾਰੀ ਦਿੱਤੀ ਜਾ ਰਹੀ ਹੈ। ਟਰੇਡ ਯੂਨੀਅਨ ਕਾਰਕੁਨ ਨੌਦੀਪ ਕੌਰ ਅਤੇ ਹੋਰ ਆਗੂ ਪਹਿਲਾਂ ਹੀ ਥਾਣੇ ਚ ਪੁਲਿਸ ਤਸ਼ੱਦਦ ਝੱਲਣ ਤੋਂ ਬਾਅਦ ਜੇਲ੍ਹ ਚ ਹਨ। ਭਾਜਪਾ ਹਕੂਮਤ ਖੇਤੀ ਕਨੂੰਨਾਂ ਵਿਰੁੱਧ ਲੋਕ ਲਹਿਰ ਨੂੰ ਮਿਲ਼ ਰਹੀ ਵਡੇਰੀ ਹਿਮਾਇਤ ਤੋਂ ਬੁਰੀ ਤਰਾਂ ਬੁਖਲਾਈ ਹੋਈ ਹੈ। ਤਸੱਲੀ ਵਾਲੀ ਗੱਲ ਹੈ ਕਿ ਮੁਲਕ ਤੇ ਮੁਲਕ ਦੇ ਬਾਹਰੋ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਉਠਾਈ ਜਾ ਰਹੀ ਹੈ।
ਪੱਤਰਕਾਰ ਮੰਚ ਇਹ ਮਹਿਸੂਸ ਕਰਦਾ ਹੈ ਕਿ ਮੋਦੀ-ਸ਼ਾਹ ਜੋੜੀ ਦੀ ਸਰਕਾਰ ਵੱਲੋ ਪਾਸ ਖੇਤੀ ਕਾਨੂੰਨਾਂ ਜਿੰਨੇ ਹੀ ਸੋਧੇ ਕਿਰਤ ਕਾਨੂੰਨ ਵੀ ਕਿਰਤ ਤੇ ਕਿਰਤੀਆਂ ਲਈ ਘਾਤਕ ਹਨ। ਇਸ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਨਾਲ-ਨਾਲ ਕਿਰਤ ਕਾਨੂੰਨ ਦੇ ਖਿਲਾਫ਼ ਲੜਾਈ ਲੜੇ ਜਾਣ ਦੀ ਵੀ ਲੋੜ ਹੈ। ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ, ਜਨਰਲ ਸਕੱਤਰ ਗੁਰਚਰਨ ਸਿੰਘ ਨੂਰਪੁਰ ਅਤੇ ਮੀਡੀਆ ਕੋਆਰਡੀਨੇਟਰ ਸੁਰਿੰਦਰ ਮਚਾਕੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਦੀਪ ਕੌਰ ਅਤੇ ਹੋਰ ਮਜ਼ਦੂਰ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।