← ਪਿਛੇ ਪਰਤੋ
ਪਟਿਆਲਾ, 2 ਸਤੰਬਰ, 2016 : ਪਟਿਆਲਾ ਦੇ ਪੱਤਰਕਾਰਾਂ ਦੀ ਪ੍ਰਤੀਸ਼ਠਤ ਸੰਸਥਾ ਪਟਿਆਲਾ ਮੀਡੀਆ ਕਲੱਬ ਦੀ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬੱਸੀ ਪਠਾਣਾਂ ਵਿਖੇ ਹੋਏ ਪ੍ਰੋਗਰਾਮ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ ਅਤੇ ਪੱਤਰਕਾਰਾਂ ਖਿਲਾਫ ਵਰਤੀ ਗਈ ਭੱਦੀ ਤੇ ਬੇਹੱਦ ਇਤਰਾਜ਼ਯੋਗ ਸ਼ਬਦਾਵਲੀ ਦਾ ਗੰਭੀਰ ਨੋਟਿਸ ਲੈਂਦਿਆਂ ਉਹਨਾਂ ਦੇ ਪ੍ਰੋਗਰਾਮਾਂ ਦਾ ਮੁਕੰਮਲ ਬਾਈਕਾਟ ਕਰਨ ਤੇ ਰਾਜਸੀ ਗਤੀਵਿਧੀਆਂ ਦੀ ਕਵਰੇਜ ਨਾ ਕਰਨ ਦਾ ਫੈਸਲਾ ਕੀਤਾ ਗਿਆ। ਮੈਂਬਰਾਂ ਨੇ ਸਰਬਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਕਿ 6 ਸਤੰਬਰ ਨੂੰ ਘਨੌਰ ਰੈਲੀ ਵਿਚ ਪਹੁੰਚ ਰਹੇ ਸੰਸਦ ਮੈਂਬਰ ਭਗਵੰਤ ਮਾਨ ਖਿਲਾਫ ਘਨੌਰ ਜਾ ਕੇ ਰੋਸ ਵਿਖਾਵਾ ਕੀਤਾ ਜਾਵੇ ਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾਣ ਤੇ ਮੀਡੀਆ ਭਾਈਚਾਰੇ ਨਾਲ ਪੂਰੀ ਇਕਜੁੱਟਾ ਵਿਖਾਈ ਜਾਵੇ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਭਗਵੰਤ ਮਾਨ ਦਾ ਇਹ ਵਰਤਾਰਾ ਬੇਹੱਦ ਨਿੰਦਣਯੋਗ ਹੈ , ਜਦੋਂ ਤੱਕ ਭਗਵੰਤ ਮਾਨ ਮੁਆਫੀ ਨਹੀਂ ਮੰਗਦੇ ਅਤੇ ਭਵਿੱਖ ਵਿਚ ਅਜਿਹਾ ਨਾ ਹੋਣ ਦਾ ਭਰੋਸਾ ਨਹੀਂ ਦੁਆਉਂਦੇ ਉਦੋਂ ਤੱਕ ਉਹਨਾਂ ਦੀ ਮੀਡੀਆ ਕਵਰੇਜ ਮੁਕੰਮਲ ਬੰਦ ਰੱਖੀ ਜਾਵੇ। ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਉਣ ਲਈ ਪੰਜਾਬ ਪੁਲਸ ਦੇ ਡੀ ਜੀ ਪੀ ਸ੍ਰੀ ਸੁਰੇਸ਼ ਅਰੋੜਾ ਨੂੰ ਵੀ ਪੱਤਰ ਲਿਖਿਆ ਜਾਵੇ। ਕਲੱਬ ਮੈਂਬਰਾਂ ਨੇ ਚੰਡੀਗੜ ਪ੍ਰੈਸ ਕਲੱਬ ਅਤੇ ਜਲੰਧਰ ਪ੍ਰੈਸ ਕਲੱਬ ਵੱਲੋਂ ਮਾਮਲੇ ਵਿਚ ਲਏ ਸਟੈਂਡ ਦੀ ਸ਼ਲਾਘਾ ਕੀਤੀ। ਇਸ ਮੌਕੇ ਮੈਂਬਰਾਂ ਨੇ ਭਗਵੰਤ ਮਾਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
Total Responses : 267