ਮਨਿੰਦਰਜੀਤ ਸਿੱਧੂ
ਜੈਤੋ, 20 ਜਨਵਰੀ, 2021 - ਨੇੜਲੇ ਪਿੰਡ ਗੁੰਮਟੀ ਖੁਰਦ ਸੇਵੇਵਾਲਾ ਦੇ ਲੋਕਾਂ ਵੱਲੋਂ ਪਿਛਲੇ ਲਗਭਗ 55 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ਉੱਪਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਮੋਰਚੇ ਵਿੱਚ ਆਪਣਾ ਥਾਂ ਮੱਲਿਆ ਹੋਇਆ ਹੈ।ਵਾਰੋ ਵਾਰੀ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਇਸ ਮੋਰਚੇ ਵਿੱਚ ਅੱਪੜ ਰਹੇ ਹਨ ਅਤੇ ਪਿੱਛੋਂ ਪਿੰਡ ਵਾਸੀਆਂ ਵੱਲੋਂ ਵੀ ਮੋਰਚੇ ਉੱਪਰ ਡਟੇ ਸਾਥੀਆਂ ਦੀ ਹਰ ਪੱਖੋਂ ਨਿਸੰਕੋਚ ਮਦਦ ਕੀਤੀ ਜਾ ਰਹੀ ਹੈ।ਮੋਰਚੇ ਉੱਪਰ ਡਟੇ ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਹੈ ਅਤੇ ਅਸੀਂ ਉਸ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤਰ ਹਾਂ ਜਿਸਨੇ ਸਦਾ ਜ਼ੁਲਮ ਅਤੇ ਜਾਬਰ ਖਿਲਾਫ ਲੜਨਾ ਸਿਖਾਇਆ ਹੈ।ਅਸੀਂ ਵੀ ਹੰਕਾਰੇ ਹੋਏ ਇਸ ਪ੍ਰਧਾਨਮੰਤਰੀ ਨੂੰ ਸਬਕ ਸਿਖਾਉਣ ਲਈ ਇੱਥੇ ਆਏ ਹਾਂ ਅਤੇ ਕਾਨੂੰਨ ਵਾਪਸ ਕਰਵਾਏ ਬਿਨਾਂ ਵਾਪਸ ਨਹੀਂ ਪਰਤਣਾ।ਇਸ ਮੌਕੇ ਉੱਥੇ ਸੇਵਕ ਸਿੰਘ, ਬਲਜੀਤ ਸਿੰਘ ਬਬਲਾ, ਗੁਰਮੀਤ ਸਿੰਘ, ਮੋਹਨ ਸਿੰਘ, ਹਰਜਿੰਦਰ ਸਿੰਘ ਉਰਫ ਬਾਬਾ ਬੋਘਾ, ਗੀਪਾ ਨੰਬਰਦਾਰ, ਦਰਸ਼ਨ ਸਿੰਘ, ਸੁਰਜੀਤ ਸਿੰਘ ਘੁੱਕਰ, ਗਗਨਦੀਪ ਸਿੰਘ, ਸੁਖਚੈਨ ਸਿੰਘ, ਹਰਦੇਵ ਸਿੰਘ, ਹਰਬੰਸ ਸਿੰਘ ਅਤੇ ਗੁਰਲਾਲ ਸਿੰਘ ਆਦਿ ਮੌਜੂਦ ਸਨ.