ਬਠਿੰਡਾ, 14 ਅਕਤੂਬਰ, 2016 : ਇੱਥੋਂ ਦੇ ਮਾਡਲ ਟਾਊਨ ਫੇਜ-3 ਵਿਚਲੇ ਦਾਦੀ-ਪੋਤੀ ਪਾਰਕ 'ਚ ਭਾਰਤ ਦੇ ਅਮੀਰ ਵਿਰਸੇ ਅਤੇ ਕਲਾ ਦੀ ਅਲੌਕਿਕ ਪੇਸ਼ਕਾਰੀ ਦਾ ਹੋਕਾ ਦਿੰਦਾ 12 ਰੋਜ਼ਾ ਖੇਤਰੀ ਸਰਸ ਮੇਲਾ ਅੱਜ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ ਜਿਸ ਵਿਚ 25 ਅਕਤੂਬਰ ਤੱਕ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰ, ਦਸਤਕਾਰ, ਸੂਫ਼ੀ ਅਤੇ ਲੋਕ ਗਾਇਕ ਆਪੋ-ਆਪਣੀ ਕਲਾ ਅਤੇ ਫਨ ਦਾ ਮੁਜ਼ਾਹਰਾ ਕਰਨਗੇ।
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਖੇਤਰੀ ਸਰਸ ਮੇਲੇ ਦਾ ਸ਼ਮਾਂ ਰੌਸ਼ਨ ਕਰਕੇ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿਚ ਸ. ਮਲੂਕਾ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਦਸਤਕਾਰਾਂ, ਕਲਾਕਾਰਾਂ ਅਤੇ ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਦੇਸ਼ ਦੇ ਅਮੀਰ ਵਿਰਸੇ ਤੇ ਕਲਾ ਦੀ ਢੁਕਵੀਂ ਪੇਸ਼ਕਾਰੀ ਲਈ ਅਜਿਹੇ ਮੰਚ ਸਮੇਂ ਦੀ ਮੁੱਖ ਲੋੜ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੰਚ ਦਸਤਕਾਰਾਂ ਨੂੰ ਹੱਥੀਂ ਬਣਾਈਆਂ ਦਿਲ ਖਿੱਚਵੀਆਂ ਵਸਤਾਂ ਪ੍ਰਦਰਸ਼ਿਤ ਕਰਨ ਅਤੇ ਵੇਚਣ ਦਾ ਮੌਕਾ ਹੀ ਮੁਹੱਈਆ ਨਹੀਂ ਕਰਵਾਉਂਦੀਆਂ ਸਗੋਂ ਸਵੈ ਸਹਾਇਤਾ ਗਰੁੱਪਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਵੀ ਮਜਬੂਤ ਪੇਸ਼ਕਾਰੀ ਕਰਦੇ ਹਨ। ਪੱਤਰਕਾਰਾਂ ਵਲੋਂ ਪੁੱਛੇ ਇਕ ਸਵਾਲ ਦੇ ਜਵਾਬ 'ਚ ਸ. ਮਲੂਕਾ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੀ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਵਲੋਂ 2 ਸਾਲ ਬਾਅਦ ਹੀ ਮੁੜ ਖੇਤਰੀ ਸਰਸ ਮੇਲਾ ਬਠਿੰਡਾ ਨੂੰ ਦਿੱਤਾ ਗਿਆ ਹੈ।
ਸ. ਮਲੂਕਾ ਨੇ ਵਿਧਾਇਕ ਸ. ਦਰਸ਼ਨ ਸਿੰਘ ਕੋਟਫੱਤਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ. ਗੁਰਪ੍ਰੀਤ ਸਿੰਘ ਮਲੂਕਾ, ਮੇਅਰ ਸ਼੍ਰੀ ਬਲਵੰਤ ਰਾਏ ਨਾਥ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਮੇਲੇ ਦੇ ਨੋਡਲ ਅਫ਼ਸਰ ਡਾ. ਸ਼ੇਨਾ ਅਗਰਵਾਲ ਸਮੇਤ ਵੱਖ-ਵੱਖ ਰਾਜਾਂ ਦੇ ਦਸਤਕਾਰਾਂ ਵਲੋਂ ਲਾਏ ਸਟਾਲਾਂ ਦਾ ਦੌਰਾ ਵੀ ਕੀਤਾ । ਉਨ੍ਹਾ ਇਸ ਮੌਕੇ ਛਤੀਸਗੜ੍ਹ, ਗੁਜਰਾਤ, ਉੱਤਰ ਪ੍ਰਦੇਸ਼, ਅਸਾਮ, ਉੜੀਸਾ, ਜੰਮੂ ਕਸ਼ਮੀਰ, ਮਿਜ਼ੋਰਮ, ਪੱਛਮੀ ਬੰਗਾਲ ਅਤੇ ਰਾਜਸਥਾਨ ਆਦਿ ਦੇ ਸਟਾਲਾਂ ਦੀ ਅਗਵਾਈ ਕਰ ਰਹੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ। ਸ. ਮਲੂਕਾ ਨੇ ਵਿਰਾਸਤੀ ਪਿੰਡ ਦਾ ਦੌਰਾ ਵੀ ਕੀਤਾ।
ਸ. ਮਲੂਕਾ ਨੇ ਬਠਿੰਡਾ ਅਤੇ ਪੰਜਾਬ ਵਾਸੀਆਂ ਨੂੰ ਮੇਲੇ 'ਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਵੱਖ ਵੱਖ ਰਾਜਾਂ ਦੀ ਅਮੀਰ ਕਲਾ ਨੂੰ ਪੇਸ਼ ਕਰਨ ਵਾਲੇ ਸਰਸ ਮੇਲੇ ਵਿਚ ਵੱਧ ਤੋਂ ਵੱਧ ਲੋਕਾਂ ਵਲੋਂ ਸ਼ਿਰਕਤ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਦੱਸਿਆ ਕਿਮੇਲੇ ਵਿੱਚ ਮੁਲਕ ਭਰ ਤੋਂ ਵੱਖ-ਵੱਖ ਸਵੈ-ਸਹਾਇਤਾ ਗਰੁੱਪ 250 ਸਟਾਲ ਲਗਾਏ ਹਨ ਅਤੇ ਇਸ ਵਾਰ ਜਾਦੂ ਦੇ ਸ਼ੋਅ, ਮਨੋਰੰਜਨ ਅਤੇ ਬੱਚਿਆਂ ਲਈ ਸਿਰਜਣਾਤਮਕ ਗਤੀਵਿਧੀਆਂ ਵੀ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਹੋਣਗੀਆਂ।
ਡਾ.ਸ਼ੇਨਾ ਅਗਰਵਾਲ ਨੇ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਵੱਖ-ਵੱਖ ਸੂਬਿਆਂ ਦੇ ਦਸਤਕਾਰਾਂ ਨੂੰ ਢੁਕਵਾਂ ਮੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਅਤੇ ਪੰਜਾਬ ਸਰਕਾਰ ਦੇ ਸਾਂਝੇ ਉੱਦਮ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਨਾ ਸਿਰਫ ਦਸਤਕਾਰਾਂ ਨੂੰ ਆਪਣੀ ਵਸਤਾਂ ਵੇਚਣ ਲਈ ਸਿੱਧਾ ਤੇ ਬਿਹਤਰੀਨ ਮੌਕਾ ਮੁਹੱਈਆ ਕਰਵਾਉਂਦਾ ਹੈ ਸਗੋਂ ਰੁਜ਼ਗਾਰ ਦੇ ਮੌਕੇ ਵੀ ਵਧਾਉਂਦਾ ਹੈ।
ਉਨ੍ਹਾ ਦੱਸਿਆ ਕਿ ਰੋਜ਼ਾਨਾਂ ਸਵੇਰੇ 11:00 ਵਜੇ ਤੋ 12: 00 ਵਜੇ ਤੱਕ ਪ੍ਰਾਇਮਰੀ ਸਕੂਲਾਂ ਅਤੇ 12:00 ਤੋਂ 2:00 ਵਜੇ ਤੱਕ ਸੈਕੰਡਰੀ ਦੇ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 2:00 ਤੋ 3:00 ਵਜੇ ਤੱਕ ਕਾਲਜਾਂ ਦੇ ਵਿਦਿਆਰਥੀਆਂ ਦਾ ਪ੍ਰੋਗਰਾਮ ਹੋਵੇਗਾ ਅਤੇ ਦੁਪਹਿਰ 3:00 ਤੋਂ 5:00 ਵਜੇ ਤੱਕ ਪੰਜਾਬ ਪੁਲਿਸ ਦੇ ਸਭਿਆਚਾਰਕ ਗਰੁੱਪ ਵਲੋਂ ਪ੍ਰੋਗਰਾਮ ਤੋਂ ਇਲਾਵਾ 7:00 ਵਜੇ ਤੱਕ ਵੱਖ ਵੱਖ ਰਾਜਾਂ ਦੇ ਲੋਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਹੋਵੇਗੀ। ਉਨ੍ਹਾਂ ਦੱਸਿਆ ਕਿ 7:00 ਵਜੇ ਤੋਂ 9:00 ਵਜੇ ਤੱਕ ਉੱਘੇ ਪੰਜਾਬੀ ਅਤੇ ਸੂਫ਼ੀ ਗਾਇਕਾਂ ਵਲੋਂ ਆਪਣੇ ਫਨ ਦਾ ਮੁਜਾਹਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਤੋਂ 19 ਅਕਤੂਬਰ ਤੱਕ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਲੰਡਨ ਦੇ ਮਸ਼ਹੂਰ ਗਰੁੱਪ 'ਹਾਊਸ ਆਫ ਪਪਟਸ' ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ 21 ਅਕਤੂਬਰ ਤੋਂ 24 ਅਕਤੂਬਰ ਤੱਕ ਪੂਰੀ ਦੁਨੀਆਂ 'ਚ ਧੁੰਮ ਪਾ ਚੁੱਕੇ ਜੰਮੂ ਕਸ਼ਮੀਰ ਦੇ ਨਟਰੰਗ ਗਰੁੱਪ ਵਲੋਂ ਪੇਸ਼ਕਾਰੀ ਕੀਤੀ ਜਾਇਆ ਕਰੇਗੀ।