ਅਸ਼ੋਕ ਵਰਮਾ
ਨਵੀਂ ਦਿੱਲੀ , 08 ਫਰਵਰੀ 2021: ਟਿਕਰੀ ਬਾਰਡਰ ਤੇ ਪਕੌੜਾ ਚੌਂਕ ਨੇੜੇ ਬੀ ਕੇ ਯੂ (ਏਕਤਾ ਉਗਰਾਹਾਂ ) ਦੀ ਲੱਗੀ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਨੂੰਨ ਰੱਦ ਕਰਨ ਦੀ ਥਾਂ ਇਹਨਾਂ ਦੀ ਵਕਾਲਤ ਅਤੇ ਸੋਧਾਂ ਕਰਨ ਦੀ ਦਲੀਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਨੂੰਨਾਂ ਵਿੱਚ ਮਾਮੂਲੀ ਗਲਤੀ ਦੀ ਸੋਧ ਸਵਾਲ ਹੀ ਨਹੀਂ ਕਿਉਂਕਿ ਇਹ ਕਨੂੰਨ ਕਿਸਾਨ ਤੇ ਦੇਸ਼ ਦੇ ਵਿਰੋਧੀ ਹਨ ਅਤੇ ਸਰਮਾਏਦਾਰੀ ਪੱਖੀ ਹਨ ਇਸ ਲਈ ਪ੍ਰਧਾਨ ਮੰਤਰੀ ਇਹ ਰਾਗ ਅਲਾਪਣਾ ਬੰਦ ਕਰੇ । ਉਹਨਾਂ ਕਿਹਾ ਕਿ ਅੱਜ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਦਿੱਲੀ ਮੋਰਚੇ ਵਿਚ ਡਟੇ ਕਿਸਾਨਾਂ ਨੂੰ ਕੁਝ ਕੁ ਅੰਦੋਲਨਕਾਰੀਆਂ ਦਾ ਸੰਘਰਸ ਕਹਿਣਾ ਕਿਸਾਨਾਂ ਦੇ ਅੰਦੋਲਨ ਦਾ ਅਪਮਾਨ ਹੈ।
ਉਹਨਾਂ ਕਿਹਾ ਕਿ ਜੋ ਆਪਣੇ ਹੱਕਾਂ ਲਈ ਅੰਦੋਲਨ ਕਰਦੇ ਹਨ ਉਹ ਮੁਲਕ ਦੇ ਸੂਝਵਾਨ ਜਾਗਰੂਕ ਨਾਗਰਿਕ ਹਨ ਜਿਹੜੇ ਲੋਕਾਂ ਨੂੰ ਆਪਣੇ ਹੱਕਾਂ ਲਈ ਚੇਤਨ ਕਰ ਕੇ ਸੰਘਰਸ਼ ਕਰਦੇ ਹਨ।ਕਿਸਾਨ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਮਜਦੂਰਾਂ ਦੀ ਭਲਾਈ ਦੇ ਝੂਠੇ ਦਾਅਵੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਚੰਦ ਲੋਕਾਂ ਨੂੰ ਰਾਹਤ ਦੇ ਕੇ ਮੁਲਕ ਦੀ ਭਲਾਈ ਨਹੀਂ ਕਿਹਾ ਜਾ ਸਕਦਾ ਕਿਉਂਕਿ ਮੁਲਕ ਦੇ ਲੋਕਾਂ ਦੀ ਜਮੀਨੀ ਹਕੀਕਤ ਕੁਝ ਹੋਰ ਹੈ । ਉਹਨਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਸਿਰ ਕਰਜੇ ਲਗਾਤਾਰ ਵਧ ਰਹੇ ਹਨ, ਕਰਜਿਆਂ ਅਤੇ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਵਿਚ ਵਾਧਾ ਹੋ ਰਿਹਾ ਹੈ, ਕਿਸਾਨਾਂ ਦੀ ਜਮੀਨ ਵਿਕ ਰਹੀ ਹੈ , ਲੋਕਾਂ ਕੋਲ ਪੂਰੀ ਖਰਾਕ, ਸਿਹਤ ਅਤੇ ਵਿੱਦਿਆ ਦਾ ਪੂਰਾ ਪ੍ਰਬੰਧ ਨਹੀਂ ।
ਬੁਲਾਰਿਆਂ ਨੇ ਸਰਕਾਰ ਤੋਂ ਝੂਠੇ ਦਾਅਵੇ ਛੱਡ ਕੇ ਤਿੰਨੇ ਕਾਲੇ ਕਾਨੂੰਨ, ਬਿਜਲੀ ਸੋਧ ਬਿਲ 2020 ਅਤੇ ਫਸਲਾਂ ਦੀ ਰਹਿੰਦ ਖੂੰਦ ਸਾੜਨ ਤੇ ਜੁਰਮਾਨੇ ਵਾਲਾ ਬਿੱਲ ਰੱਦ ਕਰਨ, ਸਾਰੀਆਂ ਫਸਲਾਂ ਲਾਭਕਾਰੀ ਖਰੀਦ ਮੁੱਲ ਤੈਅ ਕਰਕੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀ ਕਰਨ, ਜਨਤਕ ਵੰਡ ਪ੍ਰਣਾਲੀ ਸਾਰੇ ਗਰੀਬ ਪੇਂਡੂ ਅਤੇ ਸਹਿਰੀ ਲੋਕਾਂ ਤੱਕ ਲਾਗੂ,ਖੇਤੀ ਖੇਤਰ ਵਿਚ ਸਾਮਰਾਜੀਆਂ ਦਾ ਦਾਖਲਾ ਬੰਦ , ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਮਜਦੂਰਾਂ ਸਿਰ ਚੜੇ ਸਾਰੇ ਕਰਜੇ ਖਤਮ ਕਰਨ ਦੀ ਮੰਗ ਕੀਤੀ। ਅੱਜ ਪ੍ਰੋਫੈਸਰ ਵੀਰਪਾਲ ਕੌਰ, ਹਰਪ੍ਰੀਤ ਕੌਰ ਜੇਠੂਕੇ, ਅਮਨਦੀਪ ਮਹਿਲਾਂ, ਹਰਵੰਸ ਸਿੰਘ ਲੱਡਾ, ਸੁਖਭਿੰਦਰ ਸਿੰਘ ਖੁੱਡੀਆਂ, ਹਰਨੇਕ ਸਿੰਘ ਡੇਂਗਰੂ, ਹਰਦੇਵ ਸਿੰਘ ਕੁਲਾਰਾਂ, ਹਰਦੇਵ ਸਿੰਘ ਘੱਗਾ, ਬਰਜਿੰਦਰ ਸਿੰਘ ਸਰਕਾਰੀ ਮਹਿਮਾ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ ਅਤੇ ਹਰਿਆਣਾ ਦੇ ਆਗੂ ਤਸਵੀਰ ਸਿੰਘ ਫੌਗਾਟ ਨੇ ਵੀ ਸੰਬੋਧਨ ਕੀਤਾ।